ਬੀਬੀਆਂ ਦੇ ਕੌਮਾਂਤਰੀ ਦਿਹਾੜੇ ਨੂੰ ਸਮਰਪਿਤ : ‘ਖੇਡ ਮੈਦਾਨ ਕਲੀ ਕਰਾਦੇ, ਜਿੱਤੂਗੀਂ ਮੈਡਲ ਦੋ-ਚਾਰ’
Monday, Mar 08, 2021 - 10:55 AM (IST)
ਨਵਦੀਪ ਸਿੰਘ ਗਿੱਲ
(97800-36216)
ਖੇਡਾਂ ਦੀ ਦੁਨੀਆਂ ਵਿੱਚ ਕੁੜੀਆਂ ਹੁਣ ਸਿਰਫ਼ ਮੁੰਡਿਆਂ ਦੇ ਬਰਾਬਰ ਹੀ ਨਹੀਂ ਖੜ੍ਹ ਰਹੀਆਂ, ਸਗੋਂ ਦੋ ਕਦਮ ਅੱਗੇ ਵੱਧ ਕੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਕੋਈ ਵੇਲਾ ਸੀ ਜਦੋਂ ਖੇਡਾਂ ਇਕੱਲੀਆਂ ਮੁੰਡਿਆਂ ਲਈ ਸਮਝੀਆਂ ਜਾਂਦੀਆਂ ਸਨ ਪਰ ਸਮਾਂ ਬਦਲਣ ਨਾਲ ਕੁੜੀਆਂ ਨੇ ਹਿੱਸਾ ਵੀ ਲੈਣਾ ਸ਼ੁਰੂ ਕੀਤਾ। ਕਿਸੇ ਵੇਲੇ ਕੁੜੀਆਂ ਬੋਲੀ ਪਾਉਂਦੀਆਂ ਸਨ, ‘‘ਵਿਹੜਾ ਗਲੀ ਕਰਾਦੇ, ਨੱਚੂਗੀ ਸਾਰੀ ਰਾਤ’’। ਹੁਣ ਇਹੋ ਕੁੜੀਆਂ ਕਹਿੰਦੀਆਂ ਨੇ ‘ਖੇਡ ਮੈਦਾਨ ਕਲੀ ਕਰਾਦੇ, ਜਿੱਤੂਗੀ ਮੈਡਲ ਦੋ-ਚਾਰ’। ਹੁਣ ਸਗੋਂ ਕੁੜੀਆਂ ਦੇਸ਼ ਲਈ ਪ੍ਰਾਪਤੀਆਂ ਕਰਨ ਵਿੱਚ ਮੁੰਡਿਆਂ ਤੋਂ ਅੱਗੇ ਨਿਕਲਦੀਆਂ ਜਾ ਰਹੀਆਂ ਹਨ। 1996 ਤੱਕ ਕੋਈ ਵੀ ਭਾਰਤੀ ਮਹਿਲਾ ਖਿਡਾਰਨ ਓਲੰਪਿਕ ਵਿੱਚ ਤਮਗਾ ਨਹੀਂ ਜਿੱਤ ਸਕੀ ਸੀ। 2000 ਦੀਆਂ ਸਿਡਨੀ ਓਲੰਪਿਕ ਖੇਡਾਂ ਵਿੱਚ ਵੇਟਲਿਫਟਰ ਕਰਨਮ ਮਲੇਸ਼ਵਰੀ ਨੇ ਕਾਂਸੀ ਦਾ ਤਮਗਾ ਜਿੱਤ ਕੇ ਪਹਿਲੀ ਵੱਡੇ ਮੰਚ ਉਤੇ ਭਾਰਤੀ ਮਹਿਲਾਵਾਂ ਦੀ ਹਾਜ਼ਰੀ ਲਵਾਈ ਸੀ। 2016 ਦੀਆਂ ਰੀਓ ਓਲੰਪਿਕ ਖੇਡਾਂ ਵਿੱਚ ਭਾਰਤ ਨੇ ਸਿਰਫ਼ ਦੋ ਤਮਗੇ ਜਿੱਤੇ ਸਨ ਅਤੇ ਦੋਵੇਂ ਹੀ ਮਹਿਲਾ ਖਿਡਾਰਨਾਂ ਨੇ ਜਿੱਤੇ ਸਨ।
ਕੌਮਾਂਤਰੀ ਪੱਧਰ ’ਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀਆਂ ਖਿਡਾਰਨਾਂ
ਇਸ ਕਾਲਮ ਰਾਹੀਂ ਜ਼ਿਕਰ ਕਰਦੇ ਹਾਂ ਉਨ੍ਹਾਂ ਪੰਜਾਬਣ ਖਿਡਾਰਨਾਂ ਦੀ ਜਿਹੜੀਆਂ ਇਸ ਵੇਲੇ ਖੇਡਾਂ ਵਿੱਚ ਕੌਮਾਂਤਰੀ ਪੱਧਰ ’ਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਪੰਜਾਬ ਦੀਆਂ ਖਿਡਾਰਨਾਂ ਦੀਆਂ ਪ੍ਰਾਪਤੀਆਂ ਦੇ ਇਤਿਹਾਸ ’ਤੇ ਝਾਤ ਮਾਰੀਏ ਤਾਂ ਅਥਲੀਟ ਕਮਲਜੀਤ ਕੌਰ ਸੰਧੂ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਖਿਡਾਰਨ ਸੀ, ਜਿਸ ਨੇ 1970 ਵਿੱਚ ਬੈਂਕਾਕ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਅਥਲੈਟਿਕਸ ਦੇ 400 ਮੀਟਰ ਈਵੈਂਟ ਵਿੱਚ ਸੋਨੇ ਦਾ ਤਮਗਾ ਜਿੱਤਿਆ। ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਤ ਪੰਜਾਬ ਦੀ ਇਸ ਅਥਲੀਟ ਨੇ 1972 ਦੀਆਂ ਮਿਊਨਿਖ ਓਲੰਪਿਕ ਖੇਡਾਂ ਵੀ ਕੁਆਲੀਫਾਈ ਕੀਤਾ ਸੀ। ਅਜਿੰਦਰ ਕੌਰ ਹਾਕੀ ਦੇ ਪਹਿਲੇ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰਨ ਵਾਲੀ ਖਿਡਾਰਨ ਸੀ। ਹਾਕੀ ਵਿੱਚ ਫਰੀਦਕੋਟ ਦੀਆਂ ਸੈਣੀ ਭੈਣਾਂ ਨੇ ਖੇਡਾਂ ਵਿੱਚ ਨਾਮਣਾ ਖੱਟਿਆ। ਰੂਪਾ ਸੈਣੀ ਨੇ ਭਾਰਤੀ ਟੀਮ ਦੀ ਕਪਤਾਨੀ ਕੀਤੀ। ਅਰਜੁਨਾ ਐਵਾਰਡੀ ਰਾਜਬੀਰ ਕੌਰ ਨੂੰ ਗੋਲਡਨ ਗਰਲ ਕਿਹਾ ਜਾਂਦਾ ਹੈ, ਜਿਸ ਨੇ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ।
ਭਾਰਤ ਦੀ ਪਹਿਲੀ ਮਹਿਲਾ ਬਾਸਕਟਬਾਲ ਖਿਡਾਰਨ ਅੰਮ੍ਰਿਤਸਰ ਦੀ ਸੁਮਨ ਸ਼ਰਮਾ
ਅੰਮ੍ਰਿਤਸਰ ਦੀ ਸੁਮਨ ਸ਼ਰਮਾ ਭਾਰਤ ਦੀ ਪਹਿਲੀ ਮਹਿਲਾ ਬਾਸਕਟਬਾਲ ਖਿਡਾਰਨ ਹੈ, ਜਿਸ ਨੂੰ ਅਰਜੁਨਾ ਐਵਾਰਡ ਨਾਲ ਸਨਮਾਨਿਆ ਗਿਆ। ਸੁਨਾਮ ਸ਼ਹਿਰ ਦੀ ਸੁਨੀਤਾ ਰਾਣੀ ਨੇ 2002 ਦੀਆਂ ਬੁਸਾਨ ਏਸ਼ਿਆਈ ਖੇਡਾਂ ਵਿੱਚ 1500 ਮੀਟਰ ਦੌੜ ਵਿੱਚ ਨਵੇਂ ਏਸ਼ਿਆਈ ਰਿਕਾਰਡ ਨਾਲ ਸੋਨੇ ਦਾ ਤਮਗਾ ਜਿੱਤਿਆ ਸੀ। ਮਨਜੀਤ ਕੌਰ ਦੇਸ਼ ਦੀ ਪਹਿਲੀ ਖਿਡਾਰਨ ਸੀ, ਜਿਸ ਨੇ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। 4 ਗੁਣਾਂ 400 ਮੀਟਰ ਰਿਲੇਅ ਦੌੜ ਵਿੱਚ ਮਨਜੀਤ ਕੌਰ ਨੇ ਲਗਾਤਾਰ ਤਿੰਨ ਏਸ਼ਿਆਈ ਖੇਡਾਂ (ਬੁਸਾਨ 2002, ਦੋਹਾ 2006 ਤੇ ਗੁਆਂਗਜ਼ੂ 2010) ਵਿੱਚ ਸੋਨੇ ਦਾ ਤਮਗਾ ਜਿੱਤਿਆ। ਇਸ ਤੋਂ ਇਲਾਵਾ ਦਿੱਲੀ ਰਾਸ਼ਟਰਮੰਡਲ ਖੇਡਾਂ 2010 ਵਿੱਚ ਸੋਨੇ ਅਤੇ 2006 ਮੈਲਬਰਨ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਮਨਜੀਤ ਕੌਰ, ਰਾਜਵਿੰਦਰ ਕੌਰ ਗਿੱਲ ਤੇ ਸਾਗਰਦੀਪ ਦੀ ਤਿੱਕੜੀ ਨੇ ਖੂਬ ਧੁੰਮਾਂ ਪਾਈਆਂ। ਰਾਜਵਿੰਦਰ ਕੌਰ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਮਨਦੀਪ ਕੌਰ ਨੇ ਤਿੰਨ ਏਸ਼ਿਆਈ ਖੇਡਾਂ ਵਿੱਚ ਸੋਨੇ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਇਕ ਸੋਨੇ ਦਾ ਤਮਗਾ ਜਿੱਤਿਆ। ਹਰਵੰਤ ਕੌਰ ਰਾਸ਼ਟਰਮੰਡਲ ਖੇਡਾਂ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਪੰਜਾਬਣ ਥਰੋਅਰ ਬਣੀ। ਹਰਵੰਤ ਦੀ ਭੂਆ ਗੁਰਮੀਤ ਕੌਰ ਜੈਵਲਿਨ ਥਰੋਅਰ ਸੀ ਜਿਸ ਨੇ ਅਰਜੁਨਾ ਐਵਾਰਡ ਜਿੱਤਿਆ। ਨਵਜੀਤ ਕੌਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਤਮਗਾ ਜਿੱਤਿਆ।
ਪੰਜਾਬ ਦੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਬਠਿੰਡਾ ਦੀ ਅਵਨੀਤ ਕੌਰ ਸਿੱਧੂ
ਬਠਿੰਡਾ ਦੀ ਅਵਨੀਤ ਕੌਰ ਸਿੱਧੂ ਪੰਜਾਬ ਦੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਹੈ, ਜਿਸ ਨੇ ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਵਿੱਚ ਤਮਗਾ ਜਿੱਤਿਆ ਹੋਵੇ। ਹਾਕੀ ਵਿੱਚ ਮਨਜਿੰਦਰ ਕੌਰ ਤੇ ਅਮਨਦੀਪ ਕੌਰ, ਜੂਡੋ ਵਿੱਚ ਰਾਜਵਿੰਦਰ ਕੌਰ, ਨਿਸ਼ਾਨੇਬਾਜ਼ੀ ਵਿੱਚ ਹਰਵੀਨ ਸਰਾਓ ਤੇ ਮਲਾਇਕਾ ਗੋਇਲ, ਜਿਮਨਾਸਟਿਕ ਵਿੱਚ ਪ੍ਰਭਜੋਤ ਸਿੰਘ, ਤੀਰਅੰਦਾਜ਼ੀ ਵਿੱਚ ਗਗਨਦੀਪ ਕੌਰ, ਹੈਂਡਬਾਲ ਵਿੱਚ ਗੁਰਪ੍ਰੀਤ ਕੌਰ ਆਦਿ ਅਜਿਹੀਆਂ ਖਿਡਾਰਨਾਂ ਨੇ ਸਮੇਂ-ਸਮੇਂ ਉਤੇ ਦੇਸ਼ ਦੀ ਨੁਮਾਇੰਦਗੀ ਕਰਦਿਆਂ ਪੰਜਾਬ ਦਾ ਨਾਮ ਚਮਕਾਇਆ।
ਪੰਜਾਬ ਦੀਆਂ ਝੰਡਾਬਰਦਾਰ ਖਿਡਾਰਨਾਂ
ਮੌਜੂਦਾ ਸਮੇਂ ਹਿਨਾ ਸਿੱਧੂ, ਹਰਮਨਪ੍ਰੀਤ ਕੌਰ, ਸਿਮਰਨਜੀਤ ਕੌਰ, ਗੁਰਸ਼ਰਨਪ੍ਰੀਤ ਕੌਰ, ਗੁਰਜੀਤ ਕੌਰ, ਰੀਨਾ ਖੋਖਰ, ਰਣਦੀਪ ਕੌਰ ਖੇਡਾਂ ਦੇ ਮਹਿਲਾ ਵਰਗ ਵਿੱਚ ਪੰਜਾਬ ਦੀਆਂ ਝੰਡਾਬਰਦਾਰ ਹਨ ਜਿਹੜੀਆਂ ਕੌਮਾਂਤਰੀ ਪੱਧਰ ’ਤੇ ਵੱਡੀਆਂ ਮੱਲਾਂ ਮਾਰ ਰਹੀਆਂ ਹਨ। ਚਕਰ ਪਿੰਡ ਦੀ ਮੁੱਕੇਬਾਜ਼ ਸਿਮਰਨਜੀਤ ਕੌਰ ਨੇ ਏਸ਼ੀਆ ਓਸੀਨੀਆ ਕੁਆਲੀਫਾਇਰ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਟੋਕੀਓ ਓਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ। ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਣ ਵਾਲੀ ਉਹ ਪਹਿਲੀ ਪੰਜਾਬਣ ਮੁੱਕੇਬਾਜ਼ ਹੈ। ਸਿਮਰ ਚਕਰ ਦੇ ਨਾਂ ਨਾਲ ਜਾਣੀ ਜਾਂਦੀ ਇਹ ਮੁੱਕੇਬਾਜ਼ ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਪੰਜਾਬਣ ਮੁੱਕੇਬਾਜ਼ ਬਣੀ ਸੀ। ਸਿਮਰਨਜੀਤ ਨੇ 2018 ਵਿੱਚ ਨਵੀਂ ਦਿੱਲੀ ਵਿਖੇ ਹੋਈ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਅਤੇ 2019 ਵਿੱਚ ਬੈਂਕਾਕ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ। 2018 ਵਿੱਚ ਹੀ ਉਸ ਨੇ ਤੁਰਕੀ ਵਿਖੇ ਹੋਏ ਕੌਮਾਂਤਰੀ ਟੂਰਨਾਮੈਂਟ ਵਿੱਚ ਸੋਨੇ ਦਾ ਤਮਗਾ ਜਿੱਤਿਆ।
ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ
ਹਰਮਨਪ੍ਰੀਤ ਕੌਰ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹੈ, ਜਿਸ ਦੀ ਅਗਵਾਈ ਵਿੱਚ ਭਾਰਤੀ ਟੀਮ ਟਵੰਟੀ-20 ਵਿਸ਼ਵ ਕੱਪ ਵਿੱਚ ਉਪ ਜੇਤੂ ਰਹੀ। ਉਹ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਹੈ, ਜਿਸ ਨੇ ਟਵੰਟੀ-20 ਵਿੱਚ ਸੈਂਕੜਾ ਜੜਿਆ ਹੋਵੇ। ਇਸ ਤੋਂ ਇਲਾਵਾ ਉਹ ਪੁਰਸ਼ ਤੇ ਮਹਿਲਾ ਦੋਵੇਂ ਵਰਗਾਂ ਨੂੰ ਮਿਲਾ ਕੇ 100 ਕੌਮਾਂਤਰੀ ਟਵੰਟੀ-20 ਮੈਚ ਖੇਡਣ ਵਾਲੀ ਭਾਰਤ ਦੀ ਪਹਿਲੀ ਕ੍ਰਿਕਟਰ ਹੈ। 2017 ਵਿੱਚ ਮਹਿਲਾ ਵਿਸ਼ਵ ਕੱਪ ਵਿੱਚ ਉਪ ਜੇਤੂ ਬਣੀ ਭਾਰਤੀ ਟੀਮ ਦੀ ਇਸ ਧਾਕੜ ਬੱਲੇਬਾਜ਼ ਨੇ ਸੈਮੀ ਫਾਈਨਲ ਵਿੱਚ ਆਸਟਰੇਲੀਆ ਖ਼ਿਲਾਫ਼ 115 ਗੇਂਦਾਂ ਵਿੱਚ 171 ਦੌੜਾਂ ਦੀ ਨਾਬਾਦ ਪਾਰੀ ਖੇਡੀ। ਕੌਮਾਂਤਰੀ ਪੱਧਰ ’ਤੇ ਉਸ ਨੇ 4 ਸੈਂਕੜੇ ਤੇ 17 ਅਰਧ ਸੈਂਕੜੇ ਜੜੇ ਹਨ। ਭਾਰਤ ਸਰਕਾਰ ਵੱਲੋਂ ਉਸ ਨੂੰ ਅਰਜੁਨਾ ਐਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ।
ਭਾਰਤ ਦੀ ਪਹਿਲੀ ਮਹਿਲਾ ਸ਼ੂਟਰ ਨਿਸ਼ਾਨੇਬਾਜ਼ ਹਿਨਾ ਸਿੱਧੂ
ਹਿਨਾ ਸਿੱਧੂ ਭਾਰਤ ਦੀ ਪਹਿਲੀ ਮਹਿਲਾ ਸ਼ੂਟਰ ਨਿਸ਼ਾਨੇਬਾਜ਼ ਹੈ, ਜਿਸ ਨੇ ਆਈ.ਐੱਸ.ਐੱਸ.ਐੱਫ. ਦੀ ਵਿਸ਼ਵ ਰੈਂਕਿੰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਵਿਸ਼ਵ ਕੱਪ ਵਿੱਚ ਦੋ-ਦੋ ਸੋਨੇ ਤੇ ਚਾਂਦੀ ਦੇ ਤਮਗੇ ਜਿੱਤਣ ਵਾਲੀ ਹਿਨਾ ਇਹ ਪ੍ਰਾਪਤੀ ਕਰਨ ਵਾਲੀ ਵੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਹੈ। 10 ਮੀਟਰ ਏਅਰ ਪਿਸਟਲ ਵਿੱਚ 203.8 ਸਕੋਰ ਨਾਲ ਉਹ ਵਿਸ਼ਵ ਰਿਕਾਰਡ ਹੋਲਡਰ ਵੀ ਹੈ। ਹਿਨਾ ਨੇ 2010 ਦੀਆਂ ਦਿੱਲੀ ਰਾਸ਼ਟਰਮੰਡਲ ਖੇਡਾਂ ਵਿੱਚ 10 ਮੀਟਰ ਏਅਰ ਪਿਸਟਲ ਵਿੱਚ ਸੋਨੇ ਤੇ ਚਾਂਦੀ ਅਤੇ 2018 ਦੀਆਂ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ 25 ਮੀਟਰ ਏਅਰ ਪਿਸਟਲ ਵਿੱਚ ਸੋਨੇ ਤੇ 10 ਮੀਟਰ ਏਅਰ ਪਿਸਟਲ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਹਿਨਾ ਨੇ ਏਸ਼ਿਆਈ ਖੇਡਾਂ ਵਿੱਚ ਵੀ ਇਕ ਚਾਂਦੀ ਤੇ ਦੋ ਕਾਂਸੀ ਦੇ ਤਮਗੇ ਜਿੱਤੇ। ਭਾਰਤ ਸਰਕਾਰ ਵੱਲੋਂ ਅਰਜੁਨਾ ਐਵਾਰਡ ਨਾਲ ਸਨਮਾਨੀ ਜਾ ਚੁੱਕੀ ਹਿਨਾ ਇਸ ਵੇਲੇ ਭਾਰਤ ਦੀ ਵੱਡੀ ਨਿਸ਼ਾਨੇਬਾਜ਼ ਹੈ।
ਮਹਿਲਾ ਕੁਸ਼ਤੀ ਖਿਡਾਰਨ ਗੁਰਸ਼ਰਨਪ੍ਰੀਤ ਕੌਰ
ਗੁਰਸ਼ਰਨਪ੍ਰੀਤ ਕੌਰ ਇਸ ਵੇਲੇ ਮਹਿਲਾ ਕੁਸ਼ਤੀਆਂ ਵਿੱਚ ਸਨਸਨੀ ਬਣ ਕੇ ਉਭਰੀ ਹੈ। ਘਰ ਦੇ ਹਾਲਤਾਂ ਤੋਂ ਉਭਰਦਿਆਂ ਇਕ ਬੱਚੀ ਦੀ ਮਾਂ ਬਣਨ ਤੋਂ ਬਾਅਦ ਗੁਰਸ਼ਰਨਪ੍ਰੀਤ ਕੌਰ ਨੇ ਪਿਛਲੇ ਸਾਲ ਜਲੰਧਰ ਵਿਖੇ ਹੋਈ ਸੀਨੀਅਰ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਸੀ। ਭਾਰਤੀ ਮਹਿਲਾ ਹਾਕੀ ਟੀਮ ਵਿੱਚ ਗੁਰਜੀਤ ਕੌਰ ਤੇ ਰੀਨਾ ਖੋਖਰ ਪੰਜਾਬ ਦੀ ਨੁਮਾਇੰਦਗੀ ਕਰਦੀਆਂ ਹਨ। ਜਕਾਰਤਾ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਗੁਰਜੀਤ ਕੌਰ ਗੋਲ ਮਸ਼ੀਨ ਵਜੋਂ ਜਾਣੀ ਜਾਂਦੀ ਹੈ ਜਿਹੜੀ ਫੁੱਲਬੈਕ ਦੇ ਨਾਲ ਪੈਨਲਟੀ ਕਾਰਨਰ ਮਾਹਿਰ ਵੀ ਹੈ। ਰੀਨਾ ਖੋਖਰ ਫਾਰਵਰਡ ਲਾਈਨ ਦੀ ਖਿਡਾਰਨ ਹੈ। ਹੁਣ ਭਾਰਤੀ ਟੀਮ ਟੋਕੀਓ ਓਲੰਪਿਕਸ ਵਿੱਚ ਹਿੱਸਾ ਲੈਣ ਜਾ ਰਹੀ ਹੈ। ਕਬੱਡੀ ਵਿੱਚ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਵਿੱਚ ਪੰਜਾਬ ਦੀ ਰਣਦੀਪ ਕੌਰ ਅਹਿਮ ਖਿਡਾਰਨ ਸੀ।