ਇੰਡੀਆ ਵੇਟ ਲਿਫਟਿੰਗ : ਹਰਜਿੰਦਰ ਨੂੰ ਭਾਰਤ ’ਚੋਂ ਪਹਿਲਾਂ ਸਥਾਨ, ਚੁੱਕਿਆ 191 ਕਿਲੋ ਭਾਰ
Friday, Mar 06, 2020 - 10:33 AM (IST)
ਨਾਭਾ (ਰਾਹੁਲ) - ਅਜੋਕੇ ਯੁੱਗ ਵਿਚ ਔਰਤਾਂ ਲਾਚਾਰ ਅਤੇ ਕਮਜ਼ੋਰ ਹੋਣ ਦੀ ਬਜਾਏ ਮਰਦਾਂ ਨਾਲ ਹਰ ਖੇਤਰ ਵਿਚ ਮੋਢੇ ਨਾਲ ਮੋਢਾ ਮਿਲਾ ਕੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟ ਰਹੀਆਂ ਹਨ। ਵਿਰਾਸਤੀ ਸ਼ਹਿਰ ਨਾਭਾ ਦੇ ਪਿੰਡ ਮੈਹਸ ਦੀ 23 ਸਾਲਾ ਧੀ ਹਰਜਿੰਦਰ ਕੌਰ ਇਸ ਦੀ ਤਾਜ਼ਾ ਮਿਸਾਲ ਬਣ ਗਈ ਹੈ, ਜਿਸ ਨੇ ਆਪਣੇ ਮਾਤਾ-ਪਿਤਾ, ਪਿੰਡ ਅਤੇ ਇਲਾਕੇ ਦਾ ਹੀ ਨਹੀਂ ਸਗੋਂ ਪੂਰੇ ਭਾਰਤ ਦਾ ਨਾਂ ਰੌਸ਼ਨ ਕਰ ਕੇ ਮਿਸਾਲ ਕਾਇਮ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਹਰਜਿੰਦਰ ਕੌਰ ਨੇ ਉਡ਼ੀਸਾ ਦੇ ਭੁਵਨੇਸ਼ਵਰ ਵਿਚ ਖੇਡੇ ਗਏ ਇੰਡੀਆ ਵੇਟ ਲਿਫਟਿੰਗ ਮੁਕਾਬਲੇ ਵਿਚ 191 ਕਿਲੋ ਭਾਰ ਚੁੱਕ ਕੇ ਪੂਰੇ ਭਾਰਤ ’ਚੋਂ ਪਹਿਲਾ ਸਥਾਨ ਹਾਸਲ ਕਰ ਕੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ।
ਮੁਕਾਬਲਾ ਜਿੱਤਣ ਤੋਂ ਬਾਅਦ ਜਦੋਂ ਇਲਾਕੇ ਦੀ ਇਹ ਹੋਣਹਾਰ ਧੀ ਆਪਣੇ ਪਿੰਡ ਪੁੱਜੀ ਤਾਂ ਪਿੰਡ ਵਾਸੀਆਂ ਨੇ ਉਸ ਦਾ ਭਰਵਾਂ ਸਵਾਗਤ ਕਰਦਿਆਂ ਹਰਜਿੰਦਰ ਕੌਰ ਦੇ ਬੇਮਿਸਾਲੀ ਖਿਤਾਬ ਹਾਸਲ ਕਰਨ ਦੀ ਜਿੱਤ ਦੀ ਖੁਸ਼ੀ ਮਨਾਈ। ਜ਼ਿਕਰਯੋਗ ਹੈ ਕਿ ਹਰਜਿੰਦਰ ਕੌਰ ਇਸ ਤੋਂ ਪਹਿਲਾਂ ਪੰਜਾਬ ਅਤੇ ਕੌਮੀ ਪੱਧਰ ’ਤੇ ਕਈ ਗੋਲਡ ਅਤੇ ਬਰਾਊਨ ਮੈਡਲ ਆਪਣੇ ਨਾਂ ਕਰ ਚੁੱਕੀ ਹੈ। ਹਰਜਿੰਦਰ ਕੌਰ ਨੇ ਕਿਹਾ ਕਿ ਜੋ ਮੁਕਾਮ ਅੱਜ ਮੈਂ ਹਾਸਲ ਕੀਤਾ ਹੈ, ਉਸ ਦਾ ਕਾਰਨ ਮੇਰੇ ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰਾਂ ਤੋ ਇਲਾਵਾ ਬਜ਼ੁਰਗਾਂ ਦੀਆਂ ਅਸੀਸਾਂ ਹਨ। ਮੇਰਾ ਨਿਸ਼ਾਨਾ ਹੁਣ ਉਲਪਿੰਕ ਖੇਡਾਂ ਹਨ ਜਿਸ ਨੂੰ ਮੈਂ ਹਰ ਹਾਲਤ ਹਾਸਲ ਕਰਾਂਗੀ।
ਇਸ ਮੌਕੇ ਹੋਣਹਾਰ ਧੀ ਹਰਜਿੰਦਰ ਕੌਰ ਦੇ ਪਿਤਾ ਸਾਹਿਬ ਸਿੰਘ ਅਤੇ ਭਰਾ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੀ ਕੁੜੀ ਨੇ ਪਿੰਡ ਅਤੇ ਇਲਾਕੇ ਦਾ ਹੀ ਨਹੀ ਸਗੋਂ ਦੇਸ਼ ਦਾ ਨਾਂ ਵੀ ਰੌਸ਼ਨ ਕੀਤਾ ਹੈ। ਪਿੰਡ ਦੇ ਸਰਪੰਚ ਦਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਪਿੰਡ ਦੀ ਹੋਣਹਾਰ ਧੀ ਨੇ ਆਪਣੇ ਮਾਤਾ-ਪਿਤਾ ਸਮੇਤ ਪਿੰਡ ਦਾ ਨਾਂ ਵੀ ਪੂਰੇ ਦੇਸ਼ ਵਿਚ ਰੌਸ਼ਨ ਕਰ ਦਿੱਤਾ ਹੈ।