ਭਾਰਤ ਸਰਕਾਰ ਦੀ ਟੀਮ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

Saturday, Sep 06, 2025 - 11:43 AM (IST)

ਭਾਰਤ ਸਰਕਾਰ ਦੀ ਟੀਮ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਜਲਾਲਾਬਾਦ (ਬਜਾਜ) : ਭਾਰਤ ਸਰਕਾਰ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਰਵੇਖਣ ਲਈ ਭੇਜੀ ਗਈ ਟੀਮ ਵੱਲੋਂ ਦੂਜੇ ਦਿਨ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਉਪਮੰਡਲ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ, ਡਵੀਜ਼ਨਲ ਕਮਿਸ਼ਨਰ ਮਨਜੀਤ ਸਿੰਘ ਬਰਾੜ ਅਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਟੀਮ ਸਾਹਮਣੇ ਇਲਾਕੇ 'ਚ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਫਾਜ਼ਿਲਕਾ ਦੇ ਐੱਸ. ਐੱਸ. ਪੀ. ਗੁਰਮੀਤ ਸਿੰਘ ਵੀ ਹਾਜ਼ਰ ਰਹੇ।

ਇਸ ਟੀਮ ਵੱਲੋਂ ਭਾਰਤ-ਪਾਕਿ ਸਰਹੱਦ ਦੇ ਬਿਲਕੁਲ ਨਾਲ ਵਸੇ ਪਿੰਡ ਢਾਣੀ ਬਚਨ ਸਿੰਘ ਪਹੁੰਚ ਕੇ ਸਥਾਨਕ ਹਾਲਾਤ ਦਾ ਜਾਇਜ਼ਾ ਲਿਆ ਅਤੇ ਟਰੈਕਟਰ ਰਾਹੀਂ ਪਾਣੀ 'ਚ ਘਿਰੇ ਘਰਾਂ ਤੱਕ ਪਹੁੰਚ ਕਰਕੇ ਲੋਕਾਂ ਦੇ ਹਾਲਾਤ ਵੇਖੇ। ਇਸ ਟੀਮ 'ਚ ਸੁਦੀਪ ਦੱਤਾ ਅੰਡਰ ਸੈਕਟਰੀ ਦਿਹਾਤੀ ਵਿਕਾਸ ਮੰਤਰਾਲਾ ਭਾਰਤ ਸਰਕਾਰ, ਲਕਸ਼ਮਣ ਰਾਮ ਬੁਲਡਕ ਡਾਇਰੈਕਟਰ ਐਗਰੀਕਲਚਰ, ਪ੍ਰਕਾਸ਼ ਚੰਦ ਡਿਪਟੀ ਡਾਇਰੈਕਟਰ ਮਨਿਸਟਰੀ ਆਫ ਜਲ ਸ਼ਕਤੀ, ਆਰਕੇ ਤਿਵਾੜੀ ਸੀਈਏ ਪਾਵਰ ਮੰਤਰਾਲਾ ਸ਼ਾਮਲ ਹਨ।

ਇਨ੍ਹਾਂ ਵੱਲੋਂ ਵਿਸਥਾਰ ਨਾਲ ਜ਼ਿਲ੍ਹੇ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ। ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਵੀ ਕੇਂਦਰੀ ਟੀਮ ਨੂੰ ਸਥਾਨਕ ਹਾਲਾਤਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਚਾਹੇ ਹੜ੍ਹ ਹੋਣ ਅਤੇ ਚਾਹੇ ਜੰਗ, ਇਹ ਸਰਹੱਦੀ ਲੋਕ ਇਸਦਾ ਸੇਕ ਝੱਲਦੇ ਹਨ। ਇਸ ਲਈ ਮੁਸ਼ਕਲ ਸਮੇਂ ਵਿਚ ਪੰਜਾਬ ਦੇ ਇਨ੍ਹਾਂ ਲੋਕਾਂ ਦੀ ਕੇਂਦਰ ਸਰਕਾਰ ਵੱਲੋਂ ਮਦਦ ਕੀਤੀ ਜਾਣੀ ਚਾਹੀਦੀ ਹੈ।
 


author

Babita

Content Editor

Related News