ਸਹੁਰੇ ਪਰਿਵਾਰ ਵੱਲੋਂ ਵਿਆਹੁਤਾ ਨਾਲ ਕੁੱਟਮਾਰ
Friday, Aug 11, 2017 - 02:52 AM (IST)
ਹੁਸ਼ਿਆਰਪੁਰ, (ਜ.ਬ.)- ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਸਹੁਰੇ ਪਰਿਵਾਰ ਨੇ ਵਿਆਹੁਤਾ ਨਾਲ ਨਾ ਸਿਰਫ ਕੁੱਟਮਾਰ ਕੀਤੀ, ਬਲਕਿ ਉਸ ਦੇ ਬੇਟੀ ਪੈਦਾ ਹੋਣ 'ਤੇ ਵੀ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਣ ਲੱਗਾ। ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਸੁਨੀਤਾ ਰਾਣੀ ਪੁੱਤਰੀ ਸੁਰਿੰਦਰ ਸਿੰਘ ਵਾਸੀ ਬਾੜੀਆਂ ਨੇ ਆਪਣੀ ਵਿਥਿਆ ਸੁਣਾਉਂਦਿਆਂ ਕਿਹਾ ਕਿ ਡੇਢ ਸਾਲ ਪਹਿਲਾਂ ਉਸ ਦਾ ਵਿਆਹ ਮੰਨਣ ਦੇ ਇਕ ਵਿਅਕਤੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਵਾਲੇ ਉਸ ਨੂੰ ਹੋਰ ਦਾਜ ਦੀ ਮੰਗ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰਨ ਲੱਗੇ। ਪੇਕੇ ਪਰਿਵਾਰ ਨੇ ਆਪਣੀ ਹੈਸੀਅਤ ਅਨੁਸਾਰ ਮੰਗ ਨੂੰ ਪੂਰਾ ਵੀ ਕੀਤਾ ਪਰ ਇਸਦੇ ਬਾਵਜੂਦ ਸਹੁਰੇ ਪਰਿਵਾਰ ਦੀ ਮੰਗ ਵਧਦੀ ਗਈ।
ਕਈ ਵਾਰ ਮਾਮਲਾ ਪੰਚਾਇਤ ਵਿਚ ਵੀ ਗਿਆ ਪਰ ਹਾਲਾਤ ਨਾ ਸੁਧਰੇ। ਇਸ ਤੋਂ ਬਾਅਦ 8 ਮਹੀਨੇ ਪਹਿਲਾਂ ਉਸ ਨੇ ਬੇਟੀ ਨੂੰ ਜਨਮ ਦਿੱਤਾ। ਬੇਟੀ ਦੇ ਜਨਮ ਲੈਣ ਤੋਂ ਬਾਅਦ ਸਹੁਰੇ ਪਰਿਵਾਰ ਵਾਲੇ ਉਸ ਨੂੰ ਬੇਟੀ ਪੈਦਾ ਕਰਨ ਦਾ ਤਾਹਨਾ ਮਾਰਦੇ ਹੋਏ ਹੋਰ ਵੀ ਤੰਗ ਕਰਨ ਲੱਗੇ। ਹੱਦ ਤਾਂ ਉਦੋਂ ਹੋ ਗਈ ਜਦੋਂ ਬੀਤੀ ਰਾਤ 11 ਵਜੇ ਦੇ ਕਰੀਬ ਉਹ ਆਪਣੇ ਕਮਰੇ 'ਚ ਮੌਜੂਦ ਸੀ ਤੇ ਇਸ ਦੌਰਾਨ ਸ਼ਰਾਬ ਦੇ ਨਸ਼ੇ ਵਿਚ ਉਸ ਦੇ ਪਤੀ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਸਹੁਰੇ ਪਰਿਵਾਰ ਦੇ ਹੋਰਨਾਂ ਵਿਅਕਤੀਆਂ ਨੇ ਵੀ ਉਸ ਨਾਲ ਕੁੱਟਮਾਰ ਕੀਤੀ।
ਉਸ ਨੇ ਦੱਸਿਆ ਕਿ ਕਿਸੇ ਤਰ੍ਹਾਂ ਉਹ ਸਹੁਰਿਆਂ ਦੀ ਚੁੰਗਲ ਵਿਚੋਂ ਨਿਕਲ ਕੇ ਗੁਆਂਢ 'ਚ ਰਹਿੰਦੇ ਵਿਚੋਲਿਆਂ ਦੇ ਕੋਲ ਚਲੀ ਗਈ, ਜਿਥੋਂ ਉਸ ਨੇ ਆਪਣੇ ਪੇਕਿਆਂ ਨੂੰ ਫੋਨ ਕੀਤਾ। ਰਾਤ 12 ਵਜੇ ਦੇ ਕਰੀਬ ਉਸ ਦੇ ਭਰਾ ਨੇ ਆ ਕੇ ਮੈਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਇਸ ਸਬੰਧ 'ਚ ਥਾਣਾ ਮਾਹਿਲਪੁਰ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
