ਬਿਜਲੀ ਦੀਆਂ ਨੀਵੀਆਂ ਤਾਰਾਂ ਦੇ ਰਹੀਆਂ ਨੇ ਹਾਦਸਿਆਂ ਨੂੰ ਸੱਦਾ

Friday, Sep 08, 2017 - 05:11 AM (IST)

ਬਿਜਲੀ ਦੀਆਂ ਨੀਵੀਆਂ ਤਾਰਾਂ ਦੇ ਰਹੀਆਂ ਨੇ ਹਾਦਸਿਆਂ ਨੂੰ ਸੱਦਾ

ਸੈੱਲਾ ਖੁਰਦ, (ਅਰੋੜਾ)- ਸਥਾਨਕ ਕਸਬੇ ਦੇ ਪੁਲਸ ਚੌਕੀ ਦੇ ਸਾਹਮਣੇ ਵਾਲੇ ਮੁਹੱਲੇ 'ਚ ਬਿਜਲੀ ਦੀਆਂ ਨੀਵੀਆਂ ਲਟਕਦੀਆਂ ਤਾਰਾਂ ਨਾਲ ਕਿਸੇ ਵੀ ਸਮੇਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਪਰ ਵਿਭਾਗ ਦੇ ਕਰਮਚਾਰੀ, ਅਧਿਕਾਰੀ ਅੱਖਾਂ ਬੰਦ ਕਰਕੇ ਇਸ ਕੋਲੋਂ ਲੰਘ ਜਾਂਦੇ ਹਨ ਤੇ ਮੁਹੱਲੇ ਦੇ ਲੋਕ ਇਸ ਪ੍ਰੇਸ਼ਾਨੀ ਦਾ ਕਾਫ਼ੀ ਦਿਨਾਂ ਤੋਂ ਸਾਹਮਣਾ ਕਰ ਰਹੇ ਹਨ। ਉਕਤ ਮੁਹੱਲੇ ਦੇ ਲੋਕਾਂ ਨੇ ਵੱਡੀ ਗਿਣਤੀ 'ਚ ਦੱਸਿਆ ਕਿ ਬਿਜਲੀ ਦੀਆਂ ਇਹ ਖ਼ਤਰਨਾਕ ਤਾਰਾਂ ਮੁਹੱਲੇ ਅੰਦਰ ਪੀਂਘ ਵਾਂਗ ਬਹੁਤ ਨੀਵੀਆਂ ਹਨ, ਜਿਸ 'ਚ ਕੋਈ ਵੀ ਵ੍ਹੀਕਲ ਕਿਸੇ ਵੀ ਸਮੇਂ ਫਸ ਸਕਦਾ ਹੈ ਤੇ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਪਰ ਵਿਭਾਗ ਇਸ ਵੱਲ ਬਿਲਕੁੱਲ ਧਿਆਨ ਨਹੀਂ ਦੇ ਰਿਹਾ। 
ਇਸ ਤੋਂ ਇੰਝ ਜਾਪਦਾ ਹੈ ਕਿ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਮਨੁੱਖੀ ਜਾਨਾਂ ਦੀ ਰਤਾ ਭਰ ਵੀ ਚਿੰਤਾ ਨਹੀਂ ਹੈ। ਵਿਭਾਗ ਦੀ ਅਣਗਹਿਲੀ ਕਾਰਨ ਲੋਕਾਂ 'ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। 
ਜਲਦ ਉੱਚੀਆਂ ਕਰਾਂਗੇ ਤਾਰਾਂ ਵਿਭਾਗ ਦੇ ਸਥਾਨਕ ਐੱਸ. ਡੀ. ਓ. ਨੂੰ ਜਦ ਲੋਕਾਂ ਦੀ ਇਸ ਮੁਸ਼ਕਿਲ ਬਾਰੇ ਜਾਣੂ ਕਰਵਾਇਆ ਤਾਂ ਉਨ੍ਹਾਂ ਇਹ ਤਾਰਾਂ ਛੇਤੀ ਉੱਚੀਆਂ ਕਰਨ ਦਾ ਭਰੋਸਾ ਦਿੱਤਾ। ਹੁਣ ਦੇਖਦੇ ਹਾਂ, ਇਸ ਫਰਮਾਨ ਨੂੰ ਕਿੰਨੀ ਜਲਦੀ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ।


Related News