ਸਿੱਧੂ ਮੂਸੇਵਾਲਾ ਦੇ ਫੈਨ ਦੀ ਨਿਵੇਕਲੀ ਪਹਿਲ, 'ਬਾਈ ਜੀ' ਦੀ ਯਾਦ 'ਚ ਮਨੁੱਖਤਾ ਦੀ ਸੇਵਾ ਕਰ ਰਿਹੈ ਆਟੋ ਚਾਲਕ

Wednesday, Nov 23, 2022 - 09:22 PM (IST)

ਸਿੱਧੂ ਮੂਸੇਵਾਲਾ ਦੇ ਫੈਨ ਦੀ ਨਿਵੇਕਲੀ ਪਹਿਲ, 'ਬਾਈ ਜੀ' ਦੀ ਯਾਦ 'ਚ ਮਨੁੱਖਤਾ ਦੀ ਸੇਵਾ ਕਰ ਰਿਹੈ ਆਟੋ ਚਾਲਕ

ਸੰਗਰੂਰ (ਰਵੀ) : ਮਰਹੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਤੋਂ ਗਏ ਭਾਵੇਂ 6 ਮਹੀਨੇ ਦੇ ਕਰੀਬ ਸਮਾਂ ਗੁਜ਼ਰ ਚੁੱਕਿਆ ਹੈ ਪਰ ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿਚ ਅਜੇ ਵੀ ਜਿਉਂਦਾ ਹੈ। ਪੰਜਾਬੀ ਗਾਇਕ ਦੇ ਫੈਨਜ਼ ਵੱਲੋਂ ਵੱਖੋ-ਵੱਖਰੇ ਤਰੀਕਿਆਂ ਨਾਲ ਉਸ ਨੂੰ ਯਾਦ ਕੀਤਾ ਜਾ ਰਿਹਾ ਹੈ। ਅਜਿਹਾ ਹੀ ਇਕ ਫੈਨ ਹੈ ਸੰਗਰੂਰ ਦਾ ਇਕ ਆਟੋ ਚਾਲਕ ਮਨਦੀਪ ਸਿੰਘ ਗੋਗੀ ਜੋ ਮਨੁੱਖਤਾ ਦੀ ਸੇਵਾ ਕਰ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ।

PunjabKesari

ਮਨਦੀਪ ਸਿੰਘ ਗੋਗੀ ਸਿੱਧੂ ਮੂਸੇਵਾਲਾ ਦੀ ਯਾਦ ਵਿਚ ਕੈਂਸਰ ਮਰੀਜ਼ਾਂ ਦੀ ਸਹਾਇਤਾ ਕਰ ਰਿਹਾ ਹੈ। ਉਹ ਆਪਣੇ ਆਟੋ ਵਿਚ 15 ਕਿੱਲੋਮੀਟਰ ਦੇ ਘੇਰੇ ਤੋਂ ਕੈਂਸਰ ਮਰੀਜ਼ਾਂ ਨੂੰ ਹਸਪਤਾਲ ਤਕ ਮੁਫ਼ਤ ਵਿਚ ਲੈ ਕੇ ਆਉਂਦਾ ਹੈ ਤੇ ਉੱਥੋਂ ਵਾਪਸ ਵੀ ਛੱਡ ਕੇ ਆਉਂਦਾ ਹੈ। ਉਸ ਨੇ ਇਹ ਉਪਰਲਾ ਤਕਰੀਬਨ 3 ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ ਤੇ ਰੋਜ਼ ਦੇ ਤਕਰੀਬਨ 5 ਤੋਂ 6 ਗੇੜੇ ਮਰੀਜ਼ਾਂ ਨੂੰ ਹਸਪਤਾਲ ਲਿਆਉਣ-ਲਜਾਉਣ ਦੇ ਲਗਾ ਰਿਹਾ ਹੈ। ਇਸ ਦੇ ਨਾਲ ਹੀ ਉਹ ਮਰੀਜ਼ਾਂ ਨੂੰ ਆਪਣਾ ਫੋਨ ਨੰਬਰ ਵੀ ਦੇ ਦਿੰਦਾ ਹੈ ਤਾਂ ਜੋ ਉਹ ਵੇਲੇ-ਕੁਵੇਲੇ ਵੀ ਲੋੜ ਪੈਣ 'ਤੇ ਉਸ ਨੂੰ ਬੁਲਾ ਸਕਣ। ਕਈ ਵਾਰ ਜਦ ਉਹ ਮੌਜੂਦ ਨਹੀਂ ਹੁੰਦਾ ਤਾਂ ਲੋੜ ਪੈਣ 'ਤੇ ਆਟੋ ਚਾਲਕ ਯੂਨੀਅਨ ਦੇ ਪ੍ਰਧਾਨ ਰਾਜੂ ਵੱਲੋਂ ਵੀ ਮਰੀਜ਼ਾਂ ਨੂੰ ਇਹ ਮੁਫ਼ਤ ਸੇਵਾ ਦਿੱਤੀ ਜਾਂਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਨੌਜਵਾਨ ਨੇ ਫ਼ੌਜੀ ਪੋਸਟ 'ਤੇ ਰਾਈਫਲ ਫੜ ਚਾਈਂ-ਚਾਈਂ ਕੀਤੀ 'ਨੌਕਰੀ', ਜਦ ਸਾਹਮਣੇ ਆਇਆ ਸੱਚ ਤਾਂ ਉੱਡੇ ਹੋਸ਼

PunjabKesari

ਮਨਦੀਪ ਸਿੰਘ ਗੋਗੀ 2008 ਤੋਂ ਸਿੱਧੂ ਮੂਸੇਵਾਲਾ ਦਾ ਫੈਨ ਹੈ ਅਤੇ ਉਸ ਦਾ ਗਾਣੇ ਸੁਣਦਾ ਆ ਰਿਹਾ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਨੇ ਅਜਿਹਾ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨਾਲ ਲੋਕ "ਬਾਈ ਜੀ" ਨੂੰ ਯਾਦ ਕਰਦੇ ਰਹਿਣ। ਆਪਣੇ ਘਰ ਦੇ ਖਰਚੇ ਪੂਰੇ ਕਰਨ ਲਈ ਮਨਦੀਪ ਸਿੰਘ ਸਵੇਰੇ 4 ਵਜੇ ਤੋਂ ਆਟੋ ਚਲਾਉਣਾ ਸ਼ੁਰੂ ਕਰ ਦਿੰਦਾ ਹੈ। ਮਨਦੀਪ ਸਿੰਘ ਨੇ ਬਾਕੀ ਆਟੋ ਚਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੈਂਸਰ ਮਰੀਜ਼ਾਂ ਨੂੰ ਮੁਫ਼ਤ ਹਸਪਤਾਲ ਪਹੁੰਚਾਉਣ, ਜੇਕਰ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਘੱਟ ਤੋਂ ਘੱਟ ਕਿਰਾਇਆ ਲੈਣ ਕਿਉਂਕਿ ਹਸਪਤਾਲ 'ਚ ਆਉਣ ਵਾਲਾ ਮਰੀਜ਼ ਪਹਿਲਾਂ ਹੀ ਪਰੇਸ਼ਾਨ ਹੁੰਦਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News