ਕਣਕ ਦਾ ਬਾਰਦਾਨਾ 50 ਦੀ ਬਜਾਏ 30 ਕਿਲੋ ਭੇਜਣ ''ਤੇ ਕਿਸਾਨਾਂ ''ਚ ਰੋਸ

04/21/2018 11:16:47 AM

ਚਾਉਕੇ (ਰਜਿੰਦਰ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨਾਂ ਨਾਲ ਮਿਲ ਕੇ ਪਿੰਡ ਬਦਿਆਲਾ ਦੇ ਖਰੀਦ ਕੇਂਦਰ ਵਿਚ ਕਣਕ ਦੀ ਖਰੀਦ 50 ਕਿਲੋ ਦੀ ਬਜਾਏ 30 ਕਿਲੋ ਦੇ ਬਾਰਦਾਨੇ ਦਾ ਟਰੱਕ ਆਉਣ ਕਾਰਨ ਪ੍ਰਸ਼ਾਸਨ ਤੇ ਖਰੀਦ ਏਜੰਸੀ ਪਨਗ੍ਰੇਨ ਖਿਲਾਫ ਰੋਸ ਪ੍ਰਗਟ ਕੀਤਾ ਗਿਆ।  ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਬਲੌਰ ਸਿੰਘ, ਚੂਹੜ ਸਿੰਘ, ਦਰਸ਼ਨ ਸਿੰਘ ਜੈਦ, ਮਨੋਹਰ ਸਿੰਘ, ਗੁਰਤੇਜ ਸਿੰਘ, ਲੀਲਾ ਸਿੰਘ, ਰਣਧੀਰ ਸਿੰਘ, ਬਚਿੱਤਰ ਸਿੰਘ, ਮਲਕੀਤ ਸਿੰਘ ਆਦਿ ਨੇ ਕਿਹਾ ਕਿ ਪਹਿਲਾਂ ਸਰਕਾਰ ਕਿਸਾਨਾਂ ਤੋਂ 50 ਕਿਲੋ ਦਾ ਬਾਰਦਾਨਾ ਭੇਜ ਕੇ ਖਰੀਦ ਕਰਦੀ ਸੀ ਪਰ ਹੁਣ ਬਾਰਦਾਨਾ 30 ਕਿਲੋ ਦਾ ਭੇਜ ਕੇ ਕਿਸਾਨਾਂ ਦੀ ਲੁੱਟ ਸ਼ੁਰੂ ਕਰ ਰਹੀ ਹੈ ਕਿਉਂਕਿ ਖਰੀਦ ਏਜੰਸੀ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਨੂੰ ਸਿੱਧੀ ਕਣਕ ਦੇਣ ਲਈ 30 ਕਿਲੋ ਦੇ ਹਿਸਾਬ ਨਾਲ ਖਰੀਦ ਕੇਂਦਰਾਂ 'ਚੋਂ ਕਣਕ ਖਰੀਦ ਕਰ ਰਹੀ ਹੈ, ਜਿਸ ਦਾ ਅਸੀਂ ਪੂਰਾ ਵਿਰੋਧ ਕਰਦੇ ਹਾਂ, ਸਰਕਾਰ ਸਾਡੇ ਕੋਲੋਂ 50 ਕਿਲੋ ਦੇ ਹਿਸਾਬ ਨਾਲ ਖਰੀਦ ਕਰੇ, ਨਹੀਂ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਖਰੀਦ ਕੇਂਦਰ ਦੀ ਹੋਵੇਗੀ। ਇਸ ਸਬੰਧੀ ਜਦੋਂ ਅਸੀਂ ਪਨਗ੍ਰੇਨ ਏਜੰਸੀ ਦੇ ਇੰਸਪੈਕਟਰ ਦਿਨੇਸ਼ ਕੁਮਾਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਮੋਬਾਇਲ ਬੰਦ ਆ ਰਿਹਾ ਸੀ। ਇਸ ਸਬੰਧੀ ਜਦੋਂ ਐੱਸ. ਡੀ. ਐੱਮ. ਮੌੜ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪਨਗ੍ਰੇਨ ਏਜੰਸੀ ਆਟਾ-ਦਾਲ ਦੇ ਲਾਭਪਾਤਰੀਆਂ ਨੂੰ ਕਣਕ ਦੇਣ ਲਈ ਪੂਰੇ ਦੇਸ਼ 'ਚ 30 ਕਿਲੋ ਦਾ ਬਾਰਦਾਨਾ ਭੇਜ ਰਹੀ ਹੈ, ਜੇਕਰ ਕਣਕ ਤੋਲਣ ਲਈ ਲਾਪ੍ਰਵਾਹੀ ਹੁੰਦੀ ਹੈ ਤਾਂ ਅਸੀਂ ਉਸ ਵਿਰੁੱਧ ਸਖਤ ਕਦਮ ਚੁੱਕਾਂਗੇ।


Related News