ਤਹਿਸੀਲ ਕੰਪਲੈਕਸ ’ਚ ਮਚੀ ਤੜਥੱਲੀ, ਅਸ਼ਟਾਮ ਫਰੋਸ਼ਾਂ ਦੇ ਰਿਕਾਰਡ ਦਾ ਹੋਇਆ ਨਿਰੀਖਣ

06/26/2020 4:22:42 PM

ਜਲੰਧਰ(ਚੋਪੜਾ) – ਤਹਿਸੀਲ ਕੰਪਲੈਕਸ ਦੇ ਵਸੀਕਾ ਨਵੀਸਾਂ ਅਤੇ ਅਸ਼ਟਾਮ ਫਰੋਸ਼ਾਂ ਵਿਚ ਅੱਜ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਅਸਿਸਟੈਂਟ ਕਮਿਸ਼ਨਰ ਹਰਪ੍ਰੀਤ ਸਿੰਘ (ਆਈ. ਏ. ਐੱਸ.) ਨੇ ਅਚਨਚੇਤ ਦੌਰਾ ਕਰ ਕੇ ਬੂਥਾਂ ਵਿਚ ਬੈਠਣ ਵਾਲੇ ਵਸੀਕਾ ਨਵੀਸਾਂ ਅਤੇ ਅਸ਼ਟਾਮ ਫਰੋਸ਼ਾਂ ਦੇ ਰਿਕਾਰਡ ਨੂੰ ਜਾਂਚਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਸਬ-ਰਜਿਸਟਰਾਰ-2 ਲਖਵਿੰਦਰਪਾਲ ਸਿੰਘ ਗਿੱਲ ਵੀ ਮੌਜੂਦ ਸਨ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਤਹਿਸੀਲ ਵਿਚ ਅਸ਼ਟਾਮਾਂ ਦੀ ਕਿੱਲਤ ਵਿਖਾ ਕੇ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ। ਲੋਕਾਂ ਤੋਂ 50, 100, 500 ਅਤੇ 1000 ਰੁਪਏ ਦੇ ਅਸ਼ਟਾਮਾਂ ਦੀ ਵਿਕਰੀ ਦੌਰਾਨ ਬਣਦੀ ਰਕਮ ਤੋਂ ਦੁੱਗਣੀਆਂ ਕੀਮਤਾਂ ਵਸੂਲੀਆਂ ਜਾ ਰਹੀਆਂ ਹਨ, ਜਿਸ ਕਾਰਣ ਐਫੀਡੇਵਿਟ,ਐਗਰੀਮੈਂਟ, ਵਸੀਅਤ ਅਤੇ ਰਜਿਸਟਰੀ ਕਰਵਾਉਣ ਵਾਲੇ ਲੋਕਾਂ ਨੂੰ ਛੋਟੇ ਅਸ਼ਟਾਮਾਂ ਦੀ ਬਲੈਕ ਕਾਰਣ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸ਼ਿਕਾਇਤਾਂ ਮਿਲੀਆਂ ਸਨ ਕਿ ਵਸੀਕਾ ਨਵੀਸ ਰਜਿਸਟਰੀ ਲਿਖਣ ਦੌਰਾਨ ਹੋਣ ਵਾਲੀ ਐਂਟਰੀ ਵਿਚ ਕੁਝ ਖਾਲੀ ਸਥਾਨ ਛੱਡ ਰਹੇ ਹਨ ਤਾਂ ਕਿ ਜ਼ਰੂਰਤ ਅਨੁਸਾਰ ਇਨ੍ਹਾਂ ਖਾਲੀ ਸਥਾਨਾਂ ਨੂੰ ਭਰਿਆ ਜਾ ਸਕੇ। ਅਸਿਸਟੈਂਟ ਕਮਿਸ਼ਨਰ ਨੇ ਕਾਰਵਾਈ ਦੌਰਾਨ ਵਸੀਕਾ ਨਵੀਸ਼ਾਂ ਅਤੇ ਅਸ਼ਟਾਮ ਫਰੋਸ਼ਾਂ ਦੇ ਰਿਕਾਰਡ ਦੀ ਜਾਂਚ ਕਰਦੇ ਹੋਏ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਸਾਰੇ ਲੋਕ ਆਪਣਾ ਰਿਕਾਰਡ ਅਪ ਟੂ ਡੇਟ ਮੇਨਟੇਨ ਕਰ ਕੇ ਰੱਖਣ ਅਤੇ ਹਰੇਕ ਮਹੀਨੇ ਰਜਿਸਟਰ ਦੀ ਸਬੰਧਤ ਵਿਭਾਗ ਤੋਂ ਜਾਂਚ ਕਰਵਾਉਣ।

ਜ਼ਿਲ੍ਹਾ ਖਜ਼ਾਨਾ ਦਫਤਰ ਵਿਚ ਖਤਮ ਹੋਏ ਛੋਟੇ ਅਸ਼ਟਾਮ

ਪ੍ਰਸ਼ਾਸਕੀ ਕੰਪਲੈਕਸ ਦੇ ਜ਼ਿਲ੍ਹਾ ਖਜ਼ਾਨਾ ਦਫਤਰ ਵਿਚ 50, 100, 500 ਤੇ 1000 ਰੁਪਏ ਦੇ ਅਸ਼ਟਾਮ ਖਤਮ ਹੋ ਗਏ ਹਨ,ਜਿਸ ਕਾਰਣ ਅਸ਼ਟਾਮ ਫਰੋਸ਼ਾਂ ਨੂੰ ਲੋੜ ਅਨੁਸਾਰ ਅਸ਼ਟਾਮਾਂ ਦਾ ਸਟਾਕ ਨਹੀਂ ਮਿਲ ਰਿਹਾ। ਖਜ਼ਾਨੇ ਵਿਚ ਆਈ ਕਿੱਲਤ ਕਾਰਣ ਕੁਝ ਅਜਿਹੇ ਲਾਲਚੀ ਅਸ਼ਟਾਮ ਫਰੋਸ਼ਾਂ ਨੇ ਛੋਟੇ ਅਸ਼ਟਾਮਾਂ ਦੀ ਬਲੈਕ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਕੋਲ ਛੋਟੇ ਅਸ਼ਟਾਮਾਂ ਦਾ ਭਾਰੀ ਸਟਾਕ ਮੌਜੂਦ ਹੈ। ਇਸ ਸਬੰਧੀ ਖਜ਼ਾਨਾ ਇੰਚਾਰਜ ਹਰਮਿੰਦਰ ਕੌਰ ਨੇ ਦੱਸਿਆ ਕਿ ਨਵੇਂ ਸਟਾਕ ਨੂੰ ਆਉਣ ਵਿਚ ਹਾਲੇ 15-20 ਦਿਨਾਂ ਦਾ ਸਮਾਂ ਲੱਗੇਗਾ।

 

 


Harinder Kaur

Content Editor

Related News