ਕਣਕ ਨੂੰ ਪੀਲੀ ਕੂੰਗੀ ਦੇ ਹਮਲੇ ਤੋਂ ਬਚਾਉਣ ਲਈ ਕਿਸਾਨ ਖੇਤਾਂ ਦਾ ਨਿਰੀਖਣ ਕਰਨ

Sunday, Feb 18, 2018 - 12:59 PM (IST)

ਕਣਕ ਨੂੰ ਪੀਲੀ ਕੂੰਗੀ ਦੇ ਹਮਲੇ ਤੋਂ ਬਚਾਉਣ ਲਈ ਕਿਸਾਨ ਖੇਤਾਂ ਦਾ ਨਿਰੀਖਣ ਕਰਨ


ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ, ਪਵਨ ਤਨੇਜਾ) - ਖੇਤੀਬਾੜੀ ਵਿਭਾਗ ਵੱਲੋਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਕਣਕ ਦੀ ਫਸਲ ਤੇ ਪੀਲੀ ਕੂੰਗੀ ਦੇ ਹਮਲੇ ਸਬੰਧੀ ਲਗਾਤਾਰ ਚੌਕਸੀ ਰੱਖੀ ਜਾ ਰਹੀ ਹੈ। ਇਸ ਸੰਬੰਧੀ ਜ਼ਿਲਾ ਖੇਤੀਬਾੜੀ ਅਫ਼ਸਰ ਸ: ਬਲਜਿੰਦਰ ਸਿੰਘ ਬਰਾੜ ਨੇ ਕਿਸਾਨਾਂ ਨੂੰ ਆਪਣੇ ਕਣਕ ਦੇ ਖੇਤਾਂ ਦਾ ਲਗਾਤਾਰ ਨੀਰਿਖਣ ਕਰਦੇ ਰਹਿਣ ਦੀ ਅਪੀਲ ਕੀਤੀ ਤਾਂ ਜੋ ਇਸ ਬਿਮਾਰੀ ਦਾ ਪਤਾ ਲੱਗ ਸਕੇ। ਉਨਾਂ ਕਿਹਾ ਕਿ ਹਾਲੇ ਤੱਕ ਜ਼ਿਲੇ ਵਿਚ ਕਿਤੇ ਵੀ ਇਹ ਬਿਮਾਰੀ ਵੇਖਣ ਨੂੰ ਨਹੀਂ ਮਿਲੀ ਹੈ ਅਤੇ ਜ਼ਿਲੇ ਵਿਚ ਕਣਕ ਦੀ ਫਸਲ ਦੀ ਸਥਿਤੀ ਬਹੁਤ ਚੰਗੀ ਹੈ।
ਪੀਲੀ ਕੂੰਗੀ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫਸਰ ਵਲੋਂ  ਦੱਸਿਆ ਗਿਆ ਕਿ ਇਹ ਬਿਮਾਰੀ ਸ਼ੁਰੂ ਵਿਚ ਧੌੜੀਆਂ ਦੀ ਸ਼ਕਲ ਵਿਚ ਆਉਂਦੀ ਹੈ, ਜਿਸ ਨੂੰ ਸ਼ਿਫਾਰਿਸ਼ ਕੀਤੀਆਂ ਉਲੀਨਾਸ਼ਕ ਦਾ ਛਿੜਕਾਅ ਕਰਕੇ ਬਿਮਾਰੀ ਦੇ ਮੁੱਢਲੀ ਲਾਗ 'ਤੇ ਕਾਬੂ ਪਾਇਆ ਜਾ ਸਕਦਾ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਆਪਣੇ ਖੇਤਾਂ ਦਾ ਨਿਰੀਖਣ ਕਰਦੇ ਰਹਿਣ ਤਾਂ ਜੋ ਪੀਲੀ ਕੂੰਗੀ ਦੇ ਹਮਲੇ ਦਾ ਪਤਾ ਲੱਗ ਸਕੇ। ਉਨਾਂ ਕਿਹਾ ਕਿ ਰਾਤ ਦਾ ਤਾਪਮਾਨ 7 ਤੋਂ 13 ਡਿਗਰੀ ਸੈਂਟੀਗਰੇਡ ਅਤੇ ਦਿਨ ਦਾ ਤਾਪਮਾਨ 15 ਤੋਂ 24 ਡਿਗਰੀ ਸੈਂਟੀਗਰੇਡ ਅਤੇ ਹਵਾ ਵਿਚ ਨਮੀਂ 85-100% ਤੱਕ ਪੀਲੀ ਕੂੰਗੀ ਦੇ ਵਾਧੇ ਲਈ ਅਨੁਕੂਲ ਹੁੰਦਾ ਹੈ।
ਉਨਾਂ ਕਿਹਾ ਕਿ ਜੇਕਰ ਕਣਕ ਦੀ ਫਸਲ ਵਿਚ ਪੱਤਿਆਂ 'ਤੇ ਪੀਲੇ ਧੱਬੇ ਲੱਗੀਆਂ ਧਾਰੀਆਂ ਦੇ ਰੂਪ ਵਿਚ ਦਿਖਾਈ ਦੇਣੇ, ਜਿਨਾਂ 'ਤੇ ਪੀਲਾ ਹਲਦੀਨੁਮਾ ਧੂੜਾ ਨਜ਼ਰ ਆਵੇ ਅਤੇ ਹੱਥ ਲਗਾਉਣ ਤੇ ਇਹ ਪੀਲਾ ਧੂੜਾ ਹੱਥਾਂ ਨੂੰ ਲੱਗ ਜਾਵੇ ਤਾਂ ਇਹ ਪੀਲੀ ਕੂੰਗੀ ਦੇ ਹਮਲੇ ਦੀਆਂ ਨਿਸ਼ਾਨੀਆਂ ਹਨ ।ਜੇਕਰ ਇਸ ਤਰਾਂ ਦੀਆਂ ਨਿਸ਼ਾਨੀਆਂ ਨਜ਼ਰ ਆਉਣ 'ਤੇ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰਨ ਅਤੇ ਖੇਤੀਬਾੜੀ ਵਿਭਾਗ ਦੀ ਸਲਾਹ ਅਨੁਸਾਰ ਦਵਾਈ ਦਾ ਛਿੜਕਾਅ ਕੀਤਾ ਜਾ ਸਕਦਾ ਹੈ। 


Related News