ਪੰਜਾਬ ਸਰਕਾਰ ਵੱਲੋਂ 1 ਅਕਤੂਬਰ ਨੂੰ ਲੁਧਿਆਣਾ ’ਚ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਬਜ਼ੁਰਗ ਦਿਵਸ

Thursday, Sep 29, 2022 - 06:23 PM (IST)

ਪੰਜਾਬ ਸਰਕਾਰ ਵੱਲੋਂ 1 ਅਕਤੂਬਰ ਨੂੰ ਲੁਧਿਆਣਾ ’ਚ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਬਜ਼ੁਰਗ ਦਿਵਸ

ਚੰਡੀਗੜ੍ਹ (ਬਿਊਰੋ) : ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਬਜ਼ੁਰਗ ਦਿਵਸ 1 ਅਕਤੂਬਰ 2022 ਨੂੰ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਰਾਜ ਪੱਧਰੀ ਸਮਾਗਮ ਵਜੋਂ ਮਨਾਇਆ ਜਾ ਰਿਹਾ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਬਤੌਰ ਮੁੱਖ ਮਹਿਮਾਨ ਇਸ ਸਮਾਗਮ ’ਚ ਸ਼ਾਮਲ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਮੌਕੇ ਬਜ਼ੁਰਗ ਵਿਅਕਤੀਆਂ ਦਾ ਅੱਖਾਂ ਦਾ ਮੁਫ਼ਤ ਚੈੱਕਅਪ ਕੀਤਾ ਜਾਵੇਗਾ ਅਤੇ ਲੋੜਵੰਦ ਬਜ਼ੁਰਗਾਂ ਨੂੰ ਐਨਕਾਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਦੇ ਫਾਰਮ ਭਰਨ ਅਤੇ ਪੈਨਸ਼ਨਾਂ ਮਨਜ਼ੂਰ ਕਰਨ ਲਈ ਵੀ ਵਿਭਾਗ ਵੱਲੋਂ ਕੈਂਪ ਲਗਾਇਆ ਜਾਵੇਗਾ। 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਵਿਅਕਤੀਆਂ ਦੇ ਸੀਨੀਅਰ ਸਿਟੀਜ਼ਨ ਕਾਰਡ ਵੀ ਇਸ ਮੌਕੇ ’ਤੇ ਬਣਾਏ ਜਾਣਗੇ। ਉਨ੍ਹਾਂ ਲੋੜਵੰਦ ਬਜ਼ੁਰਗਾਂ ਨੂੰ ਇਸ ਮੌਕੇ ਦਾ ਲਾਭ ਪ੍ਰਾਪਤ ਕਰਨ ਲਈ ਸਮਾਗਮ ’ਚ ਪਹੁੰਚਣ ਦੀ ਅਪੀਲ ਕੀਤੀ। 

ਇਸ ਮੌਕੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪੰਜਾਬ ਦੇ ਬਜ਼ੁਰਗਾਂ ਦੇ ਮਾਣ-ਸਨਮਾਨ ਵਜੋਂ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾ ਰਿਹਾ ਹੈ, ਜਿਸ ’ਚ ਬਜ਼ੁਰਗਾਂ ਵੱਲੋਂ ਪੇਸ਼ਕਾਰੀ ਕੀਤੀ ਜਾਵੇਗੀ। ਬਜ਼ੁਰਗ ਵਿਅਕਤੀਆਂ ਦੀ ਭਲਾਈ ਦੇ ਖੇਤਰ ’ਚ ਕੰਮ ਕਰ ਰਹੀਆਂ ਸੰਸਥਾਵਾਂ/ਜਥੇਬੰਦੀਆਂ ਵੀ ਇਸ ਸਮਾਗਮ ’ਚ ਉਚੇਚੇ ਤੌਰ ’ਤੇ ਸ਼ਾਮਲ ਹੋਣਗੀਆਂ।   


author

Manoj

Content Editor

Related News