ਦੀਵਾਲੀ ''ਤੇ ਪਟਾਕੇ ਵੇਚਣ ਲਈ ਹਦਾਇਤਾਂ ਜਾਰੀ
Tuesday, Oct 22, 2024 - 11:20 AM (IST)
ਚੰਡੀਗੜ੍ਹ/ਮੋਹਾਲੀ (ਪ੍ਰੀਕਸ਼ਿਤ, ਨਿਆਮੀਆਂ) : ਚੰਡੀਗੜ੍ਹ ਤੇ ਮੋਹਾਲੀ ਪ੍ਰਸ਼ਾਸਨ ਨੇ ਸੋਮਵਾਰ ਨੂੰ ਦੀਵਾਲੀ ਮੌਕੇ ਪਟਾਕਿਆਂ ਦੀਆਂ ਦੁਕਾਨਾਂ ਲਈ ਆਰਜ਼ੀ ਲਾਇਸੈਂਸ ਜਾਰੀ ਕੀਤੇ ਹਨ। ਪ੍ਰਸ਼ਾਸਨ ਦੀਆਂ ਹਦਾਇਤਾਂ ਤਹਿਤ ਸਿਰਫ਼ ਗਰੀਨ ਪਟਾਕੇ ਵੇਚੇ ਜਾਣਗੇ। ਇਸ ਲਈ ਚੰਡੀਗੜ੍ਹ ’ਚ 12 ਥਾਵਾਂ ’ਤੇ 96 ਦੁਕਾਨਾਂ ਲੱਗਣਗੀਆਂ। ਪਟਾਕਿਆਂ ਦੀਆਂ ਦੁਕਾਨਾਂ ਲਈ ਕੁੱਲ 2836 ਲੋਕਾਂ ਨੇ ਅਪਲਾਈ ਕੀਤਾ ਸੀ। ਦੂਜੇ ਪਾਸੇ ਮੋਹਾਲੀ ’ਚ ਪਟਾਕੇ ਵੇਚਣ ਲਈ 13 ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਇਸ ਲਈ 44 ਆਰਜ਼ੀ ਲਾਇਸੈਂਸ ਜਾਰੀ ਕੀਤੇ ਗਏ ਹਨ। ਕੁੱਲ 1611 ਲੋਕਾਂ ਨੇ ਲਾਇਸੈਂਸ ਲੈਣ ਲਈ ਅਪਲਾਈ ਕੀਤਾ ਸੀ। ਦੀਵਾਲੀ ਮੌਕੇ 29 ਤੋਂ 31 ਅਕਤੂਬਰ ਤੱਕ ਹੀ ਦੁਕਾਨਾਂ ਸਜਣਗੀਆਂ। ਇਸ ਤੋਂ ਇਲਾਵਾ ਬਨੂੜ ’ਚ ਪਟਾਕਿਆਂ ਦੀ ਵਿਕਰੀ ਲਈ 4 ਲਾਇਸੈਂਸਾਂ ਵਾਸਤੇ 50, ਖਰੜ, ਕੁਰਾਲੀ ਤੇ ਨਵਾਂਗਾਓਂ ’ਚ ਲਾਇਸੈਂਸਾਂ ਵਾਸਤੇ 21, ਡੇਰਾਬੱਸੀ, ਲਾਲੜੂ ਤੇ ਜ਼ੀਰਕਪੁਰ ’ਚ 209 ਅਰਜ਼ੀਆਂ ਮਿਲੀਆਂ ਸਨ। ਅਰਜ਼ੀਆਂ ਦਾ ਆਨਲਾਈਨ ਡਰਾਅ ਸੈਕਟਰ-23 ਸਥਿਤ ਬਾਲ ਭਵਨ ਵਿਖੇ ਕੱਢਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ Update, ਕੱਢ ਲਓ ਗਰਮ ਕੱਪੜੇ
ਦੀਵਾਲੀ ਮੌਕੇ 31 ਅਕਤੂਬਰ ਸ਼ਾਮ 8 ਤੋਂ 10 ਵਜੇ ਤੱਕ ਚਲਾਏ ਜਾ ਸਕਣਗੇ ਪਟਾਕੇ
ਡੀ.ਸੀ. ਮੋਹਾਲੀ ਆਸ਼ਿਕਾ ਜੈਨ ਨੇ ਦੱਸਿਆ ਕਿ ਦੀਵਾਲੀ ਮੌਕੇ 31 ਅਕਤੂਬਰ ਸ਼ਾਮ 8 ਤੋਂ 10 ਵਜੇ ਤੇ ਗੁਰਪੁਰਬ ਨੂੰ 15 ਨਵੰਬਰ ਸਵੇਰੇ 4 ਤੋਂ 5 ਵਜੇ ਤੇ ਰਾਤ 9 ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜ਼ਾਜਤ ਹੋਵੇਗੀ। ਕ੍ਰਿਸਮਿਸ ਮੌਕੇ 25-26 ਦਸੰਬਰ ਨੂੰ ਸਿਰਫ ਰਾਤ 11:55 ਤੋਂ ਰਾਤ 12:30 ਵਜੇ ਅਤੇ ਨਵੇਂ ਸਾਲ ਦੀ ਸ਼ੁਰੂਆਤ ਮੌਕੇ 31 ਦਸੰਬਰ ਨੂੰ ਸਿਰਫ਼ ਰਾਤ 11:55 ਤੋਂ ਰਾਤ 12:30 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਣਗੇ। ਇਸ ਤੋਂ ਇਲਾਵਾ ਦੀਵਾਲੀ ਮੌਕੇ 29 ਤੋਂ 31 ਅਕਤੂਬਰ ਸਵੇਰੇ 10 ਤੋਂ ਸ਼ਾਮ 7.30 ਵਜੇ ਤੇ ਗੁਰਪੁਰਬ ਮੌਕੇ 15 ਨਵੰਬਰ ਸਵੇਰੇ 10 ਤੋਂ ਸ਼ਾਮ 7.30 ਵਜੇ ਤੱਕ ਸਟਾਲ ਲਾਏ ਜਾ ਸਕਣਗੇ। ਕੋਈ ਵੀ ਵਿਅਕਤੀ ਗ਼ੈਰ-ਕਾਨੂੰਨੀ ਤਰੀਕੇ ਨਾਲ ਪਟਾਕੇ ਸਟੋਰ ਨਹੀਂ ਕਰ ਸਕੇਗਾ।
ਇਹ ਵੀ ਪੜ੍ਹੋ : ਅਕਾਲੀ ਦਲ ਨੇ ਅੱਜ ਸੱਦੀ ਅਹਿਮ ਮੀਟਿੰਗ, ਜ਼ਿਮਨੀ ਚੋਣਾਂ ਬਾਰੇ ਹੋ ਸਕਦੀ ਹੈ ਚਰਚਾ
ਏ. ਡੀ. ਸੀ. ਤੋਂ ਗੁਰਪੁਰਬ ਮੌਕੇ ਪਟਾਕੇ ਵੇਚਣ ਦੀ ਇਜ਼ਾਜਤ ਮੰਗੀ
ਚੰਡੀਗੜ੍ਹ ’ਚ ਡਰਾਅ ਦੌਰਾਨ ਹਾਜ਼ਰ ਏ. ਡੀ. ਸੀ. ਦੇ ਸਾਹਮਣੇ ਕਰੈਕਰ ਡੀਲਰਜ਼ ਐਸੋਸੀਏਸ਼ਨ ਨੇ ਕਈ ਸਮੱਸਿਆਵਾਂ ਰੱਖੀਆਂ। ਐਸੋਸੀਏਸ਼ਨ ਦੇ ਜਨਰਲ ਸਕੱਤਰ ਚਿਰਾਗ ਅਗਰਵਾਲ ਨੇ ਕਿਹਾ ਕਿ ਸਾਈਟਾਂ ’ਤੇ ਘਾਹ ਆਦਿ ਨਹੀਂ ਹੋਣਾ ਚਾਹੀਦਾ ਕਿਉਂਕਿ ਅੱਗ ਲੱਗਣ ਦਾ ਖ਼ਤਰਾ ਰਹਿੰਦਾ ਹੈ। 29 ਅਕਤੂਬਰ ਤੋਂ ਪਟਾਕਿਆਂ ਦੇ ਸਟਾਲ ਲਾਏ ਜਾਣਗੇ ਕਿਉਂਕਿ ਕਈ ਥਾਵਾਂ ’ਤੇ ਮੰਡੀਆਂ ਲਗੀਆਂ ਹੁੰਦੀਆਂ ਹਨ। ਉਹ ਰਾਤ 2-3 ਵਜੇ ਆਪਣਾ ਸਾਮਾਨ ਚੁੱਕਦੇ ਹਨ। ਹਰ ਵਾਰ ਉਨ੍ਹਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਸਟਾਲ ਲਗਾਉਣ ਨਾਲ ਸਬੰਧਿਤ ਸਾਮਾਨ 27 ਤੋਂ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਵਿਭਾਗ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਸਾਈਟ ਕਲੀਅਰ ਹੋਵੇ। ਐਸੋਸੀਏਸ਼ਨ ਪ੍ਰਧਾਨ ਦਵਿੰਦਰ ਗੁਪਤਾ ਨੇ ਕਿਹਾ ਕਿ ਜਦੋਂ ਪ੍ਰਸ਼ਾਸਨ ਨੇ ਗੁਰਪੁਰਬ ’ਤੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਹੈ ਤਾਂ ਵਿਕਰੇਤਾਵਾਂ ਨੂੰ ਵੀ ਪਟਾਕੇ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ 2 ਦਿਨਾਂ ਅੰਦਰ ਪੁਲਸ ਵੈਰੀਫਿਕੇਸ਼ਨ ਮੁਕੰਮਲ ਕਰ ਕੇ 25 ਅਕਤੂਬਰ ਤੋਂ ਪਹਿਲਾਂ ਲਾਇਸੈਂਸ ਜਾਰੀ ਕਰਨ ਦੀ ਮੰਗ ਕੀਤੀ। ਚਾਇਨੀਜ਼ ਪਟਾਕਿਆਂ ’ਤੇ ਪਾਬੰਦੀ ਲਾਈ ਗਈ ਹੈ। ਸਾਰੇ ਦੁਕਾਨਦਾਰਾਂ ਨੂੰ ਸਟਾਕ ਰਿਕਾਰਡ ਅਤੇ ਖਾਤੇ ਰੱਖਣੇ ਹੋਣਗੇ। ਇਸ ਦੀ ਜਾਂਚ ਕੀਤੀ ਜਾਵੇਗੀ। ਰੇਤ ਦੀਆਂ ਬੋਰੀਆਂ, ਪਾਣੀ ਅਤੇ ਅੱਗ ਬੁਝਾਊ ਯੰਤਰ ਵੀ ਦੁਕਾਨ ਦੇ ਨਾਲ ਰੱਖਣਾ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8