ਟੈਂਪੂ ਵਿਚ ਲੱਦੇ ਮਿਲੇ ਇੰਡੀਅਨ ਆਇਲ ਤੇ ਐੱਚ. ਪੀ. ਦੇ ਚੋਰੀ ਕੀਤੇ ਸਿਲੰਡਰ, ਗੈਸ ਵੀ ਨਿਕਲੀ ਘੱਟ

Thursday, Sep 16, 2021 - 02:16 AM (IST)

ਜਲੰਧਰ(ਵਰੁਣ,ਸੁਨੀਲ)- ਥਾਣਾ 1 ਦੀ ਪੁਲਸ ਨੇ ਸ਼ਿਵਨਗਰ ਨਾਗਰਾ ਵਿਚ ਰੇਡ ਕਰ ਕੇ ਹਿੰਦੋਸਤਾਨ ਪੈਟਰੋਲੀਅਮ ਅਤੇ ਐੱਚ. ਪੀ. ਦੇ ਗੈਸ ਸਿਲੰਡਰਾਂ ਦਾ ਗੇਟ ਪਾਸ ਲੈ ਕੇ ਨਿਕਲੇ ਟੈਂਪੂ ਵਿਚੋਂ 39 ਇੰਡੀਅਨ ਆਇਲ ਅਤੇ ਐੱਚ. ਪੀ. ਕੰਪਨੀ ਦੇ ਸਿਲੰਡਰ ਬਰਾਮਦ ਕੀਤੇ। ਇਨ੍ਹਾਂ ਵਿਚੋਂ 25 ਸਿਲੰਡਰ ਭਰੇ ਹੋਏ ਸਨ ਜਦਕਿ 6 ਸਿਲੰਡਰਾਂ ਵਿਚ ਗੈਸ ਘੱਟ ਪਾਈ ਗਈ ਹੈ ਅਤੇ 9 ਸਿਲੰਡਰ ਖਾਲੀ ਹਨ। ਪੁਲਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਟੈਂਪੂ ਚਾਲਕ ਨੇ ਇਹ ਸਿਲੰਡਰ ਕਿਸੇ ਗੋਦਾਮ ’ਚ ਚੋਰੀ ਕੀਤੇ ਅਤੇ ਮਾਰਕੀਟ ਵਿਚ ਵੇਚਣ ਜਾਣਾ ਸੀ। ਪੁਲਸ ਨੇ ਮੰਨਿਆ ਕਿ ਟੈਂਪੂ ਚਾਲਕ ਨੇ ਸ਼ਿਵ ਨਗਰ ਸਥਿਤ ਆਪਣੇ ਘਰ ਵਿਚ ਟੈਂਪੂ ਖੜ੍ਹਾ ਕੀਤਾ ਸੀ। ਥਾਣਾ ਨੰਬਰ 1 ਦੀ ਪੁਲਸ ਦੇ ਇੰਚਾਰਜ ਐੱਸ. ਆਈ. ਨਰਿੰਦਰ ਮੋਹਨ ਦਾ ਕਹਿਣਾ ਹੈ ਕਿ ਜਦੋਂ ਸਿਲੰਡਰ ਬਰਾਮਦ ਕੀਤੇ ਗਏ ਤਾਂ ਟੈਂਪੂ ਚਾਲਕ ਸਹੀ ਜਵਾਬ ਨਹੀਂ ਦੇ ਰਿਹਾ ਸੀ। ਉਸ ਨੇ ਇਹ ਵੀ ਸਾਫ ਨਹੀਂ ਕੀਤਾ ਕਿ ਉਹ ਕਿਸ ਏਜੰਸੀ ਵਿਚ ਕੰਮ ਕਰਦਾ ਸੀ। ਪੁਲਸ ਦਾ ਕਹਿਣਾ ਹੈ ਕਿ ਸਿਲੰਡਰ ਮਿਲਣ ਤੋਂ ਬਾਅਦ ਨਾਪ-ਤੋਲ ਵਿਭਾਗ ਦੇ ਇੰਸਪੈਕਟਰ ਅਨੂਪ ਚੌਧਰੀ ਨੂੰ ਬੁਲਾਇਆ ਗਿਆ, ਜਿਸ ਤੋਂ ਬਾਅਦ 29 ਕਮਰਸ਼ੀਅਲ ਸਿਲੰਡਰ ਭਰੇ ਹੋਏ, 9 ਖਾਲੀ ਅਤੇ 6 ਸਿਲੰਡਰਾਂ ਦੇ ਡੇਢ ਤੋਂ ਢਾਈ ਕਿਲੋ ਗੈਸ ਘੱਟ ਬਰਾਮਦ ਪਾਈ ਗਈ। ਪੁਲਸ ਦਾ ਕਹਿਣਾ ਹੈ ਕਿ ਸਿਲੰਡਰ ਰੱਖਣ ਲਈ ਟੈਂਪੂ ਚਾਲਕ ਰਣਜੀਤ ਸਿੰਘ ਤੋਂ ਕੋਈ ਲਾਇਸੈਂਸੀਆਂ ਰਸੀਦ ਨਹੀਂ ਮਿਲੀ ਹੈ ਅਤੇ ਇਹ ਸਿਲੰਡਰ ਕਿਸੇ ਗੈਸ ਏਜੰਸੀ ਜਾਂ ਫਿਰ ਗੋਦਾਮ ਤੋਂ ਚੋਰੀ ਕੀਤੇ ਗਏ ਹਨ। ਪੁਲਸ ਨੇ ਟੈਂਪੂ ਨੂੰ ਕਬਜ਼ੇ ਵਿਚ ਲੈ ਕੇ ਡੀ. ਐੱਫ. ਐੱਸ. ਸੀ. ਨੂੰ ਸੂਚਨਾ ਦਿੱਤੀ। ਜਾਂਚ ਦੌਰਾਨ ਭਗਤ ਸਿੰਘ ਚੌਕ ਨੇੜੇ ਸਥਿਤ ਗੈਸ ਏਜੰਸੀ ਦੇ ਮਾਲਕ ਨੂੰ ਬੁਲਾਇਆ ਗਿਆ ਉਹ ਸਾਫ ਮੁੱਕਰ ਗਿਆ ਕੇ ਸਿਲੰਡਰ ਉਸ ਦੇ ਹਨ। ਹਾਲਾਂਕਿ ਟੈਂਪੂ ਚਾਲਕ ਸਫ਼ਾਈ ਦਿੰਦਾ ਰਿਹਾ ਕਿ ਉਹ ਉਸ ਦੇ ਗੋਦਾਮ ਚੋਂ ਹੀ ਗੇਟ ਪਾਸ ਲੈ ਕੇ ਸਿਲੰਡਰ ਲੈ ਕੇ ਆਇਆ ਹੈ ਪਰ ਗੈਸ ਏਜੰਸੀ ਮਾਲਕ ਨੇ ਆਪਣਾ ਸਟਾਕ ਤੱਕ ਚੈੱਕ ਕਰ ਲੈਣ ਦੀ ਗੱਲ ਕਹੀ। ਐਚ ਪੀ ਅਤੇ ਇੰਡੀਅਨ ਆਇਲ ਦੇ ਸੀਲ ਮੈਨੇਜਰ ਵੀ ਇਸ ਦੀ ਜਾਂਚ ਵਿੱਚ ਲੱਗੇ ਹੋਏ ਹਨ ਦੇਰ ਰਾਤ ਪੁਲਸ ਨੇ ਟੈਂਪੂ ਚਾਲਕ ਤੇ ਕੇਸ ਦਰਜ ਕਰ ਦਿੱਤਾ ਸੀ।


Bharat Thapa

Content Editor

Related News