30 ਲੱਖ ਲੋਕਾਂ ਨੂੰ ਨਵੀਂ ਬੀਮਾ ਯੋਜਨਾ ''ਚ ਕਵਰ ਕੀਤਾ ਜਾਵੇਗਾ : ਬ੍ਰਹਮ ਮਹਿੰਦਰਾ

04/05/2018 6:49:28 AM

ਚੰਡੀਗੜ੍ਹ (ਬਿਊਰੋ) - ਪੰਜਾਬ 'ਚ ਲਗਭਗ 30 ਲੱਖ ਲੋਕਾਂ ਨੂੰ ਨਵੀਂ ਬੀਮਾ ਯੋਜਨਾ ਅਧੀਨ ਕਵਰ ਕੀਤਾ ਜਾਵੇਗਾ। ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਰੇਕ ਪਰਿਵਾਰ ਨੂੰ ਮੁਫ਼ਤ ਸਿਹਤ ਬੀਮਾ ਉਪਲੱਬਧ ਕਰਵਾਇਆ ਜਾਵੇਗਾ। ਇਸ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਮੰਤਰੀ ਬ੍ਰਹਮ ਮਹਿੰਦਰਾ ਨੇ ਸਮੂਹ ਸਿਵਲ ਸਰਜਨਾਂ ਨੂੰ ਨਿਰਦੇਸ਼ ਦਿੱਤੇ ਕਿ ਯੋਜਨਾ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਲਾਭ ਲੈ ਸਕਣ। ਇਹ ਨਿਰਦੇਸ਼ ਦਫ਼ਤਰ, ਡਾਇਰੈਕਟੋਰੇਟ ਹੈਲਥ ਸਰਵਿਸਿਜ਼, ਸੈਕਟਰ 34-ਏ ਵਿਚ ਕਰਵਾਈ ਸਿਵਲ ਸਰਜਨ ਕਾਨਫਰੰਸ ਵਿਚ ਦਿੱਤੇ ਗਏ।
ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਨੈਸ਼ਨਲ ਹੈਲਥ ਪ੍ਰੋਟੈਕਸ਼ਨ ਸਕੀਮ ਅਧੀਨ ਆਯੁਸ਼ਮਾਨ ਭਾਰਤ ਦਿਵਸ 30 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ ਅਤੇ ਇਸੇ ਦਿਨ ਹੀ ਪੰਚਾਇਤ ਘਰਾਂ 'ਚ ਪੰਚਾਇਤ ਸੈਕਟਰੀਆਂ ਦੀ ਪ੍ਰਧਾਨਗੀ ਹੇਠ ਗ੍ਰਾਮ ਸਭਾ ਦਿਵਸ ਮਨਾਇਆ ਜਾਵੇਗਾ, ਜਿਸ ਵਿਚ ਪਿੰਡਾਂ ਦੇ ਲੋਕਾਂ ਨੂੰ ਇਕੱਠਾ ਕਰ ਕੇ ਲਿਸਟ ਲਾਈ ਜਾਵੇਗੀ। ਉਸ ਲਿਸਟ 'ਚ ਜਿਨ੍ਹਾਂ ਲੋਕਾਂ ਦਾ ਨਾਂ ਨਹੀਂ ਸ਼ਾਮਲ ਹਨ, ਉਨ੍ਹਾਂ ਦੇ ਨਾਂ ਮੌਕੇ 'ਤੇ ਹੀ ਸ਼ਾਮਲ ਕੀਤੇ ਜਾ ਸਕਦੇ ਹਨ ਅਤੇ ਮੋਬਾਇਲ ਨੰਬਰ, ਆਧਾਰ ਕਾਰਡ, ਰਾਸ਼ਨ ਕਾਰਡ ਦੀ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ।


Related News