ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਸ਼ੁਰੂ, 7 ਜ਼ਿਲਿਆਂ ''ਚ ਹੋਣਗੇ ਮੈਚ
Thursday, Nov 21, 2019 - 09:14 PM (IST)
![ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਸ਼ੁਰੂ, 7 ਜ਼ਿਲਿਆਂ ''ਚ ਹੋਣਗੇ ਮੈਚ](https://static.jagbani.com/multimedia/2019_11image_21_14_076790080kabbadi.jpg)
ਚੰਡੀਗੜ੍ਹ,(ਭੁੱਲਰ)–ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਅਧਿਕਾਰੀ 1 ਦਸੰਬਰ ਤੋਂ ਸ਼ੁਰੂ ਹੋਣ ਵਾਲੇ 10 ਦਿਨਾ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ-2019 ਦੇ ਸਾਰੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਤਿਆਰੀਆਂ 'ਚ ਜੁਟ ਗਏ ਹਨ। ਇਸ ਸਬੰਧੀ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਟੂਰਨਾਮੈਂਟ 'ਚ 9 ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਇਨ੍ਹਾਂ ਦੇ ਸਾਰੇ ਮੈਚ 7 ਜ਼ਿਲਿਆਂ ਕਪੂਰਥਲਾ, ਅੰਮ੍ਰਿਤਸਰ, ਫਿਰੋਜ਼ਪੁਰ, ਬਠਿੰਡਾ, ਪਟਿਆਲਾ, ਰੂਪਨਗਰ ਅਤੇ ਗੁਰਦਾਸਪੁਰ ਵਿਖੇ ਕਰਵਾਏ ਜਾਣਗੇ। ਇਨ੍ਹਾਂ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ 'ਚ ਵੈਨਿਊ ਕਮੇਟੀਆਂ ਅਤੇ ਹੋਰ ਅਧਿਕਾਰੀ ਪ੍ਰਬੰਧਾਂ ਨੂੰ ਮੁਕੰਮਲ ਕਰਨ 'ਚ ਲੱਗੇ ਹੋਏ ਹਨ। ਬੁਲਾਰੇ ਅਨੁਸਾਰ ਸਟੇਡੀਅਮਾਂ ਨੂੰ ਨਵਿਆਉਣ, ਉਨ੍ਹਾਂ ਦੀ ਮੁਰੰਮਤ ਕਰਨ, ਖੇਡ ਮੈਦਾਨਾਂ ਨੂੰ ਦਰੁਸਤ ਕਰਨ ਤੋਂ ਇਲਾਵਾ ਬਾਥਰੂਮਾਂ ਤੇ ਪਖਾਨਿਆਂ ਦੀ ਮੁਰੰਮਤ, ਲਾਈਟਾਂ ਤੇ ਬੈਕਅੱਪ ਜਨਰੇਟਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਬੁਲਾਰੇ ਅਨੁਸਾਰ ਖਿਡਾਰੀਆਂ ਦੇ ਰਿਟਾਇਰਿੰਗ ਰੂਮਜ਼, ਉਨ੍ਹਾਂ ਦੀ ਬੋਰਡਿੰਗ, ਲਾਂਜਿੰਗ ਦੇ ਨਾਲ-ਨਾਲ 15 ਤੋਂ 20 ਹਜ਼ਾਰ ਦਰਸ਼ਕਾਂ ਦੇ ਬੈਠਣ ਲਈ ਥਾਂ, ਸਟੇਡੀਅਮਾਂ ਦੇ ਬਾਹਰ ਪਾਰਕਿੰਗਾਂ ਅਤੇ ਲੋਕਾਂ ਦੇ ਆਉਣ ਤੇ ਵਾਪਸ ਜਾਣ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਸਟੇਡੀਅਮਾਂ ਨੂੰ ਜਾਣ ਵਾਲੀਆਂ ਸੜਕਾਂ ਅਤੇ ਚੌਕਾਂ ਦੀ ਸਜਾਵਟ ਕੀਤੀ ਜਾ ਰਹੀ ਹੈ ਅਤੇ ਸਾਫ ਸਫਾਈ 'ਤੇ ਧਿਆਨ ਦਿੱਤਾ ਜਾ ਰਿਹਾ ਹੈ। ਬੁਲਾਰੇ ਅਨੁਸਾਰ ਇਸ ਵਾਰ ਸਟੇਡੀਅਮਾਂ ਦੀ ਡੈਕੋਰੇਸ਼ਨ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਬੈਕਡਰੋਪ, ਹੋਰਡਿੰਗ ਅਤੇ ਬੈਨਰ ਲਾਏ ਜਾ ਰਹੇ ਹਨ।