ਖੰਘ, ਜ਼ੁਕਾਮ ਤੋਂ ਪ੍ਰੇਸ਼ਾਨ ਮਰੀਜ਼ ਹੋ ਜਾਣ ਸਾਵਧਾਨ, ਕੋਰੋਨਾ ਤੋਂ ਬਾਅਦ ਹੁਣ ਇਹ ਵਾਇਰਸ ਮਚਾ ਸਕਦੈ ਤਬਾਹੀ

03/16/2023 10:40:55 AM

ਅੰਮ੍ਰਿਤਸਰ (ਦਲਜੀਤ)- ਲੰਮੇ ਸਮੇਂ ਤੋਂ ਖੰਘ, ਜ਼ੁਕਾਮ ਅਤੇ ਬੁਖਾਰ ਤੋਂ ਪੀੜਤ ਮਰੀਜ਼ਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਕੋਰੋਨਾ ਤੋਂ ਬਾਅਦ ਹੁਣ ਐੱਚ-3 ਐੱਨ-2 ਵਾਇਰਸ ਤੇਜ਼ੀ ਨਾਲ ਫ਼ੈਲਣਾ ਸ਼ੁਰੂ ਹੋ ਗਿਆ ਹੈ। ਇਹ ਵਾਇਰਸ ਬਦਲਦੇ ਮੌਸਮ ਨਾਲ ਇਨਫੈਕਸ਼ਨ ਫ਼ੈਲਾ ਰਿਹਾ ਹੈ। ਇਸ ਸਾਲ ਭਾਰਤ ਵਿਚ ਉਕਤ ਵਾਇਰਸ ਦੇ 2 ਤੋਂ 3 ਗੁਣਾ ਵੱਧ ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ ਕੁੱਲ ਪ੍ਰਭਾਵਿਤ ਮਰੀਜ਼ਾਂ 'ਚੋਂ 5 ਫ਼ੀਸਦੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ ਹੈ। ਜੇਕਰ ਇਸ ਵਾਇਰਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਵਾਇਰਸ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਦਹਿਸ਼ਤ ਦਾ ਮਾਹੌਲ ਹੈ।

ਜਾਣਕਾਰੀ ਮੁਤਾਬਕ ਕੋਰੋਨਾ ਵਾਇਰਸ ਤੋਂ ਬਾਅਦ ਹੁਣ ਉਕਤ ਨਵਾਂ ਵਾਇਰਸ ਭਾਰਤ ’ਚ ਤੇਜ਼ੀ ਨਾਲ ਫੈਲ ਰਿਹਾ ਹੈ। ਦਵਾਈਆਂ ਲੈਣ ਦੇ ਬਾਵਜੂਦ ਮਰੀਜ਼ਾਂ ਵੱਲੋਂ ਵਾਰ-ਵਾਰ ਖੰਘ, ਜ਼ੁਕਾਮ ਅਤੇ ਬੁਖਾਰ ਦੀਆਂ ਸ਼ਿਕਾਇਤਾਂ ਪਾਈਆਂ ਜਾ ਰਹੀਆਂ ਹਨ। ਇਸ ਵਾਇਰਸ ਦੀ ਲਪੇਟ ਵਿਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ। ਕੋਰੋਨਾ ਤੋਂ ਬਾਅਦ, ਇਨਫਲੂਐਂਜ਼ਾ ਵਾਇਰਸ ਦੁਨੀਆ ਵਿਚ ਤਬਾਹੀ ਮਚਾ ਸਕਦਾ ਹੈ ਅਤੇ ਇਕ ਵਾਰ ਫਿਰ ਸਥਿਤੀ ਸਪੈਨਿਸ਼ ਫਲੂ ਵਰਗੀ ਬਣ ਸਕਦੀ ਹੈ, ਜਿਸ ਨੇ 1918 ਵਿਚ ਤਬਾਹੀ ਮਚਾਈ ਸੀ। ਵਿਸ਼ਵ ਸਿਹਤ ਸੰਗਠਨ 2 ਸਾਲ ਪਹਿਲਾਂ ਹੀ ਇਸ ਕਹਿਰ ਦਾ ਖ਼ਦਸ਼ਾ ਪ੍ਰਗਟ ਕਰ ਚੁੱਕਾ ਹੈ, ਆਪਣੇ ਨਿਊਜ਼ਲੈਟਰ ’ਚ ਇਸ ਇਨਫਲੂਐਂਜ਼ਾ ਵਾਇਰਸ ਦੇ ਕਹਿਰ ਕਾਰਨ 2.25 ਕਰੋੜ ਤੋਂ 3.50 ਕਰੋੜ ਮੌਤਾਂ ਹੋਣ ਦੀ ਸੰਭਾਵਨਾ ਜਤਾਈ ਗਈ ਹੈ।

ਇਹ ਵੀ ਪੜ੍ਹੋ- 80 ਸਾਲਾ ਪਾਕਿਸਤਾਨ ਦੇ ਸਾਬਕਾ ਮੰਤਰੀ ਨੇ ਕਰਵਾਇਆ 21 ਸਾਲਾ ਕੁੜੀ ਨਾਲ ਦੂਜਾ ਵਿਆਹ

ਕਈ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਦੀ ਮਿਸਾਲ ਅੱਜ-ਕੱਲ ਖੰਘ ਅਤੇ ਜ਼ੁਕਾਮ ਦੇ ਵਧਦੇ ਮਾਮਲਿਆਂ ਤੋਂ ਦੇਖੀ ਜਾ ਸਕਦੀ ਹੈ। ਕਈ ਹਫ਼ਤਿਆਂ ਅਤੇ ਮਹੀਨਿਆਂ ਤੱਕ ਖੰਘ ਲੋਕਾਂ ਦਾ ਪਿੱਛਾ ਨਹੀਂ ਛੱਡ ਰਹੀ ਅਤੇ ਇਸ ਕਾਰਨ ਲੋਕ ਨਿਮੋਨੀਆ ਦਾ ਸ਼ਿਕਾਰ ਹੋ ਜਾਂਦੇ ਹਨ। ਜ਼ਿਲ੍ਹੇ ਦੇ ਮਸ਼ਹੂਰ ਛਾਤੀ ਰੋਗ ਮਾਹਰਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਹੀਮੋਗਲੂਟਨ ਅਤੇ ਨਿਊਰੋਨਮੈਨੀਡੇਜ਼ ਤੋਂ ਬਣਿਆ ਹੈ। ਏ, ਬੀ, ਸੀ, ਡੀ ਦੇ ਨਾਂ ਨਾਲ ਜਾਣੇ ਜਾਂਦੇ ਇਨਫਲੂਐਨਜ਼ਾ ਵਾਇਰਸ ਦੀਆਂ ਚਾਰ ਕਿਸਮਾਂ ਹਨ। ਇਹ ਇਨਫਲੂਐਂਜ਼ਾ ਏ ਸ਼੍ਰੇਣੀ ਦਾ ਵਾਇਰਸ ਹੈ, ਇਹ ਵਾਇਰਸ ਹਰ ਸਾਲ ਕਈ ਵਾਰ ਜ਼ੁਕਾਮ ਦੇ ਰੂਪ ਵਿਚ ਆਉਂਦਾ ਹੈ ਅਤੇ ਸਾਲ 'ਚ ਤਿੰਨ ਤੋਂ ਚਾਰ ਵਾਰ ਲੋਕ ਇਸ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਠੀਕ ਵੀ ਹੋ ਜਾਂਦੇ ਹਨ, ਪਰ ਹੁਣ ਸਥਿਤੀ ਪਹਿਲਾਂ ਵਰਗੀ ਨਹੀਂ ਰਹੀ ਹੈ।

ਇਹ ਹਨ ਲੱਛਣ

ਮਾਹਰਾਂ ਨੇ ਦੱਸਿਆ ਕਿ ਐੱਚ-3, ਐੱਨ-2 ਵਾਇਰਸ ਦੇ ਲੱਛਣ ਮੌਸਮੀ ਸੀਜ਼ਨ ਹੋਰ ਬੁਖਾਰ ਵਰਗੇ ਹੁੰਦੇ ਹਨ। ਖੰਘ, ਨੱਕ ਵਗਣਾ, ਨੱਕ ਬੰਦ ਹੋਣਾ, ਗਲੇ ਵਿਚ ਖਰਾਸ਼, ਸਿਰ ਦਰਦ, ਸਰੀਰ ਦਰਦ, ਬੁਖਾਰ, ਉਲਟੀਆਂ, ਥਕਾਵਟ, ਸਾਹ ਚੜ੍ਹਨਾ, ਠੰਡ ਲੱਗਣਾ, ਦਸਤ ਆਦਿ ਮੁੱਖ ਕਾਰਨ ਹਨ। ਇਨ੍ਹੀਂ ਦਿਨੀਂ ਇਨਫਲੂਐਂਜ਼ਾ ਵਾਇਰਸ ਦੇ ਸਾਰੇ ਰੂਪ ਉਪਰੋਕਤ ਕਾਰਨ ਤੇਜ਼ੀ ਨਾਲ ਫੈਲ ਰਹੇ ਹਨ। ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਸਾਵਧਾਨੀ ਨਾਲ ਹੀ ਬਚਾਅ ਕੀਤਾ ਜਾ ਸਕਦਾ ਹੈ, ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ। ਇਹ ਵਾਇਰਸ ਹਵਾ ਰਾਹੀਂ ਫ਼ੈਲਦਾ ਹੈ।

ਇਹ ਵੀ ਪੜ੍ਹੋ- ਮਜੀਠਾ 'ਚ ਵੱਡੀ ਵਾਰਦਾਤ: ਦੋ ਸਕੇ ਭਰਾਵਾਂ ਨੂੰ ਸ਼ਰੇਆਮ ਮਾਰੀਆਂ ਗੋਲ਼ੀਆਂ

15 ਸਾਲ ਤੋਂ ਘੱਟ ਅਤੇ 50 ਸਾਲ ਤੋਂ ਵੱਧ ਉਮਰ ਦੇ ਮਰੀਜ਼ਾਂ ਲਈ ਖਤਰਨਾਕ ਹੈ ਵਾਇਰਸ

ਇਹ ਵਾਇਰਸ ਮੌਸਮ ਦੇ ਬਦਲਣ ਨਾਲ ਇਨਫੈਕਸ਼ਨ ਲਿਆਉਂਦਾ ਹੈ। ਜ਼ਿਆਦਾਤਰ 15 ਸਾਲ ਤੋਂ ਘੱਟ ਅਤੇ 50 ਸਾਲ ਤੋਂ ਵੱਧ ਉਮਰ ਦੇ ਮਰੀਜ਼ ਇਸ ਵਾਇਰਸ ਨਾਲ ਸੰਕਰਮਿਤ ਹੋ ਜਾਂਦੇ ਹਨ ਅਤੇ ਸਿਰਫ਼ ਉਪਰੋਕਤ ਸ਼੍ਰੇਣੀ ਦੇ ਮਰੀਜ਼ਾਂ ਨੂੰ ਹੀ ਹਸਪਤਾਲ ਦਾਖ਼ਲ ਕਰਵਾਉਣਾ ਪੈਂਦਾ ਹੈ। ਲੰਮੇ ਸਮੇਂ ਤੋਂ ਖਾਂਸੀ, ਜ਼ੁਕਾਮ ਅਤੇ ਬੁਖਾਰ ਹੋਣ ਦੀ ਸੂਰਤ 'ਚ ਤੁਰੰਤ ਡਾਕਟਰਾਂ ਦੀ ਸਲਾਹ ਲੈਣੀ ਚਾਹੀਦੀ ਹੈ ਤਾਂ ਜੋ ਇਸ ਬਿਮਾਰੀ ਨੂੰ ਹੋਰ ਵਧਣ ਤੋਂ ਰੋਕਿਆ ਜਾ ਸਕੇ।

ਸਿਵਲ ਸਰਜਨ ਨੇ ਵੀ ਜ਼ਿਲ੍ਹੇ ’ਚ ਜਾਰੀ ਕੀਤਾ ਅਲਰਟ

ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਉਕਤ ਵਾਇਰਸ ਸਬੰਧੀ ਸਿਹਤ ਵਿਭਾਗ ਵੱਲੋਂ ਦਿਸ਼ਾ- ਨਿਰਦੇਸ਼ ਜਾਰੀ ਕੀਤੇ ਗਏ ਹਨ। ਜ਼ਿਲ੍ਹੇ ਵਿਚ ਨਵੇਂ ਸਿਰੇ ਤੋਂ ਲੈ ਕੇ ਪੂਰੀ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਰਕਾਰੀ ਹਸਪਤਾਲਾਂ ਦੇ ਫਲੂ ਕਾਰਨਰ ’ਤੇ ਸੈਂਪਲਿੰਗ ਕੀਤੀ ਜਾਵੇ ਅਤੇ ਮਰੀਜ਼ਾਂ ਦਾ ਇਲਾਜ ਕਰਨ ਸਮੇਂ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਮਾਸਕ ਅਤੇ ਦਸਤਾਨੇ ਤੋਂ ਬਿਨਾਂ ਨਾ ਰਹਿਣ। ਸਾਰੇ ਸਰਕਾਰੀ ਹਸਪਤਾਲਾਂ ਨੂੰ ਇਸ ਵਾਇਰਸ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਹੈ ਅਤੇ ਆਪਣੇ ਆਈਸੋਲੇਸ਼ਨ ਵਾਰਡਾਂ ਅਤੇ ਵੈਂਟੀਲੇਟਰਾਂ ਨੂੰ ਕੰਮ ਦੇ ਮੋਡ ਵਿਚ ਰੱਖਣਾ ਚਾਹੀਦਾ ਹੈ, ਵਾਰਡਾਂ ਵਿਚ ਆਕਸੀਜਨ ਸਪਲਾਈ ਅਤੇ ਸੰਕਸ਼ਨ ਮਸ਼ੀਨਾਂ ਦੇ ਨਾਲ-ਨਾਲ ਦਵਾਈਆਂ ਦਾ ਪੂਰਾ ਸਟਾਕ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਇਰਸ ਸਬੰਧੀ ਕੀ ਕਰਨਾ ਅਤੇ ਨਾ ਕਰਨਾ ਹਸਪਤਾਲਾਂ ਦੀਆਂ ਪ੍ਰਮੁੱਖ ਥਾਵਾਂ ’ਤੇ ਬੋਰਡਾਂ ’ਤੇ ਲਿਖਿਆ ਜਾਵੇ ਤਾਂ ਜੋ ਆਉਣ ਵਾਲੇ ਲੋਕ ਅਤੇ ਮਰੀਜ਼ ਇਸ ਨੂੰ ਆਸਾਨੀ ਨਾਲ ਪੜ੍ਹ ਸਕਣ।

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਕਾਦੀਆਂ ਦੇ CID ਮੁਲਾਜ਼ਮ ਦੀ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News