ਡੇਰਾ ਮੁਖੀ ਮਾਮਲਾ : ਪੰਜਾਬ, ਹਰਿਆਣਾ, ਚੰਡੀਗੜ੍ਹ 'ਚ 'ਇੰਟਰਨੈੱਟ ਸੇਵਾ' ਹੋ ਸਕਦੀ ਹੈ ਬੰਦ!
Thursday, Aug 24, 2017 - 02:04 PM (IST)
ਚੰਡੀਗੜ੍ਹ : ਡੇਰਾ ਮੁਖੀ ਦੀ 25 ਅਗਸਤ ਨੂੰ ਅਦਾਲਤ 'ਚ ਹੋਣ ਵਾਲੀ ਪੇਸ਼ੀ ਨੂੰ ਮੁੱਖ ਰੱਖਦਿਆਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਮੋਬਾਇਲ ਅਤੇ ਇੰਟਰਨੈੱਟ ਸੇਵਾ ਬੰਦ ਕੀਤੀ ਜਾ ਸਕਦੀ ਹੈ। ਇਸ ਦੇ ਲਈ ਦੋਹਾਂ ਸੂਬਿਆਂ ਦਾ ਸਾਂਝਾ ਕੰਟਰੋਲ ਰੂਮ ਬਣਾਇਆ ਜਾਵੇਗਾ। ਅਜਿਹਾ ਸੁਰੱਖਿਆ ਨੂੰ ਮੁੱਖ ਰੱਖਦਿਆਂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਗ੍ਿਰਹ ਸਕੱਤਰ ਰਾਮ ਨਿਵਾਸ ਸਮੇਤ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਗ੍ਰਹਿ ਸਕੱਤਰਾਂ ਦੀ ਮੀਟਿੰਗ ਹੋਈ, ਜਿਸ 'ਚ ਤਿੰਨਾਂ ਸੂਬਿਆਂ 'ਚ ਇੰਟਰਨੈੱਟ ਸੇਵਾਵਾਂ ਬੰਦ ਕਰਨ 'ਤੇ ਚਰਚਾ ਹੋਈ ਅਤੇ ਇਸ ਦੇ ਚੱਲਦਿਆਂ ਜ਼ਰੂਰੀ ਹੁਕਮ ਵੀ ਦੇ ਦਿੱਤੇ ਗਏ ਹਨ। ਰਾਮ ਰਹੀਮ 'ਤੇ ਫੈਸਲੇ ਤੋਂ ਪਹਿਲਾਂ ਸਰਕਾਰ ਅਤੇ ਪ੍ਰਸ਼ਾਸਨ ਕਿਸੇ ਤਰ੍ਹਾਂ ਦਾ ਖਤਰਾ ਚੁੱਕਣ ਦੇ ਮੂਡ 'ਚ ਨਹੀਂ ਹੈ। ਸੁਰੱਖਿਆ ਵਿਵਸਥਾ ਪੂਰੀ ਤਰ੍ਹਾਂ ਪੁਖਤਾ ਹੈ। ਪੈਰਾ ਮਿਲਟਰੀ ਦੀਆਂ 53 ਕੰਪਨੀਆਂ ਨੇ ਹਰਿਆਣਾ 'ਚ ਮੋਰਚਾ ਸੰਭਾਲ ਲਿਆ ਹੈ। ਪੈਰਾਮਿਲਟਰੀ ਦੀਆਂ 18 ਨਵੀਆਂ ਕੰਪਨੀਆਂ ਵੀ ਹਰਿਆਣਾ ਪਹੁੰਚਣ ਵਾਲੀਆਂ ਹਨ। ਪੰਚਕੂਲਾ 'ਚ ਲਗਾਤਾਰ ਭੀੜ ਵਧ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਅਤੇ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਹਾਲਾਤ ਨਾਲ ਨਜਿੱਠਣ ਲਈ ਪੁਲਸ ਬਲ ਤਾਇਨਾਤ ਹੈ ਅਤੇ ਇਸ ਦੇ ਚੱਲਦਿਆਂ ਸੂਬੇ 'ਚ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ।
