ਸਿੱਖ ਕੱਟੜਪੰਥੀਆਂ ''ਤੇ ਲਗਾਮ ਕੱਸਣ ਲਈ ਭਾਰਤ ਅਤੇ ਕੈਨੇਡਾ ਸਹਿਮਤ

Sunday, Feb 18, 2018 - 05:46 AM (IST)

ਸਿੱਖ ਕੱਟੜਪੰਥੀਆਂ ''ਤੇ ਲਗਾਮ ਕੱਸਣ ਲਈ ਭਾਰਤ ਅਤੇ ਕੈਨੇਡਾ ਸਹਿਮਤ

ਜਲੰਧਰ (ਧਵਨ) - ਕੈਨੇਡਾ ਨੇ ਭਾਰਤ ਸਰਕਾਰ ਨਾਲ ਸਿੱਖ ਕੱਟੜਪੰਥੀਆਂ 'ਤੇ ਲਗਾਮ ਕੱਸਣ ਲਈ ਗੱਲਬਾਤ ਸ਼ੁਰੂ ਕੀਤੀ ਹੈ ਅਤੇ ਇਸ ਗੱਲ 'ਤੇ ਆਪਣੀ ਸਹਿਮਤੀ ਜਤਾਈ ਹੈ ਕਿ ਖਾਲਿਸਤਾਨੀ ਅਨਸਰਾਂ ਵਿਰੁੱਧ ਚਲ ਰਹੇ ਕੇਸਾਂ 'ਚ ਜਾਂਚ ਦੇ ਕੰਮ ਨੂੰ ਅੱਗੇ ਵਧਾਇਆ ਜਾਵੇ। ਅਜੇ ਤਕ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ 'ਤੇ ਖਾਲਿਸਤਾਨੀ  ਅਨਸਰਾਂ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਕੈਨੇਡਾ ਅਤੇ ਭਾਰਤ ਦੇ ਸੁਰੱਖਿਆ ਸਲਾਹਕਾਰਾਂ ਨੇ ਪਿਛਲੇ ਦਿਨੀਂ ਬੈਠਕ ਕਰ ਕੇ ਖਾਲਿਸਤਾਨੀ ਅਨਸਰਾਂ 'ਤੇ ਲਗਾਮ ਕੱਸਣ ਦਾ ਫੈਸਲਾ ਲਿਆ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਦੋਵੇਂ ਦੇਸ਼ ਅੱਤਵਾਦ 'ਤੇ ਸ਼ਿਕੰਜਾ ਕੱਸਣ ਦੇ ਪੱਖ 'ਚ ਸਨ ਅਤੇ ਦੋਵਾਂ ਦੇਸ਼ਾਂ ਨੇ ਇਸ ਸੰਬੰਧ 'ਚ ਗੱਲਬਾਤ ਅਤੇ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਕੈਨੇਡਾ 'ਚ ਖਾਲਿਸਤਾਨੀ ਅੰਦੋਲਨ ਦੇ ਸਮਰਥਕਾਂ ਦੀ ਮੌਜੂਦਗੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਿਛਲੇ ਸਮੇਂ 'ਚ ਸਖਤ ਇਤਰਾਜ਼ ਜਤਾਇਆ ਸੀ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਾਜਨ ਜਦੋਂ ਪੰਜਾਬ ਦੌਰੇ 'ਤੇ ਆਏ ਸਨ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਪਿਛਲੇ ਦਿਨੀਂ ਹਰਜੀਤ ਸਾਜਨ ਅਤੇ ਇਕ ਹੋਰ ਪੰਜਾਬੀ ਮੰਤਰੀ ਵਲੋਂ ਖਾਲਿਸਤਾਨੀ ਅਨਸਰਾਂ ਤੋਂ ਦੂਰੀ ਬਣਾਉਣ ਅਤੇ ਉਨ੍ਹਾਂ ਵਿਰੁੱਧ ਦਿੱਤੇ ਗਏ ਬਿਆਨ ਦਾ ਕੈਪਟਨ ਅਮਰਿੰਦਰ ਸਿੰਘ ਨੇ ਸਵਾਗਤ ਕੀਤਾ ਸੀ। ਦੋਵਾਂ ਦੇਸ਼ਾਂ ਦੇ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ 'ਚ ਕੈਨੇਡਾ 'ਚ ਮੌਜੂਦ ਖਾਲਿਸਤਾਨੀ ਅਨਸਰਾਂ ਨੂੰ ਅਲੱਗ-ਥਲੱਗ ਕਰਨ ਦਾ ਵੀ ਫੈਸਲਾ ਲਿਆ ਗਿਆ ਕਿਉਂਕਿ ਕੈਨੇਡਾ 'ਚ ਮੌਜੂਦ ਇਨ੍ਹਾਂ ਖਾਲਿਸਤਾਨੀ ਅਨਸਰਾਂ ਕਾਰਨ ਦੋਵਾਂ ਦੇਸ਼ਾਂ ਦੇ ਆਪਸੀ ਸੰਬੰਧਾਂ 'ਤੇ ਅਸਰ ਪੈ ਰਿਹਾ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਕੈਨੇਡਾ ਨੇ ਭਰੋਸਾ ਦਿੱਤਾ ਹੈ ਕਿ ਉਹ ਅੱਤਵਾਦ ਨੂੰ ਕਿਸੇ ਵੀ ਕੀਮਤ 'ਤੇ ਉਤਸ਼ਾਹਿਤ ਨਹੀਂ ਕਰੇਗਾ।


Related News