ਭਾਖੜਾ ਡੈਮ ‘ਚ ਪਾਣੀ ਵਧਣ ਨਾਲ ਵਧੀ ਬਿਜਲੀ ਦੀ ਪੈਦਾਵਾਰ

06/24/2019 9:05:02 PM

ਪਟਿਆਲਾ, (ਜੋਸਨ)-ਪਿਛਲੇ ਦਿਨਾਂ ਤੋਂ ਵਧੀ ਗਰਮੀ ਦੇ ਬਾਵਜੂਦ ਭਾਖੜਾ ਡੈਮ ਸਮੇਤ ਹੋਰ ਡੈਮਾਂ ਵਿਚ ਪਾਣੀ ਦਾ ਲੈਵਲ ਵਧ ਗਿਆ ਹੈ। ਇਸ ਨਾਲ ਪਾਵਰਕਾਮ ਨੂੰ ਰਾਹਤ ਮਿਲੀ ਹੈ। ਪਾਣੀ ਦਾ ਲੈਵਲ ਵਧਣ ਨਾਲ ਇਨ੍ਹਾਂ ਡੈਮਾਂ ’ਚ ਬਿਜਲੀ ਦੀ ਪੈਦਾਵਾਰ ਵਧ ਗਈ ਹੈ। ਭਾਖੜਾ ਡੈਮ ਦਾ ਲੈਵਲ ਇਸ ਵਕਤ ਅੱਜ ਦੇ ਦਿਨ 1605 ਫੁੱਟ ਹੈ, ਜੋ ਕਿ ਪਿਛਲੇ ਸਾਲ ਨਾਲੋਂ 105 ਫੁੱਟ ਵੱਧ ਹੈ। ਡੈਮ ਵਿਚ ਪਿਛਲੇ ਸਾਲ ਅੱਜ ਦੇ ਦਿਨ ਪਾਣੀ ਦਾ ਲੈਵਲ 1500 ਫੁੱਟ ਸੀ। ਭਾਖੜਾ ਡੈਮ ਵਿਚ ਇਸ ਵਕਤ 25592 ਕਿਊਸਿਕ ਪਾਣੀ ਹਰ ਰੋਜ਼ ਆ ਰਿਹਾ ਹੈ ਜਦ ਕਿ ਪਿਛਲੇ ਸਾਲ ਸਿਰਫ 19510 ਕਿਊਸਿਕ ਹੀ ਪਾਣੀ ਆ ਰਿਹਾ ਸੀ। ਡੈਮ ਦੇ ਪ੍ਰਬੰਧਕ ਇਸ ਵਕਤ ਹਰ ਰੋਜ਼ 31780 ਕਿਊਸਿਕ ਪਾਣੀ ਡਿਸਚਾਰਜ ਕਰ ਰਹੇ ਹਨ ਅਤੇ ਡੈਮ 271 ਲੱਖ ਯੂਨਿਟ ਬਿਜਲੀ ਪੈਦਾ ਕਰ ਰਿਹਾ ਹੈ।

ਇਸੇ ਤਰ੍ਹਾਂ ਦੇਹਰ ਡੈਮ ਦੇ ਪਾਣੀ ਦਾ ਲੈਵਲ ਵੀ ਪਿਛਲੇ ਸਾਲ ਨਾਲੋਂ ਵੱਧ ਹੈ। ਇੱਥੇ ਇਸ ਵਕਤ 2925 ਫੁੱਟ ’ਤੇ ਪਾਣੀ ਦਾ ਲੈਬਲ ਹੈ। ਪਿਛਲੇ ਸਾਲ ਇਹ ਲੈਵਲ 2900 ਫੁੱਟ ਸੀ। ਇਹ ਡੈਮ ਵੀ 140 ਲੱਖ ਯੂਨਿਟ ਬਿਜਲੀ ਪੈਦਾ ਕਰ ਰਿਹਾ ਹੈ। ਪੌਂਗ ਡੈਮ ਵਿਚ ਵਕਤ ਪਾਣੀ ਦਾ ਲੈਵਲ 1331 ਫੁੱਟ ਹੈ। ਪਿਛਲੇ ਸਾਲ ਇਹ ਲੈਵਲ 1280 ਫੁੱਟ ਸੀ। ਇਹ ਡੈਮ 40 ਲੱਖ ਯੂਨਿਟ ਬਿਜਲੀ ਪੈਦਾ ਕਰ ਰਿਹਾ ਹੈ। ਇਸੇ ਤਰ੍ਹਾਂ ਆਰ. ਐੈੱਸ. ਡੀ. ਡੈਮ ਵਿਚ ਪਾਣੀ ਦਾ ਲੈਵਲ ਇਸ ਵਕਤ 511 ਮੀਟਰ ਹੈ। ਪਿਛਲੇ ਸਾਲ ਇਹ ਲੈਵਲ 502 ਮੀਟਰ ਸੀ। ਇਹ ਡੈਮ ਇਸ ਵਕਤ 80 ਲੱਖ ਯੂਨਿਟ ਬਿਜਲੀ ਪੈਦਾ ਕਰ ਰਿਹਾ ਹੈ।

ਕੋਲੇ ਦੇ ਭੰਡਾਰ ਸੰਤੁਸ਼ਟੀਜਨਕ

ਪਾਵਰਕਾਮ ਕੋਲ ਇਸ ਵਕਤ ਕੋਲੇ ਦੇ ਭੰਡਾਰ ਸੰਤੁਸ਼ਟੀਜਨਕ ਹਨ। ਜਾਣਕਾਰੀ ਅਨੁਸਾਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਕੋਲ ਇਸ ਵੇਲੇ 40 ਦਿਨਾਂ ਦਾ ਕੋਲਾ ਹੈ। ਗੁਰੂ ਹਰਿਗੋਬਿੰਦ ਥਰਮਲ ਪਲਾਂਟ ਕੋਲ 27 ਦਿਨਾਂ ਦਾ ਕੋਲਾ ਹੈ। ਇਸ ਤਰ੍ਹਾਂ ਰਾਜਪੁਰਾ ਪਲਾਂਟ ਕੋਲ 23 ਦਿਨ ਅਤੇ ਗੋਬਿੰਦਵਾਲ ਪਲਾਂਟ ਕੋਲ 26 ਦਿਨਾਂ ਦਾ ਸਟਾਕ ਹੈ।


Arun chopra

Content Editor

Related News