ਪੰਜਾਬੀਆਂ ਨੂੰ ਡਰਾ ਕੇ ਵੋਟਾਂ ਲੈਣ ਵਾਲੀਆਂ ਏਜੰਸੀਆਂ ਦਾ ਜਲਦ ਹੋਵੇਗਾ ਖ਼ੁਲਾਸਾ : CM ਚੰਨੀ

Thursday, Dec 23, 2021 - 06:08 PM (IST)

ਪੰਜਾਬੀਆਂ ਨੂੰ ਡਰਾ ਕੇ ਵੋਟਾਂ ਲੈਣ ਵਾਲੀਆਂ ਏਜੰਸੀਆਂ ਦਾ ਜਲਦ ਹੋਵੇਗਾ ਖ਼ੁਲਾਸਾ : CM ਚੰਨੀ

ਲੁਧਿਆਣਾ (ਬਿਊਰੋ)-ਲੁਧਿਆਣਾ ਦੀ ਜ਼ਿਲ੍ਹਾ ਕਚਹਿਰੀ 'ਚ ਹੋਏ ਵੱਡੇ ਧਮਾਕੇ ਤੋਂ ਬਾਅਦ ਜਾਇਜ਼ਾ ਲੈਣ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡਾ ਬਿਆਨ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਧਮਾਕੇ ਕਰ ਕੇ ਪੰਜਾਬੀਆਂ ਨੂੰ ਡਰਾ ਕੇ ਵੋਟਾਂ ਲੈਣ ਵਾਲੀਆਂ ਏਜੰਸੀਆਂ ਦਾ ਜਲਦ ਖੁਲਾਸਾ ਕੀਤਾ ਜਾਵੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ’ਚ ਅਮਨ ਕਾਨੂੰਨ ਦੀ ਵਿਵਸਥਾ ਕਿਸੇ ਵੀ ਹਾਲਤ ’ਚ ਭੰਗ ਨਹੀਂ ਹੋਣ ਦਿੱਤੀ ਜਾਵੇਗੀ। ਪੰਜਾਬ ’ਚ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਪਿੱਛੇ ਕਿਹੜੀਆਂ ਏਜੰਸੀਆਂ ਹਨ ਜਾਂ ਕਿਹੜਾ ਗੈਂਗ ਹੈ, ਉਸ ਬਾਰੇ ਤਫ਼ਤੀਸ਼ ਚੱਲ ਰਹੀ ਹੈ। ਇਸ ਨੂੰ ਲੈ ਕੇ ਬਹੁਤ ਜਲਦ ਹੀ ਕਿਸੇ ਨਤੀਜੇ ’ਤੇ ਪਹੁੰਚ ਜਾਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ  ਪੁਲਸ ਨੇ ਵੱਡੇ-ਵੱਡੇ ਕੰਮ ਕੀਤੇ ਹਨ ਤੇ ਉਹ ਹਰ ਮੁਸੀਬਤ ਨਾਲ ਨਜਿੱਠਣ ਦੇ ਸਮਰੱਥ ਹੈ।

ਇਹ ਵੀ ਪੜ੍ਹੋ : ਬੇਅਦਬੀ ਮਾਮਲਿਆਂ 'ਤੇ ਬੋਲੇ ਪ੍ਰਕਾਸ਼ ਸਿੰਘ ਬਾਦਲ, ਕਾਰਵਾਈ ਨਾ ਹੋਣ ਦੇ ਰੋਸ ਵਜੋਂ 2 ਜਨਵਰੀ ਨੂੰ ਹੋਵੇਗਾ ਪੰਥਕ ਇਕੱਠ

ਉਨ੍ਹਾਂ ਕਿਹਾ ਕਿ ਕੋਈ ਆਪਣੇ ਆਪ ਨੂੰ ਬਚਾਉਣ ਲਈ ਇਹ ਸਭ ਕੁਝ ਕਰ ਰਿਹਾ ਹੈ ਤੇ ਸਾਡੀਆਂ ਏਜੰਸੀਆਂ ਸਭ ਕੁਝ ਸਾਫ਼ ਕਰ ਦੇਣਗੀਆਂ। ਪੰਜਾਬੀਆਂ ਨੇ ਅੱਤਵਾਦ ਦਾ ਵੀ ਡਟ ਕੇ ਮੁਕਾਬਲਾ ਕੀਤਾ ਸੀ। ਪੰਜਾਬ ਦੀ ਅਮਨ ਸ਼ਾਂਤੀ ਕਿਸੇ ਵੀ ਹਾਲਤ ’ਚ ਭੰਗ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਮਜ਼ਬੂਤ ਹੈ ਅਤੇ ਮਜ਼ਬੂਤ ਰਹੇਗਾ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਸਬੰਧੀ ਦੋ ਦਿਨਾਂ ’ਚ ਜਾਂਚ ਮੁਕੰਮਲ ਕਰਨ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਨੇ ਆਪਣੀ ਇਕ ਸਿੱਟ ਬਣਾ ਲਈ ਹੈ। ਉਨ੍ਹਾਂ ਨੇ ਆਪ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਅਸੀਂ ਕਿਸੇ ਵੀ ਤਰ੍ਹਾਂ ਧਰਮ ’ਚ ਦਖਲਅੰਦਾਜ਼ੀ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਦੀ ਸਿੱਟ ਦੀ ਰਿਪੋਰਟ ਆਉਣ ਤੋਂ ਬਾਅਦ ਉਹ ਸਰਕਾਰੀ ਕਾਰਵਾਈ ਕਰਨਗੇ। ਉਹ ਪੰਜਾਬ ਨੂੰ ਇਕ ਸੁਰੱਖਿਅਤ ਸੂਬੇ ਵਜੋਂ ਰੱਖਣਗੇ ਤੇ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਮੁੱਖ ਮੰਤਰੀ ਚੰਨੀ ਨੇ ਅੱਜ ਸਵਾਲ ਕੀਤਾ ਕਿ ਮਜੀਠੀਆ ਵਿਰੁੱਧ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਹੀ ਅਜਿਹੀਆਂ ਘਿਨੌਣੀਆਂ ਘਟਨਾਵਾਂ ਕਿਉਂ ਵਾਪਰੀਆਂ ? ਇਹ ਦਲੀਲ ਦਿੰਦਿਆਂ ਕਿ ਕੁਝ ਪੰਜਾਬ ਵਿਰੋਧੀ ਤਾਕਤਾਂ ਹਨ ਜੋ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਇਹ ਵੀ ਕਿਹਾ ਕਿ ਮਜੀਠੀਆ ’ਤੇ ਮਾਮਲਾ ਦਰਜ ਹੋਣ ਤੋਂ ਬਾਅਦ ਹੀ ਸਾਰੀਆਂ ਬੇਅਦਬੀ ਵਾਲੀਆਂ ਘਟਨਾਵਾਂ ਅਤੇ ਧਮਾਕੇ ਕਿਉਂ ਹੋ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ, ‘‘ਅਸੀਂ ਹਾਲ ਹੀ ’ਚ ਵਾਪਰੀਆਂ ਘਿਨੌਣੀਆਂ ਘਟਨਾਵਾਂ ਦੀ ਜਾਂਚ ਇਸ ਪੱਖੋਂ ਵੀ ਕਰ ਰਹੇ ਹਾਂ।” ਉਨ੍ਹਾਂ ਅੱਗੇ ਕਿਹਾ ਕਿ ਸਿਰਫ ਇੱਕ ਕੇਸ ਨੇ ਮਜੀਠੀਆ ਨੂੰ ਲੁਕਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਜੇਕਰ ਅਕਾਲੀ ਆਗੂ ਨੇ ਕੁਝ ਗਲਤ ਨਹੀਂ ਕੀਤਾ ਹੈ ਤਾਂ ਉਸ ਨੂੰ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ 'ਤੇ ਨਿਸ਼ਾਨਾਂ ਵਿੰਨ੍ਹਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਦੋਵਾਂ ਨੇ ਵੱਡੀ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਮਹਾਨ ਵਿਰਾਸਤ ਨੂੰ ਢਾਹ ਲਾਈ ਹੈ ਅਤੇ ਨਸ਼ਾ ਤਸਕਰੀ ਅਤੇ ਬੇਅਦਬੀ ਵਾਲੀਆਂ ਘਟਨਾਵਾਂ ਵਿੱਚ ਸ਼ਾਮਲ ਹੋ ਕੇ ਅਕਾਲੀ ਦਲ ਦੇ ਨਾਮ ਨੂੰ ਗੰਦਲਾ ਕੀਤਾ ਹੈ। ਆਮ ਆਦਮੀ ਪਾਰਟੀ (ਆਪ) 'ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਡਰੱਗ ਮਾਮਲੇ 'ਚ ਮਜੀਠੀਆ ਤੋਂ ਮੁਆਫੀ ਮੰਗੀ ਸੀ ਜਦਕਿ ਕੇਜਰੀਵਾਲ ਨੇ ਪਿਛਲੀਆਂ ਚੋਣਾਂ ਦੌਰਾਨ ਅਕਾਲੀ ਆਗੂ 'ਤੇ ਨਸ਼ਾ ਤਸਕਰੀ ਦੇ ਦੋਸ਼ ਲਗਾ ਕੇ ਵੋਟਾਂ ਮੰਗੀਆਂ ਸਨ। ਹੁਣ ਭਗਵੰਤ ਮਾਨ ਅਤੇ ਹੋਰ 'ਆਪ' ਆਗੂਆਂ ਨੂੰ ਨਸ਼ਾ ਤਸਕਰ ਮਜੀਠੀਆ ਦਾ ਸਾਥ ਦੇਣ ਲਈ ਸੂਬੇ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ, ਜਿਸ ਨੇ ਨਸ਼ਿਆਂ ਦੇ ਕਾਰੋਬਾਰ ਦਾ ਸਰਗਣਾ ਬਣ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿੱਚ ਨਸ਼ਾ ਤਸਕਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਾਰੀਆਂ ਪੰਜਾਬ ਵਿਰੋਧੀ ਤਾਕਤਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

Manoj

Content Editor

Related News