ਪਾਕਿ ਨੂੰ ਮੂੰਹ ਤੋੜ ਜਵਾਬ ਦੇਣ ਲਈ ਭਾਰਤੀ ਫ਼ੌਜ ਨੂੰ ਸਲਾਮ : ਭੱਠਲ
Wednesday, Feb 27, 2019 - 04:20 PM (IST)
ਖਨੌਰੀ (ਹਰਜੀਤ ਸਿੰਘ) : ਪਾਕਿਸਤਾਨ 'ਚ ਸਥਿਤ ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕਰਨਾ ਸਾਡੀ ਫ਼ੌਜ ਦਾ ਸ਼ਲਾਘਾਯੋਗ ਕਦਮ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪਲਾਨਿੰਗ ਬੋਰਡ ਦੀ ਵਾਇਸ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਸਥਾਨਕ ਨਗਰ ਪੰਚਾਇਤ ਵਿਖੇ ਗੱਲਬਾਤ ਕਰਦੇ ਹੋਏ ਕੀਤਾ। ਇਸ ਤੋਂ ਪਹਿਲਾਂ ਬੀਬੀ ਭੱਠਲ ਨੇ ਸ਼ਹਿਰ ਦੇ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ 'ਚ ਮਾਈ ਭਾਗੋ ਸਕੀਮ ਦੇ ਤਹਿਤ 140 ਲੜਕੀਆਂ ਨੂੰ ਸਾਈਕਲ ਵੀ ਵੰਡੇ ਅਤੇ ਸਕੂਲ ਨੂੰ ਕਮਰਿਆਂ ਦੀ ਉਸਾਰੀ ਲਈ 6 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ।
ਬੀਬੀ ਭੱਠਲ ਨੇ ਦੇਸ਼ ਦੀ ਫ਼ੌਜ ਨੂੰ ਸਲਾਮ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦੇ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਆਪਣੇ ਦੇਸ਼ ਦੀ ਸੁਰੱਖਿਆ ਲਈ ਫ਼ੌਜ ਪੂਰੀ ਤਰ੍ਹਾਂ ਸਮਰੱਥ ਹੈ। ਸੰਗਰੂਰ ਤੋਂ ਲੋਕ ਸਭਾ ਚੋਣ ਲੜੇ ਜਾਣ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਬੀਬੀ ਭੱਠਲ ਨੇ ਕਿਹਾ ਕਿ ਇਹ ਫ਼ੈਸਲਾ ਪਾਰਟੀ ਹਾਈ ਕਮਾਨ ਨੇ ਕਰਨਾ ਹੈ ਕਿ ਕਿਸ ਨੂੰ ਕਿੱਥੋਂ ਚੋਣ ਲੜਾਉਣੀ ਹੈ।