ਆਜ਼ਾਦੀ ਦਾ ਅਹਿਸਾਸ : ਉਹ ਅੱਧੀ ਰਾਤ ਤੇ ਦਿਨ, ਜਾਣੋਂ ਕੁਝ ਦਿਲਚਸਪ ਗੱਲਾ

Saturday, Aug 15, 2020 - 09:03 AM (IST)

ਆਜ਼ਾਦੀ ਦਾ ਅਹਿਸਾਸ : ਉਹ ਅੱਧੀ ਰਾਤ ਤੇ ਦਿਨ, ਜਾਣੋਂ ਕੁਝ ਦਿਲਚਸਪ ਗੱਲਾ

ਅੰਮ੍ਰਿਤਸਰ/ਜਲੰਧਰ : ਭਾਰਤ ਨੂੰ ਆਜ਼ਾਦੀ 14 ਅਗਸਤ 1947 ਨੂੰ ਰਾਤ 12 ਵਜੇ ਮਿਲ ਗਈ ਸੀ। ਇਹੋ ਉਹ ਸਮਾਂ ਸੀ ਜਦੋਂ ਆਜ਼ਾਦ ਭਾਰਤ ਦਾ ਤਿਰੰਗਾ ਪਹਿਲੀ ਵਾਰ ਸੈਂਟਰਲ ਹਾਲ (ਸੰਸਦ) 'ਚ ਲਹਿਰਾਇਆ ਗਿਆ ਸੀ। ਉਸ ਰਾਤ ਅਤੇ ਆਜ਼ਾਦੀ ਦੀ ਅਗਲੀ ਸਵੇਰ ਕੀ-ਕੀ ਹੋਇਆ, ਜਾਣੋਂ ਕੁਝ ਦਿਲਚਸਪ ਗੱਲਾਂ ਬਾਰੇ...

15 ਅਗਸਤ ਦਾ ਇਤਿਹਾਸ
ਭਾਰਤ ਉੱਤੇ ਕਈ ਸਾਲਾਂ ਤੋਂ ਅੰਗਰੇਜ਼ਾਂ ਦਾ ਰਾਜ ਰਿਹਾ। ਈਸਟ ਇੰਡੀਆ ਕੰਪਨੀ ਨੇ ਭਾਰਤ 'ਤੇ ਲਗਭਗ 100 ਸਾਲ ਰਾਜ ਕੀਤਾ। ਇਹ 1757 'ਚ ਸੀ ਜਦੋਂ ਈਸਟ ਇੰਡੀਆ ਕੰਪਨੀ ਨੇ ਪਲਾਸੀ ਦੀ ਲੜਾਈ ਜਿੱਤੀ। ਇਸ ਜਿੱਤ ਤੋਂ ਬਾਅਦ ਹੀ ਸੀ ਜਦੋਂ ਕੰਪਨੀ ਨੇ ਭਾਰਤ 'ਤੇ ਤਾਕਤ ਵਰਤਣੀ ਸ਼ੁਰੂ ਕੀਤੀ। ਸਾਡੀ ਕੌਮ ਨੇ 1957 ਵਿਚ ਪਹਿਲੀ ਵਾਰ ਵਿਦੇਸ਼ੀ ਸ਼ਾਸਨ ਵਿਰੁੱਧ ਬਗਾਵਤ ਕੀਤੀ ਸੀ। ਪੂਰਾ ਦੇਸ਼ ਬ੍ਰਿਟਿਸ਼ ਸੱਤਾ ਦੇ ਵਿਰੁੱਧ ਇਕਜੁੱਟ ਹੋ ਗਿਆ ਸੀ। ਇਹ ਇਕ ਮੰਦਭਾਗੀ ਘਟਨਾ ਸੀ ਕਿਉਂਕਿ ਉਸ ਸਮੇਂ ਭਾਰਤ ਹਾਰ ਗਿਆ ਸੀ ਪਰ ਉਸ ਸਮੇਂ ਤੋਂ ਬਾਅਦ ਭਾਰਤੀ ਰਾਜ ਅੰਗਰੇਜ਼ਾਂ ਨੂੰ ਦਿੱਤਾ ਗਿਆ ਸੀ, ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਪ੍ਰਾਪਤ ਹੋਣ ਤਕ ਸਾਡੇ ਦੇਸ਼ 'ਤੇ ਰਾਜ ਕੀਤਾ। ਸਾਡੀ ਕੌਮ ਨੇ ਆਜ਼ਾਦੀ ਪ੍ਰਾਪਤ ਕਰਨ ਲਈ ਲੰਬੀ ਮੁਹਿੰਮ ਦਾ ਸਾਹਮਣਾ ਕੀਤਾ। ਬ੍ਰਿਟੇਨ ਨੇ ਫਿਰ ਦੋ ਵਿਸ਼ਵ ਯੁੱਧਾਂ ਤੋਂ ਬਾਅਦ ਕਮਜ਼ੋਰ ਹੋਣਾ ਸ਼ੁਰੂ ਕੀਤਾ ਅਤੇ ਆਖਰਕਾਰ ਭਾਰਤ ਅਜ਼ਾਦ ਹੋਇਆ। ਭਾਰਤ ਦਾ ਸੁਤੰਤਰਤਾ ਸੰਗਰਾਮ ਕੰਮ ਲਈ ਹਮੇਸ਼ਾਂ ਪ੍ਰੇਰਣਾ ਰਿਹਾ ਹੈ ਕਿਉਂਕਿ ਇਹ ਵਿਸ਼ਵ 'ਚ ਸਭ ਤੋਂ ਵੱਧ ਅਹਿੰਸਕ ਮੁਹਿੰਮ ਸੀ।

ਆਜ਼ਾਦ ਭਾਰਤ ਦਾ ਪਹਿਲਾਂ ਦਿਨ
14 ਤਰੀਕ ਨੂੰ ਦਿਨ ਵੇਲੇ ਪਾਕਿਸਤਾਨ ਅਲੱਗ ਮੁਲਕ ਬਣ ਚੁੱਕਾ ਸੀ ਅਤੇ ਭਾਰਤ 'ਚ 14 ਤਰੀਕ ਦੀ ਰਾਤ ਆਜ਼ਾਦੀ ਦਾ ਜਸ਼ਨ ਸ਼ੁਰੂ ਹੋ ਚੁੱਕਾ ਸੀ। ਸੜਕਾਂ 'ਤੇ ਭੀੜ ਸੀ, ਪਟਾਕੇ ਚਲਾਏ ਜਾ ਰਹੇ ਸਨ। ਭਾਰਤ ਮਾਤਾ ਦੀ ਜੈ , ਮੇਰਾ ਭਾਰਤ ਮਹਾਨ ਦੀ ਗੂੰਜ ਹਰ ਪਾਸੇ ਸੀ। ਆਜ਼ਾਦ ਭਾਰਤ ਦਾ ਪਹਿਲਾਂ ਆਜ਼ਾਦ ਦਿਨ 15 ਅਗਸਤ ਨੂੰ ਆਇਆ ਸੀ। ਪੂਰੇ ਦੋਸ਼ 'ਚ ਨੌਜਵਾਨ ਰੈਲੀਆਂ ਕੱਢ ਰਹੇ ਸਨ। ਮਠਿਆਈਆਂ ਵੰਡੀਆਂ ਜਾ ਰਹੀਆਂ ਸੀ। ਹੋਰ ਤਾਂ ਹੋਰ ਬਹੁਤ ਸਾਰੇ ਅੰਗਰੇਜ਼ ਵੀ ਇਸ ਜਸ਼ਨ ਦਾ ਹਿੱਸਾ ਸਨ। ਉਸ ਦਿਨ ਲੋਕ ਇਕ ਦੂਜੇ ਨੂੰ 'ਆਜ਼ਾਦ ਸਾਹਿਬ ਕਹਿ ਕੇ ਬੁਲਾਅ ਰਹੇ ਸਨ ਨਵੀਂ ਦਿੱਲੀ 'ਚ ਇੰਡੀਆ ਗੇਟ ਨੇੜੇ ਸ਼ਾਮ ਲਗਭਗ 5 ਵਜੇ ਝੰਡਾ ਲਹਿਰਾਇਆ ਜਾਣਾ ਸੀ। ਅਨੁਮਾਨ ਸੀ ਕਿ ਉਥੇ 30 ਲੱਖ ਲੋਕ ਇਕੱਠੇ ਹੋਣਗੇ ਪਰ ਦੇਖਦੇ ਹੀ ਦੇਖਦੇ 50 ਲੱਖ ਲੋਕਾਂ ਭੀੜ ਇਕੱਠੀ ਹੋ ਗਈ ਇਕ ਕੁਰਸੀ 'ਤੇ 2-2 ਵਿਅਕਤੀ ਬੈਠੇ, ਕੋਈ ਗੱਡੀਆਂ 'ਤੇ ਚੜ੍ਹ ਗਿਆ ਤਾਂ ਕੋਈ ਆਸ-ਪਾਸ ਲੱਗੇ ਦਰੱਖਤਾਂ 'ਤੇ। 

ਪਹਿਲਾਂ ਤਿਰੰਗਾ 
ਆਜ਼ਾਦ ਭਾਰਤ ਦਾ ਪਹਿਲਾਂ ਤਿਰੰਗਾ 15 ਅਗਸਤ 1947 ਨੂੰ ਨਹੀਂ ਸਗੋਂ 14 ਅਗਸਤ 1947 ਦੀ ਰਾਤ ਸੈਂਟਰਲ ਹਾਲ (ਸੰਸਦ) 'ਚ ਲਹਿਰਾਇਆ ਗਿਆ ਸੀ। ਰਾਤ 10 ਵਜੇਂ ਅੰਤਿਮ ਵਾਇਸਰਾਏ ਲਾਰਡ ਮਾਊਂਟਬੇਟਨ ਨੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੂੰ ਭਾਰਤ ਦੇ ਸੰਵਿਧਾਨ ਨਾਲ ਸਬੰਧਤ ਦਸਤਾਵੇਜ਼ ਦਿੱਤੇ। ਇਸ ਦੌਰਾਨ ਆਜ਼ਾਦੀ ਘੁਲਾਟੀਏ ਹੰਸਾਬੇਨ ਮਹਿਤਾ ਨੇ ਖਾਦੀ-ਸਿਲਕ ਨਾਲ ਬਣਾਇਆ ਤਿਰੰਗਾ ਰਾਸ਼ਟਰੀ ਡਾ. ਰਾਜਿੰਦਰ ਪ੍ਰਸਾਦ ਜੀ ਨੂੰ ਸੌਪਿਆ। ਇਸ ਤੋਂ ਬਾਅਦ ਤਿਰੰਗੇ ਨੂੰ ਸੈਂਟਰਲ ਹਾਲ 'ਚ ਸਭ ਤੋਂ ਪਹਿਲਾਂ ਲਹਿਰਾਇਆ ਗਿਆ। ਇਸ ਤੋਂ ਅਗਲੇ ਦਿਨ ਪੰਡਿਤ ਜਵਾਹਰ ਲਾਲ ਨਹਿਰੂ ਨੇ ਦਿੱਲੀ 'ਚ ਤਿਰੰਗਾ ਲਹਿਰਾਇਆ। 

ਇੰਗਲੈਂਡ ਦੀ ਸੰਸਦ 'ਚ ਇਸ ਤਰ੍ਹਾਂ ਤੈਅ ਹੋਈ ਸੀ ਭਾਰਤ ਦੀ ਆਜ਼ਾਦੀ
ਬ੍ਰਿਟੇਨ ਦੇ ਸ਼ਾਸਨ ਤੋਂ ਆਜ਼ਾਦ ਹੋਣ ਤੋਂ ਬਾਅਦ ਭਾਰਤ ਦਾ ਸਰੂਪ ਤੈਅ ਕਰਨ ਲਈ ਬ੍ਰਿਟੇਨ ਦੀ ਸੰਸਦ 'ਚ 4 ਜੁਲਾਈ 1947 ਨੂੰ 'ਦਿ ਇੰਡੀਅਨ ਇੰਡੀਪੈਂਡੈਂਟਸ ਐਕਟ' ਪੇਸ਼ ਹੋਇਆ ਸੀ। ਇਸ ਬਿੱਲ 'ਚ ਭਾਰਤ ਦੀ ਵੰਡ ਅਤੇ ਇਕ ਵੱਖਰੇ ਦੇਸ਼ ਪਾਕਿਸਤਾਨ ਦੇ ਬਣਾਏ ਜਾਣ ਦਾ ਮਤਾ ਰੱਖਿਆ ਗਿਆ ਸੀ। ਇਹ ਬਿੱਲ 18 ਜੁਲਾਈ ਨੂੰ ਪਾਸ ਹੋਇਆ। ਇਸ ਦੇ ਤਹਿਤ ਬ੍ਰਿਤਾਨਵੀ ਹਕੂਮਤ ਦੇ ਭਾਰਤ ਛੱਡਣ ਦੀ ਤਰੀਕ 15 ਅਗਸਤ 1947 ਤੈਅ ਕੀਤੀ ਸੀ।

ਇਸ ਦੇ ਤਹਿਤ ਬੰਗਾਲ ਸੂਬੇ ਦੀ ਵੰਡ ਪੂਰਬੀ ਬੰਗਾਲ ਅਤੇ ਪੱਛਮੀ ਬੰਗਾਲ 'ਚ ਅਤੇ ਪੰਜਾਬ ਸੂਬੇ ਦੀ ਵੰਡ ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ 'ਚ ਕਰ ਦਿੱਤੀ ਗਈ। ਇਸੇ ਕਾਨੂੰਨ ਦੇ ਤਹਿਤ ਭਾਰਤ ਅਤੇ ਪਾਕਿਸਤਾਨ ਦੀਆਂ ਹੱਦਾਂ ਤੈਅ ਕਰਨ ਲਈ ਇਕ 'ਸਰਹੱਦ ਕਮਿਸ਼ਨ' ਬਣਾਉਣ ਦਾ ਫੈਸਲਾ ਕੀਤਾ ਗਿਆ।ਇਸ ਕਮਿਸ਼ਨ ਦੀ ਪ੍ਰਧਾਨਗੀ ਸਰ ਰੈੱਡਕਲਿਫ ਨੇ ਕੀਤੀ ਸੀ। ਇਸ ਲਈ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਨੂੰ ਰੈੱਡਕਲਿਫ ਲਾਈਨ ਵੀ ਕਿਹਾ ਜਾਂਦਾ ਹੈ।

'ਦਿ ਇੰਡੀਅਨ ਇੰਡੀਪੈਂਡੈਂਸ ਐਕਟ' ਦੇ ਤਹਿਤ ਬ੍ਰਿਟੇਨ ਦੇ ਰਾਜਾ ਨੂੰ ਭਾਰਤ ਦੇ ਸਮਰਾਟ ਦਾ ਅਹੁਦਾ ਛੱਡਣਾ ਪਿਆ ਸੀ।

ਬਟਵਾਰੇ ਦੇ ਸਮੇਂ ਪਾਕਿਸਤਾਨ 'ਚ ਲਗਭਗ 23 ਫੀਸਦੀ ਹਿੰਦੂ ਆਬਾਦੀ ਸੀ। ਬੰਗਲਾਦੇਸ਼ ਬਣਨ ਤੋਂ ਬਾਅਦ ਇਹ ਆਬਾਦੀ ਸਿਰਫ 13 ਫੀਸਦੀ ਰਹਿ ਗਈ ਸੀ। ਇਤਿਹਾਸਕਾਰਾਂ ਅਨੁਸਾਰ 1947 'ਚ ਦਿੱਲੀ ਆਉਣ ਵਾਲੇ ਸ਼ਰਨਾਰਥੀਆਂ ਨੂੰ ਇਕ ਜਾਇਜ਼ ਪਨਾਹ ਦਿੱਤੀ ਗਈ, ਉੱਧਰ 1955 ਤੋਂ ਬਾਅਦ ਦੂਜੇ ਸ਼ਹਿਰਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ। ਕੁਝ ਲੇਖਕ ਅਤੇ ਸਿਆਸੀ ਮਾਹਿਰ ਮੰਨਦੇ ਹਨ ਕਿ ਬ੍ਰਿਟਿਸ਼ ਸਰਕਾਰ ਨੇ ਜੋ ਸਰਹੱਦ ਇੰਨੀ ਜ਼ਲਦਬਾਜ਼ੀ 'ਚ ਖਿੱਚੀ, ਉਸ ਦਾ ਖਮਿਆਜ਼ਾ ਭਾਰਤ ਤੇ ਪਾਕਿਸਤਾਨ ਦੋਵੇਂ ਦੇਸ਼ਾਂ ਨੇ ਭੁਗਤਿਆ ਅਤੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦਾ ਇਹ ਇਕ ਵੱਡਾ ਕਾਰਣ ਹੈ।

ਪਹਿਲੀ ਲਕੀਰ 17 ਅਗਸਤ ਨੂੰ ਖਿੱਚੀ ਗਈ...
ਦੇਸ਼ ਤਾਂ 15 ਅਗਸਤ ਨੂੰ ਆਜ਼ਾਦ ਹੋ ਗਿਆ ਪਰ ਸਰਹੱਦਾਂ ਦਾ ਤੈਅ ਹੋਣਾ ਬਾਕੀ ਸੀ। 17 ਅਗਸਤ ਨੂੰ ਸਰਹੱਦਾਂ ਤੈਅ ਕੀਤੀਆਂ ਗਈਆਂ। ਉਦੋਂ ਬਾਰਡਰ ਬਿਨਾਂ ਬੈਰੀਅਰ ਦੇ ਹੋਇਆ ਕਰਦੇ ਸਨ। ਬਾਰਡਰਸ 'ਤੇ ਡਰੱਮ ਪੇਂਟ ਕਰਕੇ ਰੱਖੇ ਗਏ ਸਨ। ਭਾਰਤ ਅਤੇ ਪਾਕਿਸਤਾਨ ਦੇ ਭੌਗੋਲਿਕ ਹਾਲਾਤ ਅਜਿਹੇ ਸਨ ਕਿ ਸਰਹੱਦਾਂ ਤੈਅ ਕਰ ਪਾਉਣੀਆਂ ਮੁਸ਼ਕਿਲ ਕੰਮ ਸੀ ਕਿਉਂਕਿ ਵੰਡ ਤੋਂ ਪਹਿਲਾਂ ਦੇਸ਼ 'ਚ ਮਾਰੂਸਥਲ, ਗਲੇਸ਼ੀਅਰਸ ਅਤੇ ਪਰਬਤ ਲੜੀਆਂ ਸਨ। ਅਜਿਹੇ 'ਚ ਕੁਝ ਚੁਣਿੰਦਾ ਸਥਾਨਾਂ 'ਤੇ ਬੋਰਡ ਲਾਏ ਗਏ ਸਨ, ਜਿਨ੍ਹਾਂ 'ਤੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ ਕਿ ਬਿਨਾਂ ਪਾਸਪੋਰਟ ਦੇ ਤੁਸੀਂ ਅੱਗੇ ਨਹੀਂ ਜਾ ਸਕਦੇ।

ਫੌਜ ਦਾ ਵੀ ਹੋਇਆ ਸੀ ਬਟਵਾਰਾ
ਰਾਬਰਟ ਲਾਕਹਾਰਟ ਬਣੇ ਭਾਰਤ ਦੇ ਪਹਿਲੇ ਆਰਮੀ ਚੀਫ

ਬ੍ਰਿਟਿਸ਼ ਰਾਜ ਖਤਮ ਹੋਣ ਤੋਂ ਬਾਅਦ ਦੇਸ਼ ਤਾਂ ਵੰਡਿਆ ਹੀ ਫੌਜ ਦਾ ਵੀ ਬਟਵਾਰਾ ਹੋ ਗਿਆ। ਇਕ ਰਿਪੋਰਟ ਦੇ ਅਨੁਸਾਰ ਲਗਭਗ 2,60,000 ਹਿੰਦੂ ਅਤੇ ਸਿੱਖ ਭਾਰਤ ਆਏ ਅਤੇ ਲਗਭਗ 1,40,000 ਮੁਸਲਿਮ ਫੌਜੀ ਪਾਕਿਸਤਾਨ ਗਏ। ਗੋਰਖਾ ਬ੍ਰਿਗੇਡ ਭਾਰਤ ਅਤੇ ਬ੍ਰਿਟੇਨ 'ਚ ਵੰਡੀ ਗਈ। ਕਈ ਬ੍ਰਿਟਿਸ਼ ਅਧਿਕਾਰੀ ਭਾਰਤ ਹੀ ਰੁਕੇ ਤਾਂ ਕਿ ਸਾਰੇ ਇੰਤਜ਼ਾਮ ਪੂਰੇ ਹੋ ਸਕਣ, ਜਿਨ੍ਹਾਂ 'ਚ ਜਨਰਲ ਸਰ ਰਾਬਰਟ ਲਾਕਹਾਰਟ, ਜੋ ਭਾਰਤ ਦੇ ਪਹਿਲੇ ਥਲ ਸੈਨਾ ਮੁਖੀ ਸਨ ਅਤੇ ਜਨਰਲ ਸਰ ਫ੍ਰੈਂਕ ਮੇਸਰਵੀ ਸ਼ਾਮਲ ਸਨ, ਜੋ ਕਿ ਪਾਕਿਸਤਾਨ ਦੇ ਪਹਿਲੇ ਥਲ ਸੈਨਾ ਮੁਖੀ ਬਣੇ।

ਰਫਿਊਜ਼ੀ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਗਏ
ਪਾਕਿਸਤਾਨ ਤੋਂ ਉੱਜੜ ਕੇ ਭਾਰਤ ਆਏ ਲੋਕਾਂ ਨੂੰ ਆਤਮਨਿਰਭਰ ਬਣਾਉਣ ਲਈ ਭਾਰਤੀ ਸਰਕਾਰ ਨੇ ਚੰਗੇ ਕਦਮ ਉਠਾਏ। ਆਪਣਾ ਸਭ ਕੁਝ ਗੁਆ ਚੁੱਕੇ ਰਫਿਊਜ਼ੀ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਗਏ। ਹਾਲਾਂਕਿ ਸਰਕਾਰ ਇਸ 'ਚ ਪੂਰੀ ਤਰ੍ਹਾਂ ਸਫਲ ਨਹੀਂ ਹੋਈ। ਕੁਝ ਲੋਕ ਅਜਿਹੇ ਵੀ ਰਹੇ ਜੋ ਸਰਕਾਰ ਲਈ ਸਥਾਈ ਤੌਰ 'ਤੇ ਜ਼ਿੰਮੇਵਾਰੀ ਬਣ ਗਏ।




 


author

Baljeet Kaur

Content Editor

Related News