ਇੰਟਰਨੈੱਟ ''ਤੇ ਗੈਂਗਵਾਰ ਲਈ ਉਕਸਾਉਣ ਵਾਲਾ ਨੌਜਵਾਨ ਚੜ੍ਹਿਆ ਪੁਲਸ ਦੇ ਹੱਥੇ

Thursday, Apr 07, 2022 - 10:45 PM (IST)

ਭਵਾਨੀਗੜ੍ਹ (ਵਿਕਾਸ) : ਕਾਨੂੰਨ ਨੂੰ ਟਿੱਚ ਸਮਝ ਕੇ ਵੈਲਪੁਣੇ ਜਾਂ ਭੰਡੀ ਪ੍ਰਚਾਰ ਕਰਕੇ ਆਪਣੀਆਂ ਵੀਡੀਓਜ਼ ਨੂੰ ਇੰਟਰਨੈੱਟ 'ਤੇ ਧੜੱਲੇ ਨਾਲ ਵਾਇਰਲ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਇਸੇ ਤਰ੍ਹਾਂ ਦੇ ਇਕ ਮਾਮਲੇ 'ਚ ਭਵਾਨੀਗੜ੍ਹ ਪੁਲਸ ਨੇ ਨੇੜਲੇ ਪਿੰਡ ਘਰਾਚੋਂ ਦੇ ਇਕ 19 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ ਉਸ ਦਾ ਸਾਥੀ ਫਰਾਰ ਦੱਸਿਆ ਜਾ ਰਿਹਾ ਹੈ। ਇਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਕ੍ਰਿਪਾਨ, ਟਕੂਏ ਆਦਿ ਨਾਲ ਧਮਕਾਉਂਦਿਆਂ ਆਪਣੀਆਂ ਵੀਡੀਓਜ਼ ਵਾਇਰਲ ਕੀਤੀਆਂ ਸਨ।

ਕ੍ਰਿਪਾਨ 'ਤੇ ਰੋਟੀ ਰੱਖ ਕੇ ਖਾਣ ਅਤੇ ਮੋਟਰਸਾਈਕਲ ਤੋੜਨ ਦੀਆਂ ਵੀਡੀਓਜ਼ ਆਈਆਂ ਸਾਹਮਣੇ
ਇਸ ਸਬੰਧੀ ਵੀਰਵਾਰ ਨੂੰ ਪੁਲਸ ਥਾਣੇ ਵਿਖੇ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਚ. ਓ. ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ ਜਿਸ ਵਿਚ ਇਕ ਵਿਅਕਤੀ ਕ੍ਰਿਪਾਨ ਉਪਰ ਰੋਟੀ ਰੱਖ ਕੇ ਖਾ ਰਿਹਾ ਹੈ ਅਤੇ ਨਾਲ ਹੀ ਲੋਕਾਂ ਨੂੰ ਕ੍ਰਿਪਾਨ ਤੇ ਟਕੂਏ ਆਦਿ ਦਿਖਾ ਕੇ ਧਮਕਾ ਰਿਹਾ ਹੈ ਅਤੇ ਸ਼ਰ੍ਹੇਆਮ ਵੈਲਪੁਣੇ ਦਾ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ। ਬਾਜਵਾ ਨੇ ਦੱਸਿਆ ਕਿ ਵੀਡੀਓ ਦੇ ਆਧਾਰ 'ਤੇ ਉਕਤ ਨੌਜਵਾਨ ਦੀ ਸ਼ਨਾਖਤ ਪਰਮਜੀਤ ਸਿੰਘ ਉਰਫ ਕਾਲੂ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਘਰਾਚੋਂ ਅਤੇ ਉਸ ਦੇ ਸਾਥੀ ਜਸਵੀਰ ਸਿੰਘ ਉਰਫ ਜੱਸੀ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਸੰਘਰੇੜੀ ਵਜੋਂ ਹੋਈ। ਇਸ ਸਬੰਧੀ ਕਾਰਵਾਈ ਕਰਦਿਆਂ ਐੱਸ. ਆਈ. ਜਗਤਾਰ ਸਿੰਘ ਇੰਚਾਰਜ ਪੁਲਸ ਚੌਕੀ ਘਰਾਚੋਂ ਨੇ ਉਕਤ ਪਰਮਜੀਤ ਸਿੰਘ ਉਰਫ ਕਾਲੂ ਪਾਸੋਂ ਇਕ ਖੰਡਾਨੁਮਾ ਕ੍ਰਿਪਾਨ ਬਰਾਮਦ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ, ਜਦੋਂਕਿ ਉਸ ਦਾ ਸਾਥੀ ਜਸਵੀਰ ਸਿੰਘ ਉਰਫ ਜੱਸੀ ਫਰਾਰ ਹੈ।

ਪਰਮਜੀਤ ਕਾਲੂ ਖਿਲਾਫ਼ ਨਾਬਾਲਗਾ ਨਾਲ ਛੇੜਛਾੜ ਕਰਨ ਦਾ ਹੈ ਮਾਮਲਾ ਦਰਜ
ਐੱਸ. ਐੱਚ. ਓ. ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਪੁਲਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਪਰਮਜੀਤ ਸਿੰਘ ਉਰਫ ਕਾਲੂ ਖਿਲਾਫ਼ 2021 'ਚ ਵੀ ਥਾਣਾ ਭਵਾਨੀਗੜ੍ਹ ਵਿਖੇ ਪੋਸਕੋ ਐਕਟ ਤਹਿਤ ਪਰਚਾ ਦਰਜ ਹੈ। ਬਾਜਵਾ ਨੇ ਕਿਹਾ ਕਿ ਅਦਾਲਤ ਵਿਚ ਪੇਸ਼ ਕਰਨ ਉਪਰੰਤ ਪੁਲਸ ਰਿਮਾਂਡ ਹਾਸਲ ਕਰਕੇ ਮੁਲਜ਼ਮ ਕਾਲੂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਉਸ ਵੱਲੋਂ ਹੋਰ ਕੀਤੀਆਂ ਵਾਰਦਾਤਾਂ ਨੂੰ ਟ੍ਰੇਸ ਕੀਤਾ ਜਾ ਸਕੇ।

ਕੀ ਹੈ ਵਾਈਰਲ ਵੀਡੀਓਜ਼ 'ਚ
ਪੁਲਸ ਨੇ ਵਾਇਰਲ 2 ਵੀਡੀਓਜ਼ ਪੱਤਰਕਾਰਾਂ ਨੂੰ ਦਿਖਾਈਆਂ, ਜਿਨ੍ਹਾਂ 'ਚੋਂ ਇਕ ਵੀਡੀਓ ਵਿਚ ਪਰਮਜੀਤ ਸਿੰਘ ਕਾਲੂ ਆਪਣੇ ਸਾਥੀਆਂ ਨਾਲ ਮੋਟਰਸਾਈਕਲ ਨੂੰ ਜ਼ਮੀਨ 'ਤੇ ਸੁੱਟ ਕੇ ਘੋਟਣੇ ਨਾਲ ਤੋੜਦਾ ਦਿਖਾਈ ਦੇ ਰਿਹਾ ਹੈ ਤੇ ਉਸ ਨੂੰ 'ਗੈਂਗਵਾਰ' ਜਿਹੇ ਬੋਲਾਂ ਵਾਲੇ ਗੀਤ 'ਤੇ ਸੈੱਟ ਕੀਤਾ ਤੇ ਦੂਜੀ ਵੀਡੀਓ 'ਚ ਉਹ ਆਪਣੇ 2 ਸਾਥੀਆਂ ਨਾਲ 'ਤਲਵਾਰ ਉੱਤੇ ਰੋਟੀ ਰੱਖ ਕੇ ਖਾਣ' ਜਿਹੇ ਬੋਲਾਂ ਵਾਲੇ ਗਾਣੇ ਨੂੰ ਗਾ ਕੇ ਬਦਮਾਸ਼ਾਂ ਵਾਲਾ ਰੋਅਬ ਪਾ ਰਿਹਾ ਹੈ। ਐੱਸ. ਐੱਚ. ਓ. ਬਾਜਵਾ ਨੇ ਦੱਸਿਆ ਕਿ ਫਰਾਰ ਚੱਲ ਰਹੇ ਜਸਵੀਰ ਸਿੰਘ ਉਰਫ ਜੱਸੀ ਨੂੰ ਦਬੋਚਣ ਲਈ ਪੁਲਸ ਪਾਰਟੀ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।


Anuradha

Content Editor

Related News