ਅੰਤਰਰਾਸ਼ਟਰੀ ਸਰਹੱਦ ਅਤੇ ਵਾਹੀਯੋਗ ਜ਼ਮੀਨ ਨੂੰ ਖੋਰਾ ਲਾ ਰਹੇ ਹਨ ''ਦਰਿਆਈ ਪਾਣੀ''

Friday, Aug 11, 2017 - 06:42 AM (IST)

ਅੰਤਰਰਾਸ਼ਟਰੀ ਸਰਹੱਦ ਅਤੇ ਵਾਹੀਯੋਗ ਜ਼ਮੀਨ ਨੂੰ ਖੋਰਾ ਲਾ ਰਹੇ ਹਨ ''ਦਰਿਆਈ ਪਾਣੀ''

ਗੁਰਦਾਸਪੁਰ  (ਹਰਮਨਪ੍ਰੀਤ) - ਪੰਜਾਬ ਅੰਦਰ ਰਾਵੀ ਦਰਿਆ ਦੇ ਇਲਾਵਾ ਬਿਆਸ, ਸਤਲੁਜ, ਉਝ, ਚੱਕੀ ਅਤੇ ਹੋਰ ਦਰਿਆਵਾਂ ਦੇ ਪਾਣੀ ਹਰੇਕ ਸਾਲ ਸੈਂਕੜੇ ਏਕੜ ਜ਼ਮੀਨ ਨੂੰ ਲਪੇਟ ਵਿਚ ਲੈ ਕੇ ਵੱਡਾ ਨੁਕਸਾਨ ਕਰਦੇ ਹਨ ਪਰ ਇਸ ਦੇ ਬਾਵਜੂਦ ਇਨ੍ਹਾਂ ਦਰਿਆਵਾਂ ਦੇ ਪਾਣੀ ਨਾਲ ਹੋਣ ਵਾਲੇ ਵੱਡੇ ਨੁਕਸਾਨ ਨੂੰ ਰੋਕਣ ਲਈ ਸਰਕਾਰ ਵੱਲੋਂ ਨਾ ਤਾਂ ਸਥਾਈ ਪ੍ਰਬੰਧ ਕੀਤੇ ਜਾ ਸਕੇ ਹਨ ਅਤੇ ਨਾ ਹੀ ਆਰਜ਼ੀ ਪ੍ਰਬੰਧਾਂ ਲਈ ਲੋੜੀਂਦੇ ਫ਼ੰਡ ਦਿੱਤੇ ਜਾ ਰਹੇ ਹਨ। ਇਥੋਂ ਤੱਕ ਕਿ ਵੱਖ-ਵੱਖ ਜ਼ਿਲਿਆਂ ਵੱਲੋਂ ਹੜ੍ਹ ਰੋਕੂ ਪ੍ਰਬੰਧਾਂ ਲਈ ਮੰਗੇ ਗਏ 350 ਕਰੋੜ ਰੁਪਏ ਵਿਚੋਂ ਸਰਕਾਰ ਨੇ ਸਿਰਫ਼ 40 ਕਰੋੜ ਹੀ ਜਾਰੀ ਕੀਤੇ। ਇਸ ਕਾਰਨ ਨਾ ਤਾਂ ਦਰਿਆਵਾਂ ਨਾਲ ਸਬੰਧਿਤ ਕੰਮ ਹੋ ਸਕੇ ਅਤੇ ਨਾ ਹੀ ਇਸ ਸਾਲ ਨੌਮਨੀ, ਕਿਰਨ, ਸੱਕੀ ਤੇ ਹੋਰ ਸੇਮ ਨਾਲਿਆਂ ਦੀ ਸਫਾਈ ਹੋ ਸਕੀ ਹੈ। 
ਡੈਮ ਅਤੇ ਦਰਿਆਵਾਂ 'ਚ ਪਾਣੀ ਦੀ ਸਥਿਤੀ
ਅੱਜ ਸਵੇਰੇ 6 ਵਜੇ ਤੱਕ ਰਣਜੀਤ ਸਿੰਘ ਡੈਮ ਵਿਚ 16841 ਕਿਊਸਕ ਪਾਣੀ ਦੀ ਆਮਦ ਹੋਣ ਕਾਰਨ ਡੈਮ ਦੀ ਝੀਲ ਵਿਚ ਪਾਣੀ ਦਾ ਪੱਧਰ 523. 30 ਮੀਟਰ ਤੱਕ ਪਹੁੰਚ ਗਿਆ ਹੈ। ਡੈਮ ਦੇ ਤਿੰਨ ਯੂਨਿਟ ਚਲਾ ਕੇ ਛੱਡੇ ਜਾ ਰਹੇ 19779 ਕਿਊਸਕ ਪਾਣੀ ਵਿਚੋਂ ਮਾਧੋਪੁਰ ਤੋਂ ਮਜ਼ਬੂਰੀ ਵੱਸ ਕਰੀਬ 7200 ਕਿਊਸਿਕ ਵਾਧੂ ਪਾਣੀ ਰਾਵੀ ਦਰਿਆ ਵਿਚ ਛੱਡਿਆ ਜਾ ਰਿਹਾ ਹੈ। ਡੈਮ ਦੇ ਪਾਣੀ ਤੋਂ ਬਿਨਾਂ ਉਝ, ਤਰਨਾਹ, ਸ਼ਿੰਗਾਰਵਾਂ ਆਦਿ ਨਾਲਿਆਂ ਦਾ ਪਾਣੀ ਮਿਲਣ ਕਾਰਨ ਧਰਮਕੋਟ ਪੱਤਣ 'ਤੇ ਰਾਵੀ ਵਿਚ 1 ਲੱਖ 45 ਹਜ਼ਾਰ ਕਿਉਸਕ ਪਾਣੀ ਦਾ ਵਹਾਅ ਹੋ ਰਿਹਾ ਹੈ ਜਦੋਂ ਕਿ ਇਸ ਤੋਂ ਪਹਿਲਾਂ ਇਸ ਸਥਾਨ 'ਤੇ ਪਾਣੀ ਦੀ ਮਾਤਰਾ 1 ਲੱਖ ਕਿਊਸਕ ਦੇ ਆਸ-ਪਾਸ ਸੀ। ਦੂਸਰੇ ਪ੍ਰਮੁੱਖ ਦਰਿਆ ਬਿਆਸ ਵਿਚ ਢਿੱਲਵਾਂ ਵਿਖੇ ਲੱਗੀ ਗੇਜ ਮੁਤਾਬਿਕ ਬਿਆਸ ਵਿਚ ਅੱਜ 62000 ਕਿਊਸਿਕ ਪਾਣੀ ਵਹਿ ਰਿਹਾ ਹੈ। 
ਪਾਕਿਸਤਾਨ ਨੇ 7 ਫੁੱਟ ਉੱਚੀ ਕੀਤੀ ਧੁੱਸੀ 
ਪਾਕਿਸਤਾਨ ਨੇ ਪਾਣੀ ਦਾ ਵਹਾਅ ਭਾਰਤ ਵੱਲ ਨੂੰ ਕਰਨ ਲਈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੇੜੇ ਧੁੱਸੀ ਬੰਨ੍ਹ ਦੀ ਉਚਾਈ 6-7 ਫੁੱਟ ਤੱਕ ਵਧਾ ਦਿੱਤੀ ਹੈ। ਕਲਾਨੌਰ ਬਲਾਕ 'ਚ ਭਾਰਤ ਵਾਲੇ ਪਾਸੇ ਚੰਦੂ ਵਡਾਲਾ ਸਮੇਤ ਦਰਜਨ ਦੇ ਕਰੀਬ ਪਿੰਡ ਰਾਵੀ ਦੀ ਮਾਰ ਹੇਠ ਆ ਗਏ ਹਨ। ਡਰੇਨੇਜ ਵਿਭਾਗ ਨੇ 38 ਕਰੋੜ ਰੁਪਏ ਦਾ ਪ੍ਰੋਜੈਕਟ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਹੈ। ਪਰ ਮਾਨਸੂਨ ਦਾ ਅੱਧੇ ਤੋਂ ਜ਼ਿਆਦਾ ਮੌਸਮ ਲੰਘਣ ਦੇ ਬਾਵਜੂਦ ਅਜੇ ਤੱਕ ਸਰਕਾਰ ਵੱਲੋਂ ਲੋੜੀਂਦੀ ਰਾਸ਼ੀ ਜਾਰੀ ਨਹੀਂ ਕੀਤੀ ਗਈ। 
ਸਿਰਫ਼ 200 ਫੁੱਟ ਦੂਰ ਰਹਿ ਗਈ ਕੰਡਿਆਲੀ ਤਾਰ
ਡੇਰਾ ਬਾਬਾ ਨਾਨਕ ਹਲਕੇ ਅੰਦਰ ਰਾਵੀ ਦੇ ਪਾਣੀ ਨੇ ਚੰਦੂ ਵਡਾਲਾ ਨੇ ਨੇੜੇ ਕਰੀਬ 2400 ਫੁੱਟ ਜ਼ਮੀਨ ਨੂੰ ਢਾਹ ਲਗਾਈ ਹੈ ਅਤੇ ਇਸ ਖੋਰੇ ਤੋਂ ਕੰਡਿਆਲੀ ਤਾਰ ਸਿਰਫ਼ 200 ਮੀਟਰ ਦੂਰ ਹੈ। ਇਸੇ ਤਰ੍ਹਾਂ ਮੋਮਨਪੁਰ ਚੌਕੀ ਨੇੜੇ ਕਰੀਬ 1500 ਫੁੱਟ, ਧਰਮਕੋਟ ਨੇੜੇ ਗੁਰਚੱਕ ਨੇੜੇ 2500 ਫੁੱਟ ਲੰਮੇ ਖੋਰੇ ਸਮੇਤ ਕਈ ਥਾਵਾਂ 'ਤੇ ਰਾਵੀ ਦਾ ਪਾਣੀ ਨੁਕਸਾਨ ਪਹੁੰਚਾ ਰਿਹਾ ਹੈ। ਮਕੌੜਾ ਪੱਤਣ ਅਤੇ ਪਹਾੜੀਪੁਰ ਨੇੜੇ ਕਈ ਥਾਵਾਂ 'ਤੇ ਸਰਹੱਦ 'ਤੇ ਲੱਗੀ ਤਾਰ ਅਤੇ ਅੰਤਰਰਾਸ਼ਟਰੀ ਸਰਹੱਦ ਵੀ ਰਾਵੀ ਦੇ ਪਾਣੀ ਵਿਚਕਾਰ ਆ ਚੁੱਕੀ ਹੈ। 
ਬਿਆਸ ਤੇ ਚੱਕੀ ਦਰਿਆ ਵੀ ਬਣੇ ਮਾਰੂ 
ਚੱਕੀ ਦਰਿਆ 'ਚ ਪਾਣੀ ਦਾ ਤੇਜ਼ ਵਹਾਅ ਵੀ ਖ਼ਤਰਨਾਕ ਸਿੱਧ ਹੋ ਰਿਹਾ ਹੈ। ਚੱਕੀ ਦੇ ਪਾਣੀ ਨੇ ਪਠਾਨਕੋਟ ਮੈਮੂਨ ਬਾਈਪਾਸ ਨੇੜੇ ਰੇਲਵੇ ਲਾਈਨ ਕੋਲ ਕਰੀਬ 1200 ਫੁੱਟ ਜ਼ਮੀਨ ਨੂੰ ਖੋਰਾ ਲਾਇਆ ਹੈ। ਇਸ ਥਾਂ 'ਤੇ ਸਾਰੀ ਸਥਿਤੀ ਨੂੰ ਕੰਟਰੋਲ ਕਰਨ ਲਈ ਡਰੇਨੇਜ ਵਿਭਾਗ ਨੂੰ ਪੌਣੇ ਦੋ ਕਰੋੜ ਰੁਪਏ ਦੀ ਜ਼ਰੂਰਤ ਹੈ ਪਰ ਸਰਕਾਰ ਵੱਲੋਂ ਲੋੜੀਂਦੇ ਫ਼ੰਡ ਜਾਰੀ ਨਹੀਂ ਕੀਤੇ ਜਾ ਰਹੇ। ਡਰੇਨੇਜ ਵਿਭਾਗ ਬਿਆਸ ਦਰਿਆ 'ਚ ਮੌਜਪੁਰ ਨੇੜੇ ਵੀ ਲੱਗ ਰਹੇ ਖੋਰੇ ਨੂੰ ਰੋਕਣ ਲਈ ਲੋੜੀਂਦੇ 20 ਲੱਖ ਰੁਪਏ ਫ਼ੰਡਾਂ ਦੀ ਘਾਟ ਵੀ ਪੂਰੀ ਨਹੀਂ ਕੀਤੀ ਗਈ। ਫੱਤੂ ਬਰਕਤ ਨੇੜੇ 1900 ਫੁੱਟ, ਕੀੜੀ ਮਿੱਲ ਨੇੜੇ 1800 ਫੁੱਟ ਲੰਮੇ ਖੋਰੇ ਨੂੰ ਰੋਕਣ ਲਈ ਵੀ ਵਿਭਾਗ ਫ਼ੰਡਾਂ ਦੀ ਘਾਟ ਨਾਲ ਜੂਝ ਰਿਹਾ ਹੈ।


Related News