ਐੱਨ.ਐੱਮ.ਸੀ. ਕਾਨੂੰਨ ਬਣਿਆ ਤਾਂ ਦਾਈ ਤੇ ਡਾਕਟਰ ''ਚ ਹੋ ਜਾਵੇਗਾ ਫਰਕ ਖਤਮ
Wednesday, Jan 03, 2018 - 05:53 PM (IST)
ਜਲੰਧਰ— ਮੰਗਲਵਾਰ ਨੂੰ ਐੱਨ. ਐੱਮ. ਸੀ. ਖਿਲਾਫ ਡਾਕਟਰਾਂ ਨੇ ਬਲੈਕ ਡੇਅ ਮਨਾਇਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੇਕਰ ਐੱਨ. ਐੱਮ. ਸੀ. ਕਾਨੂੰਨ ਬਣਿਆ ਤਾਂ ਦਾਈ ਅਤੇ ਡਾਕਟਰ 'ਚ ਫਰਕ ਹੀ ਖਤਮ ਹੋ ਜਾਵੇਗਾ। ਗੁਜਰਾਲ ਨਗਰ ਸਥਿਤ ਆਈ. ਐੱਮ. ਏ. (ਇੰਡੀਅਨ ਮੈਡੀਕਲ ਐਸੋਸੀਏਸ਼ਨ) ਹਾਊਸ 'ਚ ਡਾਕਟਰਾਂ ਦੀ ਐਮਰਜੈਂਸੀ ਮੀਟਿੰਗ 'ਚ ਐੱਨ. ਐੱਮ. ਸੀ. ਦਾ ਖੁੱਲ੍ਹ ਕੇ ਵਿਰੋਧ ਹੋਇਆ। ਡਾਕਟਰਾਂ ਨੇ ਇਸ ਨੂੰ ਡਾਕਟਰ ਅਤੇ ਮਰੀਜ਼ ਵਿਰੋਧੀ ਕਾਨੂੰਨ ਕਰਾਰ ਦਿੱਤਾ। ਕਿਸੇ ਨੇ ਕਿਹਾ ਕਿ ਨਰਸ ਵੀ ਦਵਾਈ ਲਿਖਣ ਦਾ ਲੱਗ ਜਾਵੇਗੀ ਤਾਂ ਕਿਸੇ ਨੇ ਕਿਹਾ ਕਿ ਦਾਈਆਂ ਅਤੇ ਡਾਕਟਰਾਂ 'ਚ ਵੀ ਕੋਈ ਫਰਕ ਨਹੀਂ ਰਹਿ ਜਾਵੇਗਾ। ਆਈ. ਐੱਮ. ਏ. ਨੇ ਪ੍ਰੈੱਸ ਕਲੱਬ 'ਚ ਵੀ ਪ੍ਰੈੱਸ ਕਾਨਫੰਰਸ ਕੀਤੀ।
ਡਾ. ਤਨਵੀਰ ਨੇ ਕਿਹਾ ਕਿ ਜੇਕਰ ਇਹ ਬਿੱਲ ਸੰਸਦ 'ਚ ਪਾਸ ਹੋ ਗਿਆ ਤਾਂ ਦਾਈ ਵੀ ਡਾਕਟਰਾਂ ਵਾਂਗ ਦਵਾਈ ਲਿਖ ਲਵੇਗੀ। ਇਸ ਬਿੱਲ 'ਚ ਲਿਖਿਆ ਹੈ ਕਿ ਬ੍ਰਿਜ ਕੋਰਸ ਕਰਨ 'ਤੇ ਨਾਨ-ਕੁਆਲੀਫਾਈਡ ਵਿਅਕਤੀ ਵੀ ਐਲੋਪੈਥਿਕ ਦਵਾਈ ਲਿਖਣ ਲਈ ਅਧਿਕਾਰਤ ਹੋ ਜਾਵੇਗਾ। ਫਿਰ ਇਕ ਐੱਮ. ਬੀ. ਬੀ. ਐੱਸ. ਡਾਕਟਰ ਅਤੇ ਦਾਈ 'ਚ ਕੋਈ ਫਰਕ ਨਹੀਂ ਰਹੇਗਾ।
ਉਥੇ ਹੀ ਡਾ. ਐੱਸ. ਐੱਸ. ਸਿੱਧੂ ਨੇ ਕਿਹਾ ਕਿ ਜੇਕਰ ਇਹ ਬਿੱਲ ਪਾਸ ਹੋ ਜਾਵੇਗਾ ਤਾਂ ਪ੍ਰਾਈਵੇਟ ਮੈਡੀਕਲ ਕਾਲਜÎਾਂ ਨੂੰ 60 ਫੀਸਦੀ ਸੀਟਾਂ ਦੀ ਫੀਸ ਤੈਅ ਕਰਨ ਲਈ ਖੁੱਲ੍ਹੀ ਛੋਟ ਮਿਲ ਜਾਵੇਗੀ। ਇਸ ਛੋਟ ਦਾ ਉਹ ਮਨਮਰਜੀ ਨਾਲ ਫਾਇਦਾ ਚੁੱਕਣਗੇ। ਬਿੱਲ ਦਾ ਵਿਰੋਧ ਕਰਨ ਵਾਲੇ ਡਾਕਟਰਾਂ 'ਚ ਆਈ. ਐੱਮ. ਏ. ਪੰਜਾਬ ਦੇ ਸੈਕਟਰੀ ਡਾ. ਨਵਜੋਤ ਦਹੀਆ, ਡਾ. ਰਾਕੇਸ਼ ਵਿੱਗ, ਡਾ. ਰਵੀ ਪਾਲ, ਡਾ. ਬੀ. ਐੱਸ. ਚੋਪੜਾ, ਡਾ. ਰਜਤ ਛਾਬੜਾ ਆਦਿ ਹਾਜ਼ਰ ਸਨ।
