ਆਜ਼ਾਦੀ ਦਿਵਸ ਸਮਾਗਮ ’ਚ ਅੜਿੱਕਾ ਪਾਉਣ ਦੀ ਕੋਸ਼ਿਸ ’ਚ ਪਾਕਿ ਏਜੰਸੀਆਂ, BSF ਸਣੇ ਕਈ ਏਜੰਸੀਆਂ ਅਲਰਟ ’ਤੇ

08/15/2022 1:33:20 PM

ਅੰਮ੍ਰਿਤਸਰ (ਨੀਰਜ) - ਇਕ ਪਾਸੇ ਦੇਸ਼ ਭਰ ’ਚ 75ਵਾਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਅਤੇ ਹਰ ਘਰ ਤਿਰੰਗਾ ਅਭਿਆਨ ਦੇ ਤਹਿਤ ਸਾਰੇ ਵਪਾਰਕ ਅਦਾਰਿਆਂ ਅਤੇ ਰਿਹਾਇਸ਼ੀ ਘਰਾਂ ’ਚ ਤਿਰੰਗਾ ਲਹਿਰਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਉੱਥੇ ਪਾਕਿ ਏਜੰਸੀ ਆਈ. ਐੱਸ. ਆਈ. ਸਮੇਤ ਹੋਰ ਕੱਟੜਪੰਥੀ ਸੰਗਠਨ ਆਜ਼ਾਦੀ ਦਿਵਸ ਦੇ ਸਮਾਗਮਾਂ ’ਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਵਿਦੇਸ਼ਾਂ ’ਚ ਬੈਠੇ ਅੱਤਵਾਦੀ ਅਤੇ ਕੱਟੜਪੰਥੀ ਵੀ ਲਗਾਤਾਰ ਅੜਿੱਕਾ ਪਾਉਣ ਦੀਆਂ ਧਮਕੀਆਂ ਦੇ ਰਹੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਬੀ. ਐੱਸ. ਐੱਫ. ਸਮੇਤ ਸਾਰੀਆਂ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਅਲਰਟ ’ਤੇ ਚੱਲ ਰਹੀਆਂ ਹਨ। ਸਰਹੱਦੀ ਖੇਤਰਾਂ ਵਿਚ ਸੰਵੇਦਨਸ਼ੀਲ ਬੀ. ਓ.ਪੀਜ਼ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ, ਜਦਕਿ ਦਿਹਾਤੀ ਸਰਹੱਦੀ ਖੇਤਰਾਂ ਵਿਚ ਸਰਚ ਆਪ੍ਰੇਸ਼ਨ ਚਲਾਈ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਮਾਮਲਾ ਕੰਪਲੈਕਸ ’ਚ ਮ੍ਰਿਤਕ ਮਿਲੀ ਬੱਚੀ ਦਾ, ਪੋਸਟਮਾਰਟਮ ਤੋਂ ਬਾਅਦ ਪਿਤਾ ਨੂੰ ਸੌਂਪੀ ਢਾਈ ਸਾਲਾ ਦੀਪਜੋਤ ਦੀ ਲਾਸ਼

ਡਰੋਨ ਰਾਹੀਂ ਆ ਰਹੇ ਅਤਿ-ਆਧੁਨਿਕ ਹਥਿਆਰ ਅਤੇ ਹੈਰੋਇਨ
ਪਾਕਿਸਤਾਨ ਨਾਲ ਲੱਗਦੇ ਇਲਾਕਿਆਂ ਵਿਚ ਇਸ ਸਮੇਂ ਡਰੋਨ ਸੁਰੱਖਿਆ ਏਜੰਸੀਆਂ ਲਈ ਵੱਡੀ ਸਮੱਸਿਆ ਬਣ ਗਏ ਹਨ ਅਤੇ ਪਾਕਿਸਤਾਨੀ ਏਜੰਸੀਆਂ ਡਰੋਨਾਂ ਰਾਹੀਂ ਅਤਿ-ਆਧੁਨਿਕ ਹਥਿਆਰ ਅਤੇ ਹੈਰੋਇਨ ਦੀ ਸਪਲਾਈ ਕਰ ਰਹੀਆਂ ਹਨ। ਹਾਲਾਂਕਿ ਬੀ. ਐੱਸ. ਐੱਫ. ਵਲੋਂ ਡਰੋਨਾਂ ਰਾਹੀਂ ਸਮੱਗਲਿੰਗ ਦੀਆਂ ਗਤੀਵਿਧੀਆਂ ਕਰਨ ਵਾਲਿਆ ਦੀ ਸੂਚਨਾ ਦੇਣ ਵਾਲੇ ਨੂੰ 2 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਪਰ ਇਸ ਦਾ ਕੋਈ ਫ਼ਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ। ਹਰ ਰੋਜ ਬੀ.ਐੱਸ.ਐੱਫ. ਵੱਲੋਂ ਹੈਰੋਇਨ ਦੇ ਕੁਝ ਅਜਿਹੇ ਪੈਕਟ ਫੜੇ ਜਾ ਰਹੇ ਹਨ, ਜਿਸ ਨੂੰ ਦੇਖ ਲੱਗਦਾ ਕਿ ਕੋਈ ਵੱਡੀ ਖੇਪ ਲਿਜਾਂਦੇ ਸਮੇਂ ਕੁਝ ਪੈਕੇਟ ਖੇਤਾਂ ਵਿੱਚ ਡਿੱਗ ਗਏ ਹੋਣ।

ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ: ਸਹੁਰੇ ਦੇ ਕਤਲ 'ਚ ਗਿਆ ਸੀ ਜੇਲ੍ਹ, ਜ਼ਮਾਨਤ 'ਤੇ ਆਉਣ ਮਗਰੋਂ ਪਤਨੀ ਤੇ ਸੱਸ ਨੂੰ ਦਿੱਤੀ ਭਿਆਨਕ ਮੌਤ

ਕਈ ਵਾਰ ਆ ਚੁੱਕੇ ਹਨ ਟਿਫਨ ਬੰਬ ਅਤੇ ਵਿਸਫੋਟਕ ਸਮੱਗਰੀ
ਸਰਹੱਦੀ ਇਲਾਕਿਆਂ ਵਿਚ ਕਈ ਵਾਰ ਟਿਫਨ ਬੰਬ ਅਤੇ ਵਿਸਫੋਟਕ ਸਮੱਗਰੀ ਸੁਰੱਖਿਆ ਏਜੰਸੀਆਂ ਨੇ ਫੜੀ ਹੈ, ਜੋ ਡਰੋਨ ਰਾਹੀਂ ਭੇਜੇ ਜਾਂਦੇ ਸਨ। ਅੰਮ੍ਰਿਤਸਰ ਅਤੇ ਤਰਨਤਾਰਨ ਦੇ ਖੇਤਰਾਂ ਵਿਚ ਐੱਨ. ਆਈ. ਏ., ਐੱਸ. ਟੀ. ਐੱਫ. ਅਤੇ ਪੁਲਸ ਦੇ ਸਪੈਸ਼ਲ ਸੈੱਲ ਵੱਲੋਂ ਕਈ ਵਾਰ ਟਿਫਨ ਬੰਬ ਅਤੇ ਵਿਸਫੋਟਕ ਸਮੱਗਰੀ ਜ਼ਬਤ ਕੀਤੀ ਜਾ ਚੁੱਕੀ ਹੈ ਅਤੇ ਹਥਿਆਰਾਂ ਦੀਆਂ ਖੇਪਾਂ ਵੀ ਜ਼ਬਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਗ੍ਰਨੇਡ ਫੜੇ ਗਏ ਹਨ।

ਅੱਤਵਾਦੀਆਂ, ਗੈਂਗਸਟਰਾਂ ਅਤੇ ਸਮੱਗਲਰਾਂ ਦਾ ਗਠਜੋੜ ਖਤਰਨਾਕ
ਪਿਛਲੇ ਚਾਰ-ਪੰਜ ਸਾਲਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਪਾਕਿ ਅੱਤਵਾਦੀਆਂ, ਗੈਂਗਸਟਰਾਂ ਅਤੇ ਹੈਰੋਇਨ ਸਮੱਗਲਰਾਂ ਦੀ ਆਪਸੀ ਸਾਂਝ ਹੈ, ਜਿਸ ਕਾਰਨ ਸੁਰੱਖਿਆ ਏਜੰਸੀਆਂ ਲਈ ਆਪਣਾ ਕੰਮ ਕਰਨਾ ਔਖਾ ਹੋ ਗਿਆ ਹੈ। ਹਥਿਆਰਾਂ ਦੀ ਤਸਕਰੀ ਕਿਵੇਂ ਕਰਨੀ ਹੈ ਅਤੇ ਕਿਹੜਾ ਰੂਟ ਪਲਾਨ ਅਪਣਾਉਣਾ ਹੈ, ਇਸ ਬਾਰੇ ਜਾਣਕਾਰੀ ਦਾ ਆਦਾਨ-ਪ੍ਰਦਾਨ ਅੱਤਵਾਦੀ, ਤਸਕਰ ਅਤੇ ਗੈਂਗਸਟਰ ਕਰ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ: ਮਮਦੋਟ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲਿਆ ਬਿਨਾਂ ਸਿਰ ਤੋਂ ਬੱਚੇ ਦਾ ਭਰੂਣ

ਜੇਲ੍ਹਾ ’ਚੋਂ ਚੱਲ ਰਿਹਾ ਨੈੱਟਵਰਕ ਵੀ ਖਤਰਨਾਕ
ਪਿਛਲੇ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜੇਲ੍ਹਾ ਵਿਚ ਜੈਮਰ ਸਿਸਟਮ ਲਗਾਇਆ ਜਾਵੇ ਤਾਂ ਜੋ ਕੋਈ ਕੈਦੀ ਜਾਂ ਹਵਾਲਾਤੀ ਮੋਬਾਈਲ ਫੋਨ ਜਾਂ ਹੋਰ ਕੋਈ ਸਾਮਾਨ ਨਾ ਵਰਤ ਸਕੇ ਪਰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵੱਲ ਨਜ਼ਰ ਮਾਰੀਏ ਤਾਂ ਆਏ ਦਿਨ ਜੇਲ੍ਹ ਅੰਦਰੋਂ ਮੋਬਾਈਲ, ਸਿਮ ਅਤੇ ਨਸ਼ੀਲੇ ਪਦਾਰਥ ਫੜੇ ਜਾ ਰਹੇ ਹਨ। ਡੋਪ ਟੈਸਟ ਦੌਰਾਨ ਵੀ ਇੱਕ ਹਜ਼ਾਰ ਤੋਂ ਵੱਧ ਕੈਦੀ ਪਾਜ਼ੇਟਿਵ ਪਾਏ ਗਏ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਜੇਲ੍ਹ ਅੰਦਰੋਂ ਅੱਤਵਾਦੀਆਂ, ਗੈਂਗਸਟਰਾਂ ਅਤੇ ਸਮੱਗਲਰਾਂ ਦਾ ਨੈੱਟਵਰਕ ਚੱਲ ਰਿਹਾ ਹੈ। 


rajwinder kaur

Content Editor

Related News