ਭਾਰਤ-ਪਾਕਿਸਤਾਨ ਵਿਚਕਾਰ 1965 ਦੀ ਜੰਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

Saturday, Sep 23, 2017 - 02:43 PM (IST)

ਭਾਰਤ-ਪਾਕਿਸਤਾਨ ਵਿਚਕਾਰ 1965 ਦੀ ਜੰਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ


ਫਾਜ਼ਿਲਕਾ (ਲੀਲਾਧਰ, ਨਾਗਪਾਲ)—ਭਾਰਤ-ਪਾਕਿਸਤਾਨ ਵਿਚਕਾਰ 1965 ਦੀ ਜੰਗ 'ਚ ਫਾਜ਼ਿਲਕਾ ਦੀ ਸਾਦਕੀ ਸਰਹੱਦ 'ਤੇ ਪਾਕਿਸਤਾਨੀ ਸੈਨਾ ਦੀ 105ਵੀਂ ਬ੍ਰਿਗੇਡ ਸੈਨਾ ਨਾਲ ਅੰਤਿਮ ਦਮ ਤੱਕ ਲੜਾਈ ਲੜ ਕੇ ਦੇਸ਼ ਲਈ ਸ਼ਹੀਦ ਹੋਣ ਵਾਲੇ 20ਵੀਂ ਬਟਾਲੀਅਨ ਪੀ. ਏ. ਪੀ. ਜੋ ਬਾਅਦ ਵਿਚ 22ਵੀਂ ਬਟਾਲੀਅਨ ਬੀ. ਐੱਸ. ਐੱਫ. ਬਣੀ, ਦੇ 7 ਸ਼ਹੀਦ ਸੈਨਿਕਾਂ ਨੂੰ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ ਗਈ।ਅੱਜ ਹੀ ਦੇ ਦਿਨ ਸ਼ਹੀਦ ਹੋਣ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਬੀ. ਐੱਸ. ਐੱਫ. ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਨੇ ਦੱਸਿਆ ਕਿ ਪਾਕਿਸਤਾਨੀ ਸੈਨਿਕਾਂ ਦਾ ਮੂੰਹ-ਤੋੜ ਜਵਾਬ ਦੇਣ ਵਾਲੇ ਸ਼ਹੀਦ ਨਿਰਮਲ ਸਿੰਘ, ਸ਼ਾਮ ਸਿੰਘ, ਸੂਰਜ ਮਲ ਅਤੇ ਓਮ ਪ੍ਰਕਾਸ਼ ਨੂੰ ਵੀਰਗਤੀ ਤੋਂ ਬਾਅਦ ਰਾਸ਼ਟਰਪਤੀ ਦੇ ਪੁਲਸ ਮੈਡਲ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦੇ ਨਾਲ ਕਰਤਾਰ ਸਿੰਘ, ਕਾਬੁਲ ਸਿੰਘ ਤੇ ਮੁੱਲਾ ਸਿੰਘ ਨੇ ਵੀ ਦੇਸ਼ ਦੇ ਲਈ ਕੁਰਬਾਨੀ ਦਿੱਤੀ ਸੀ। ਸ਼੍ਰੀ ਸਿੰਘ ਨੇ ਬੀ. ਐੱਸ. ਐੱਫ. ਦੇ ਜਵਾਨਾਂ ਅਤੇ ਆਮ ਲੋਕਾਂ ਨੂੰ ਦੱਸਿਆ ਕਿ 1965 ਦੀ ਭਾਰਤ ਪਾਕਿਸਤਾਨ ਜੰਗ ਜੰਮੂ-ਕਸ਼ਮੀਰ ਵਿਚ ਪਾਕਿਸਤਾਨ ਘੁਸਪੈਠ ਤੋਂ ਬਾਅਦ 6 ਸਤੰਬਰ 1965 ਨੂੰ ਸ਼ੁਰੂ ਹੋਈ ਸੀ। ਜੰਗ ਵਿਚ ਭਾਰਤੀ ਜਵਾਨਾਂ ਦੀ ਵੀਰਤਾ ਅਤੇ ਬਲੀਦਾਨਾਂ ਦੇ ਕਾਰਨ ਪੰਜਾਬ ਅਤੇ ਰਾਜਸਥਾਨ ਵਿਚ ਮਿਲੀ ਕਾਮਯਾਬੀ ਤੋਂ ਬਾਅਦ ਪਾਕਿਸਤਾਨ ਸੰਯੁਕਤ ਰਾਸ਼ਟਰ ਸੰਘ ਵੱਲੋਂ ਜੰਗਬੰਦੀ ਦੇ ਪ੍ਰਸਤਾਵ ਨੂੰ 22 ਸਤੰਬਰ 1965 ਨੂੰ ਮੰਨਣ ਲਈ ਮਜਬੂਰ ਹੋਇਆ ਅਤੇ 23 ਸਤੰਬਰ ਨੂੰ ਜੰਗ ਖ਼ਤਮ ਹੋ ਗਈ।
ਉਨ੍ਹਾਂ ਦੱਸਿਆ ਕਿ ਪਿਛਲੀ ਵਿਸ਼ਵ ਜੰਗ ਤੋਂ ਬਾਅਦ ਕਿਸੇ ਵੀ ਜੰਗ ਵਿਚ ਦੁਸ਼ਮਣ ਦੇ ਟੈਂਕਾਂ ਦਾ ਸਭ ਤੋਂ ਵੱਡਾ ਨੁਕਸਾਨ ਭਾਰਤ ਨੇ ਖੇਮਕਰਨ ਸੈਕਟਰ ਵਿਚ ਕੀਤਾ ਸੀ। ਬਾਅਦ ਵਿਚ ਰੂਸ ਦੇ ਤਾਸ਼ਕੰਦ ਸਮਝੌਤੇ ਦੇ ਤਹਿਤ ਭਾਰਤ ਨੇ ਪਾਕਿਸਤਾਨ ਦੇ ਜਿੱਤੇ ਖੇਤਰ ਨੂੰ ਵਾਪਸ ਦਿੱਤਾ। ਇਸ ਸ਼ਰਧਾਂਜਲੀ ਸਮਾਗਮ ਵਿਚ ਬਾਰਡਰ ਏਰੀਆ ਵਿਕਾਸ ਫਰੰਟ ਦੇ ਸੀਨੀਅਰ ਮੀਤ ਪ੍ਰਧਾਨ ਲੀਲਾਧਰ ਸ਼ਰਮਾ, ਬਾਰਡਰ ਏਰੀਆ ਸੰਘਰਸ਼ ਕਮੇਟੀ ਅਤੇ ਸ਼ਹੀਦ ਭਗਤ ਸਿੰਘ ਪੱਕਾ ਚਿਸ਼ਤੀ ਦੇ ਅਹੁਦੇਦਾਰਾਂ ਦੇ ਨਾਲ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਵੀ ਸ਼ਹੀਦ ਸੈਨਿਕਾਂ ਨੂੰ ਯਾਦ ਕੀਤਾ।


Related News