ਭਾਰਤ-ਪਾਕਿ ਬਾਰਡਰ ਦੇ ਇਲਾਕਿਆਂ ''ਚ ਸਪੈਸ਼ਲ ਸਰਚ ਆਪ੍ਰੇਸ਼ਨ ਜਾਰੀ, ਅਜੇ ਤੱਕ ਕੁਝ ਨਹੀਂ ਮਿਲਿਆ

10/12/2019 12:40:15 AM

ਫ਼ਿਰੋਜ਼ਪੁਰ,(ਕੁਮਾਰ): ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਹੁਸੈਨੀਵਾਲਾ ਦੇ ਐੱਚ. ਕੇ. ਟਾਵਰ, ਬੀ. ਓ. ਪੀ. ਬਸਤੀ ਰਾਮ ਲਾਲ, ਸਰਹੱਦੀ ਪਿੰਡ ਹਜ਼ਾਰਾ ਸਿੰਘ ਵਾਲਾ ਤੇ ਟੇਂਡੀਵਾਲਾ ਆਦਿ ਦੇ ਏਰੀਏ 'ਚ ਪਿਛਲੇ ਤਿੰਨ ਦਿਨ ਲਗਾਤਾਰ ਦੇਖੇ ਗਏ ਪਾਕਿਸਤਾਨੀ ਡਰੋਨਾਂ ਨੂੰ ਲੈ ਕੇ ਬੀ. ਐੱਸ. ਐੱਫ. ਤੇ ਪੰਜਾਬ ਪੁਲਸ ਦੀਆਂ ਟੀਮਾਂ ਵੱਲੋਂ ਲਗਾਤਾਰ ਸਰਚ ਆਪ੍ਰੇਸ਼ਨ ਜਾਰੀ ਹੈ। ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਦੀਆਂ ਟੀਮਾਂ ਵੱਖ-ਵੱਖ ਐਂਗਲਾਂ ਤੋਂ ਸਰਚ ਕਰ ਰਹੀਆਂ ਹਨ ਅਤੇ ਪੰਜਾਬ ਪੁਲਸ ਵੱਲੋਂ ਸਤਲੁਜ ਦਰੀਆ ਵਿਚ ਮੋਟਰ ਬੋਟਸ ਰਾਹੀਂ ਵੀ ਪੈਟਰੋਲਿੰਗ ਕਰ ਕੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਕਿਉਂਕਿ ਇਕ ਅੰਦਾਜ਼ਾ ਇਹ ਵੀ ਲਾਇਆ ਜਾਂਦਾ ਹੈ ਕਿ ਕਿਤੇ ਇਹ ਡਰੋਨ ਪਾਕਿ ਏਜੰਸੀ ਆਈ. ਐੱਸ. ਆਈ. ਅਤੇ ਪਾਕਿ ਸਮੱਗਲਰਾਂ ਵੱਲੋਂ ਭਾਰਤ ਦੀ ਧਰਤੀ 'ਤੇ ਹਥਿਆਰਾਂ ਤੇ ਹੈਰੋਇਨ ਆਦਿ ਦੀ ਕਨਸਾਈਨਮੈਂਟ ਡਲਿਵਰ ਕਰ ਕੇ ਨਾ ਗਏ ਹੋਣ? ਭਾਰਤੀ ਏਜੰਸੀਆਂ ਇਸ ਗੱਲ 'ਤੇ ਵੀ ਗੰਭੀਰਤਾ ਨਾਲ ਵਿਚਾਰ ਕਰ ਰਹੀਆਂ ਹਨ ਕਿ ਜਿਸ ਤਰ੍ਹਾਂ ਬੀਤੇ ਦਿਨ ਤਰਨਤਾਰਨ ਵਿਚ ਫੜੇ ਗਏ ਅੱਤਵਾਦੀਆਂ ਤੋਂ ਬਰਾਮਦ ਹਥਿਆਰ ਪਾਕਿ ਏਜੰਸੀ ਆਈ. ਐੱਸ. ਆਈ. ਵੱਲੋਂ ਡਰੋਨ ਨਾਲ ਭੇਜੇ ਗਏ ਸਨ, ਕਿਤੇ ਹੁਸੈਨੀਵਾਲਾ ਬਾਰਡਰ ਦੇ ਆਲੇ-ਦੁਆਲੇ ਪਾਕਿਸਤਾਨੀ ਡਰੋਨ ਦਾ ਆਉਣਾ-ਜਾਣਾ ਵੀ ਪਾਕਿ ਏਜੰਸੀ ਆਈ. ਐੱਸ. ਆਈ. ਦੀ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਹੈ?

PunjabKesari

ਜਾਣਕਾਰੀ ਅਨੁਸਾਰ ਬੀਤੇ 4 ਦਿਨਾਂ ਤੋਂ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਨੂੰ ਚੱਲ ਰਹੇ ਸਪੈਸ਼ਲ ਸਰਚ ਆਪ੍ਰੇਸ਼ਨ ਦੌਰਾਨ ਅਜਿਹੀ ਕੋਈ ਚੀਜ਼ ਨਹੀਂ ਮਿਲੀ ਪਰ ਭਾਰਤੀ ਏਜੰਸੀਆਂ ਫਿਰੋਜ਼ਪੁਰ ਬਾਰਡਰ ਏਰੀਏ ਵਿਚ ਪਾਕਿ ਡਰੋਨਾਂ ਦੇ ਘੁੰਮਣ ਨੂੰ ਬੜੀ ਗੰਭੀਰਤਾ ਨਾਲ ਲੈ ਰਹੀਆਂ ਹਨ। ਦੂਜੇ ਪਾਸੇ ਫਿਰੋਜ਼ਪੁਰ ਬਾਰਡਰ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਵਿਚ ਪਾਕਿ ਡਰੋਨਾਂ ਨੂੰ ਭਾਰਤੀ ਸੀਮਾ ਵਿਚ ਲਗਾਤਾਰ ਦਾਖਲ ਹੋਣ ਨੂੰ ਲੈ ਕੇ ਚਿੰਤਾ ਦਾ ਮਾਹੌਲ ਹੈ। ਦੂਜੇ ਪਾਸੇ ਬੀ. ਐੱਸ. ਐੱਫ. ਦੇ ਬਾਰਡਰ 'ਤੇ ਤਾਇਨਾਤ ਜਵਾਨਾਂ ਵੱਲੋਂ ਆਸਮਾਨ ਵਿਚ ਉੱਡਦੇ ਡਰੋਨਾਂ ਨੂੰ ਡੇਗਣ ਲਈ ਫਾਇਰਿੰਗ ਕਰਨ ਤੋਂ ਬਾਅਦ ਹੁਣ ਪਾਕਿ ਵੱਲੋਂ ਭਾਰਤੀ ਸਰਹੱਦ ਵਿਚ ਡਰੋਨ ਭੇਜਣ ਦਾ ਸਿਲਸਿਲਾ ਇਕ ਵਾਰ ਰੁਕ ਗਿਆ ਹੈ। ਫਿਰੋਜ਼ਪੁਰ ਭਾਰਤ-ਪਾਕਿ ਹੁਸੈਨੀਵਾਲਾ ਬਾਰਡਰ 'ਤੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਪਾਕਿ ਦੀਆਂ ਇਨ੍ਹਾਂ ਹਰਕਤਾਂ ਨੂੰ ਬੌਖਲਾਹਟ ਦਾ ਨਤੀਜਾ ਮੰਨਿਆ ਜਾ ਰਿਹਾ ਹੈ।


Related News