ਕਿਸਾਨਾਂ ਨੇ ਪਿੰਡ ਚੂਹੜਚੱਕ ਤੇ ਢੁੱਡੀਕੇ ਵਿਖੇ ਜੀਓ ਦੇ ਟਾਵਰ ਕੀਤੇ ਬੰਦ
Tuesday, Dec 29, 2020 - 01:29 PM (IST)
ਅਜੀਤਵਾਲ (ਰੱਤੀ ਕੋਕਰੀ) : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਗਵਾਈ ’ਚ ਨੇੜਲੇ ਪਿੰਡ ਚੂਹੜਚੱਕ ਤੇ ਪਿੰਡ ਢੁੱਡੀਕੇ ਵਿਖੇ ਸੰਘਰਸਸ਼ੀਲ ਲੋਕਾਂ ਵੱਲੋਂ ਜੀਓ ਦੇ ਟਾਵਰਾਂ ਦੇ ਕੁਨੈਕਸ਼ਨ ਕੱਟ ਕੇ ਟਾਵਰਾਂ ਨੂੰ ਬੰਦ ਕਰ ਕੇ ਜੱਥੇਬੰਦੀ ਦਾ ਝੰਡਾ ਲਗਾ ਦਿੱਤਾ ਗਿਆ। ਇਸ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਸਾਨ ਆਗੂਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੀਓ ਸਿੰਮ ਜਲਦ ਪੋਰਟ ਕਰਵਾ ਲੈਣ ਕਿਉਂਕਿ ਹੁਣ ਕਿਸਾਨਾਂ ਵੱਲੋਂ ਪਿੰਡਾਂ ’ਚ ਲੱਗੇ ਜੀਓ ਦੇ ਟਾਵਰਾਂ ਨੂੰ ਬੰਦ ਕਰਨ ਦੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ ਅਤੇ ਜੀਓ ਦੇ ਟਾਵਰ ਬੰਦ ਹੋਣ ਤੋਂ ਬਾਅਦ ਜੀਓ ਨੰਬਰ ’ਤੇ ਮੈਸੇਜ ਨਾ ਹੋਣ ਕਾਰਣ ਪੋਰਟ ਨਹੀਂ ਹੋਵੇਗਾ।
ਉਨ੍ਹਾਂ ਸੰਘਰਸਸ਼ੀਲ ਲੋਕਾਂ ਨੂੰ ਕਿਹਾ ਕਿ ਕੁਨੈਕਸ਼ਨ ਕੱਟ ਕੇ ਹੀ ਜੀਓ ਟਾਵਰ ਨੂੰ ਬੰਦ ਕੀਤਾ ਜਾਵੇ ਅਤੇ ਸਮਾਨ ਦਾ ਨੁਕਸਾਨ ਨਾ ਕੀਤਾ ਜਾਵੇ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਕਾਰਣ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਲੰਮਾ ਕਰਕੇ ਪਰਖਿਆ ਜਾ ਰਿਹਾ ਹੈ। ਪੂੰਜੀਵਾਦ ’ਤੇ ਸਰਮਾਏਦਾਰਾਂ ਦਾ ਪੱਖ ਪੂਰਨਾ ਲੋਕਤੰਤਰ ਲਈ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ। ਸਰਕਾਰ ਦੀਆਂ ਮਨਮਾਨੀਆਂ ਨਾਲ ਸੰਵਿਧਾਨ ਨਾਲ ਛੇੜ-ਛਾੜ ਕਰਨਾ ਸਰਕਾਰ ਲੋਕ ਆਵਾਜ਼ ਨੂੰ ਦਬਾਉਣ ਦਾ ਯਤਨ ਕਰ ਰਹੀ ਹੈ। ਇਸ ਸੰਘਰਸ਼ ਵਿਚ ਲੋਕ ਪੱਖੀਂ ਜਥੇਬੰਦੀਆਂ ਆਪਣੀ ਪੂਰੀ ਤਾਕਤ ਲਗਾ ਕੇ ਆਪਣਾ ਯੋਗਦਾਨ ਪਾ ਰਹੀਆਂ ਹਨ ਤੇ ਹੁਣ ਕਿਸਾਨ ਮੋਦੀ ਸਰਕਾਰ ਨੂੰ ਗੋਡੇ ਟੇਕਣ ਲਈ ਮਜ਼ਬੂਰ ਕਰ ਕੇ ਹੀ ਦਮ ਲੈਣਗੇ।