ਗਰੀਬਾਂ ਦੀ ਕਣਕ ''ਤੇ ਡਾਕਾ ਮਾਰਨ ਵਾਲੇ ਇੰਸਪੈਕਟਰਾਂ ''ਤੇ ਕੇਸ ਦਰਜ

Friday, Aug 11, 2017 - 04:40 AM (IST)

ਗਰੀਬਾਂ ਦੀ ਕਣਕ ''ਤੇ ਡਾਕਾ ਮਾਰਨ ਵਾਲੇ ਇੰਸਪੈਕਟਰਾਂ ''ਤੇ ਕੇਸ ਦਰਜ

ਮੁੱਲਾਂਪੁਰ ਦਾਖਾ, (ਕਾਲੀਆ, ਸੰਜੀਵ)- ਸਥਾਨਕ ਰਕਬਾ ਰੋਡ 'ਤੇ ਸਥਿਤ ਸ਼ੈਲਰ ਵਿਚ ਪਨਗ੍ਰੇਨ ਵੱਲੋਂ ਬਣਾਏ ਗਏ ਗੁਦਾਮ ਦੀ ਅਜੇਵੀਰ ਸਿੰਘ ਸਰਾਓ ਡਿਪਟੀ ਡਾਇਰੈਕਟਰ ਫੂਡ ਐਂਡ ਸਿਵਲ ਸਪਲਾਈ ਵੱਲੋਂ ਚੈਕਿੰਗ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੇ ਗੁਦਾਮ 'ਚ ਪਈ ਕਣਕ ਦਾ ਸਟਾਕ ਚੈੱਕ ਕੀਤਾ ਅਤੇ ਕਣਕ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ।
ਸ. ਸਰਾਓ ਅਨੁਸਾਰ ਸਟਾਕ ਦੀ ਚੈਕਿੰਗ ਦੌਰਾਨ ਔਸਤਨ ਨਾਲੋਂ 300 ਬੋਰੀਆਂ ਵੱਧ ਪਾਈਆਂ ਗਈਆਂ ਅਤੇ ਕੁਝ ਕਣਕ ਵੀ ਖਿੱਲਰੀ ਪਾਈ ਗਈ। ਉਨ੍ਹਾਂ ਕਿਹਾ ਕਿ ਇਸ ਦੀ ਰਿਪੋਰਟ ਡਾਇਰੈਕਟਰ ਫੂਡ ਐਂਡ ਸਿਵਲ ਸਪਲਾਈ ਅਨੰਦਿਤਾ ਮਿੱਤਰਾ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤੀ ਹੈ। ਚੈਕਿੰਗ ਦੌਰਾਨ ਡਿਪਟੀ ਡਾਇਰੈਕਟਰ ਸਮੇਤ ਡੀ. ਐੱਫ. ਐੱਸ. ਓ. ਗੁਰਵਿੰਦਰ ਸਿੰਘ, ਏ. ਐੱਫ. ਐੱਸ. ਓ. ਗੁਰਸ਼ਰਨ ਸਿੰਘ ਅਤੇ ਨਵਨੀਤ ਕੌਰ ਆਦਿ ਸਟਾਫ ਹਾਜ਼ਰ ਸੀ। ਇੱਥੇ ਜ਼ਿਕਰਯੋਗ ਹੈ ਕਿ ਆਟਾ-ਦਾਲ ਸਕੀਮ ਅਧੀਨ ਗਰੀਬ ਲੋੜਵੰਦਾਂ ਨੂੰ 2 ਰੁਪਏ ਪ੍ਰਤੀ ਕਿਲੋ ਵੰਡਣ ਵਾਲੀ ਕਣਕ ਜੋ ਕਿ ਪਲਾਸਟਿਕ ਦੇ ਗੱਟੂਆਂ ਵਿਚ ਸੀ, ਵਿਚੋਂ ਤਿੰਨ ਕਿਲੋ ਕਣਕ ਕੱਢ ਕੇ ਬੋਰੀ ਵਾਲੇ ਬਾਰਦਾਨੇ 'ਚ ਮਜ਼ਦੂਰਾਂ ਵੱਲੋਂ ਪਾਈ ਜਾ ਰਹੀ ਸੀ ਅਤੇ ਕਣਕ ਦਾ ਵਜ਼ਨ ਵਧਾਉਣ ਲਈ ਉਸ ਉੱਪਰ ਪਾਣੀ ਪਾਇਆ ਜਾ ਰਿਹਾ ਸੀ, ਜਿਸ ਦੀ ਅਚਨਚੇਤ ਚੈਕਿੰਗ ਡਿਪਟੀ ਕਮਿਸ਼ਨਰ ਅਗਰਵਾਲ, ਵਿਭਾਗ ਦੇ ਅਧਿਕਾਰੀ ਰਾਕੇਸ਼ ਭਾਸਕਰ ਸਮੇਤ ਹੋਰ ਅਧਿਕਾਰੀਆਂ ਨੇ ਕੀਤੀ ਸੀ, ਜਿਸ ਦੌਰਾਨ 11 ਮਜ਼ਦੂਰਾਂ ਕਣਕ ਦੀ ਭਰਾਈ ਕਰਦੇ ਹੋਏ ਮੌਕੇ 'ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। 
ਫੂਡ ਕੰਟਰੋਲਰ ਰਾਕੇਸ਼ ਭਾਸਕਰ ਨੇ ਦੱਸਿਆ ਕਿ ਪਨਗ੍ਰੇਨ ਦੇ ਇੰਸਪੈਕਟਰ ਮਨਿੰਦਰ ਪ੍ਰਤਾਪ ਅਤੇ ਸੁਰਿੰਦਰਜੀਤ ਸਿੰਘ ਇੰਸਪੈਕਟਰ ਫੂਡ ਐਂਡ ਸਿਵਲ ਸਪਲਾਈ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸ ਘਪਲੇ 'ਚ ਕਈ ਹੋਰ ਅਧਿਕਾਰੀ ਵੀ ਅੜਿੱਕੇ ਆਉਣਗੇ ਅਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਥੇ ਗੌਰਤਲਬ ਹੈ ਕਿ ਪਨਗਰੇਨ ਗੋਦਾਮ ਵਿਚ ਅਫਸਰਾਂ ਦੀ ਕਥਿਤ ਮਿਲੀਭੁਗਤ ਨਾਲ ਲੇਬਰ ਨੂੰ ਲਾ ਕੇ ਗਰੀਬਾਂ ਨੂੰ ਵੰਡਣ ਵਾਲੀਆਂ ਕਣਕ ਦੀਆਂ ਬੋਰੀਆਂ 30 ਕਿਲੋ ਭਰਤੀ ਵਿਚੋਂ ਕਰੀਬ 3 ਕਿਲੋ ਕਣਕ ਕੱਢ ਲਈ ਜਾਂਦੀ ਸੀ ਅਤੇ ਕੱਢੀ ਕਣਕ ਦੀਆਂ ਬੋਰੀਆਂ ਦਾ ਭਾਰ ਵਧਾਉਣ ਲਈ ਉਸ ਉੱਪਰ ਪਾਣੀ ਪਾ ਦਿੱਤਾ ਜਾਂਦਾ ਸੀ ਅਤੇ ਕਣਕ ਫੁੱਲ ਕੇ 30 ਕਿੱਲੋ ਦੇ ਬਰਾਬਰ ਹੋ ਜਾਂਦੀ ਹੈ, ਜਿਸ ਨੂੰ ਗਰੀਬਾਂ 'ਚ ਵੰਡ ਦਿੱਤਾ ਜਾਂਦਾ ਹੈ।


Related News