ਭਿਆਨਕ ਗਰਮੀ ’ਚ ਵਧੀ ਬਿਜਲੀ ਚੋਰੀ : ਐਨਫੋਰਸਮੈਂਟ-ਡਿਸਟਰੀਬਿਊਸ਼ਨ ਸਰਕਲ ਨੇ 34 ਕੇਸ ਫੜੇ, 42 ਲੱਖ ਜੁਰਮਾਨਾ

Tuesday, May 10, 2022 - 02:53 PM (IST)

ਜਲੰਧਰ (ਪੁਨੀਤ) : ਭਿਆਨਕ ਗਰਮੀ ਵਿਚਕਾਰ ਬਿਜਲੀ ਚੋਰੀ ਦੇ ਕੇਸਾਂ ’ਚ ਲਗਾਤਾਰ ਵਾਧਾ ਦਰਜ ਹੋ ਰਿਹਾ ਹੈ। ਇਸ ਨੂੰ ਰੋਕਣ ਲਈ ਐਨਫੋਰਸਮੈਂਟ ਦੇ ਨਾਲ-ਨਾਲ ਡਿਸਟਰੀਬਿਊਸ਼ਨ ਸਰਕਲ ਨੇ ਕਾਰਵਾਈ ਵਿਚ ਤੇਜ਼ੀ ਲਿਆਉਂਦਿਆਂ ਅੱਧੀ ਦਰਜਨ ਤੋਂ ਵੱਧ ਟੀਮਾਂ ਦਾ ਗਠਨ ਕੀਤਾ ਹੈ। ਉਥੇ ਹੀ, ਨਾਰਥ ਜ਼ੋਨ ਜਲੰਧਰ ਅਧੀਨ ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਜਲੰਧਰ ਵਿਚ ਰਿਕਵਰੀ ਕਰਨ ਪ੍ਰਤੀ ਤੇਜ਼ੀ ਲਿਆਉਣ ਲਈ ਸ਼ਕਤੀ ਸਦਨ ’ਚ ਬੈਠੇ ਸੀਨੀਅਰ ਅਧਿਕਾਰੀਆਂ ਨੂੰ ਹੋਰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਕਾਰਨ ਸੋਮਵਾਰ ਵਿਭਾਗ ਨੂੰ ਡੇਢ ਕਰੋੜ ਤੋਂ ਵਧ ਦੀ ਰਿਕਵਰੀ ਹੋਈ। ਬਿਜਲੀ ਚੋਰਾਂ ’ਤੇ ਸਵੇਰੇ ਤੜਕੇ ਛਾਪੇਮਾਰੀ ਕਰਨ ਨਾਲ ਵੱਡੇ ਪੱਧਰ ’ਤੇ ਸਫਲਤਾ ਹਾਸਲ ਲੱਗ ਰਹੀ ਹੈ। ਇਸ ਲੜੀ ’ਚ ਪਾਵਰਕਾਮ ਨੇ ਬਿਜਲੀ ਦੇ ਨਿਯਮਾਂ ਦਾ ਉਲੰਘਣ ਕਰ ਕੇ ਵਿਭਾਗ ਨੂੰ ਚੂਨਾ ਲਾਉਣ ਵਾਲੇ 34 ਕੇਸ ਫੜੇ ਹਨ। ਇਨ੍ਹਾਂ ਵਿਚ ਸਿੱਧੀ ਕੁੰਡੀ ਲਾ ਕੇ ਏ. ਸੀ. ਚਲਾਉਣ ਦੇ 19 ਕੇਸ, ਜਦੋਂ ਕਿ ਮੀਟਰਾਂ ਨਾਲ ਛੇੜਛਾੜ ਕਰਨ ਅਤੇ ਹੋਰ ਮਾਮਲਿਆਂ ਨੂੰ ਲੈ ਕੇ 15 ਕੇਸ ਫੜੇ ਗਏ ਹਨ। ਬਿਜਲੀ ਚੋਰੀ ਦੇ ਦੋਸ਼ ਵਿਚ ਉਕਤ ਖਪਤਕਾਰਾਂ ਨੂੰ 42 ਲੱਖ ਤੋਂ ਵੱਧ ਜੁਰਮਾਨਾ ਠੋਕਿਆ ਗਿਆ ਹੈ। ਬਿਜਲੀ ਐਕਟ ਦੇ ਮੁਤਾਬਕ ਐਂਟੀ ਥੈਫਟ ਥਾਣੇ ਨੂੰ ਅਗਲੀ ਕਾਰਵਾਈ ਕਰਨ ਬਾਰੇ ਰਿਪੋਰਟ ਭੇਜੀ ਗਈ ਹੈ। ਇਸ ਲੜੀ ਵਿਚ ਮਾਡਲ ਟਾਊਨ ਅਤੇ ਵੈਸਟ ਡਵੀਜ਼ਨ ਅਧੀਨ ਘਰੇਲੂ ਖਪਤਕਾਰਾਂ ’ਤੇ ਮੁੱਖ ਰੂਪ ਵਿਚ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਇਨ੍ਹਾਂ ਡਵੀਜ਼ਨਾਂ ਵਿਚ ਘਰੇਲੂ ਖਪਤਕਾਰਾਂ ਦੀ ਗਿਣਤੀ ਸਾਰੀਆਂ ਡਵੀਜ਼ਨਾਂ ਤੋਂ ਵੱਧ ਹੈ।

ਇਹ ਵੀ ਪੜ੍ਹੋ :  ਲੌਂਗੋਵਾਲ ਦੇ ਵਿਦਿਆਰਥੀ ਨੇ ਪੱਖੇ ਨਾਲ ਲਟਕ ਕੇ ਕੀਤੀ ਖੁਦਕੁਸ਼ੀ  

ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮੇਂ ਸਭ ਤੋਂ ਵੱਧ ਚੋਰੀ ਏ. ਸੀ. ਦੀ ਵਰਤੋਂ ਦੇ ਰੂਪ ਵਿਚ ਸਾਹਮਣੇ ਆ ਰਹੀ ਹੈ। ਲੋਕ ਵਧ ਰਹੀ ਖਪਤ ਨੂੰ ਰੋਕਣ ਲਈ ਮੀਟਰਾਂ ਨਾਲ ਛੇੜਛਾੜ ਕਰ ਰਹੇ ਹਨ। ਜਿਨ੍ਹਾਂ ਘਰਾਂ ਦੇ ਨੇੜਿਓਂ ਪੁਰਾਣੀਆਂ ਤਾਰਾਂ ਨਿਕਲ ਰਹੀਆਂ ਹਨ ਅਤੇ ਲੋਕ ਲੱਕੜੀ ਆਦਿ ਨਾਲ ਜੁਗਾੜ ਲਾ ਕੇ ਸਿੱਧੀ ਕੁੰਡੀ ਲਾ ਰਹੇ ਹਨ। ਅਧਿਕਾਰੀਆਂ ਮੁਤਾਬਕ ਇਹ ਲੋਕ ਰਾਤ ਸਮੇਂ ਕੁੰਡੀ ਲਾਉਂਦੇ ਹਨ। ਦਿਨ ਸਮੇਂ ਕੁੰਡੀ ਨੂੰ ਹਟਾ ਦਿੱਤਾ ਜਾਂਦਾ ਹੈ। ਇਸੇ ਕਾਰਨ ਵਿਭਾਗ ਵੱਲੋਂ ਸਵੇਰੇ ਤੜਕਸਾਰ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਥੇ ਹੀ, ਲੰਮੇ ਸਮੇਂ ਤੋਂ ਚੱਲ ਰਹੀ ਰਿਕਵਰੀ ਨੂੰ ਲੈ ਕੇ ਵਿਭਾਗ ਨੇ ਸਖ਼ਤੀ ਵਧਾਉਂਦਿਆਂ ਜਲੰਧਰ ਸਰਕਲ ਅਧੀਨ 57 ਕੁਨੈਕਸ਼ਨ ਕੱਟਣ ਦੀ ਕਾਰਵਾਈ ਕੀਤੀ। ਅਧਿਕਾਰੀਆਂ ਮੁਤਾਬਕ ਦੇਰ ਸ਼ਾਮ ਤੱਕ ਵਧੇਰੇ ਕੁਨੈਕਸ਼ਨ ਜੋੜੇ ਜਾ ਚੁੱਕੇ ਸਨ। ਵਿਭਾਗ ਨੂੰ ਰਿਕਵਰੀ ਦੇ ਰੂਪ ਵਿਚ 1.54 ਕਰੋੜ ਤੋਂ ਵੱਧ ਦੀ ਵਸੂਲੀ ਹੋਈ। ਕੁਨੈਕਸ਼ਨ ਕੱਟਣ ਤੋਂ ਬਾਅਦ ਲੋਕ ਬਿੱਲ ਜਮ੍ਹਾ ਕਰਵਾਉਣ ਨੂੰ ਮਜਬੂਰ ਹੋ ਜਾਂਦੇ ਹਨ, ਜਿਸ ਕਾਰਨ ਵਿਭਾਗ ਕੁੁਨੈਕਸ਼ਨ ਕੱਟਣ ਦੇ ਨਾਲ-ਨਾਲ ਵੱਧ ਡਿਫਾਲਟਰ ਰਾਸ਼ੀ ਵਾਲੇ ਖਪਤਕਾਰਾਂ ਦਾ ਮੀਟਰ ਵੀ ਲਾਹ ਰਿਹਾ ਹੈ। ਜਲੰਧਰ ਸਰਕਲ ਦੀਆਂ ਪੰਜਾਂ ਡਵੀਜ਼ਨਾਂ ਵਿਚ ਰੋਜ਼ਾਨਾ ਵੱਡੀ ਿਗਣਤੀ ਿਵਚ ਲੋਕ ਕਿਸ਼ਤਾਂ ਕਰਵਾਉਣ ਲਈ ਪਹੁੰਚ ਰਹੇ ਹਨ, ਜਿਸ ਦੇ ਲਈ ਸਿਫਾਰਸ਼ਾਂ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ।

ਸਾਵਧਾਨ : ਹੋਵੇਗੀ ਫੋਟੋਗ੍ਰਾਫੀ, ਗੁਆਂਢੀ ਨੂੰ ਤਾਰ ਦੇਣ ਵਾਲਿਆਂ ’ਤੇ ਕਾਰਵਾਈ ਦੇ ਹੁਕਮ
ਐਨਫੋਰਸਮੈਂਟ ਦੇ ਡਿਪਟੀ ਚੀਫ ਇੰਜੀ. ਰਜਤ ਸ਼ਰਮਾ ਅਤੇ ਡਿਸਟਰੀਬਿਊਸ਼ਨ ਸਰਕਲ ਜਲੰਧਰ ਦੇ ਹੈੱਡ ਇੰਜੀ. ਇੰਦਰਪਾਲ ਸਿੰਘ ਦੇ ਹੁਕਮਾਂ ’ਤੇ ਬਿਜਲੀ ਚੋਰੀ ਅਤੇ ਰਿਕਵਰੀ ਕਰਨ ਲਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਬਿਜਲੀ ਚੋਰੀ ਕਰਨ ਵਾਲੇ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕਰਨ ਲਈ ਕਿਹਾ ਜਾ ਿਰਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਜਿਹੜੇ ਲੋਕਾਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ, ਉਹ ਗੁਆਂਢੀਆਂ ਕੋਲੋਂ ਤਾਰ ਲੈ ਕੇ ਬਿਜਲੀ ਦੀ ਵਰਤੋਂ ਕਰ ਰਹੇ ਹਨ, ਜੋ ਕਿ ਬਿਜਲੀ ਦੇ ਨਿਯਮਾਂ ਦੇ ਉਲਟ ਹੈ। ਇਸ ਤਰ੍ਹਾਂ ਤਾਰ ਦੇਣ ਵਾਲੇ ਖਪਤਕਾਰਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਿਹੜੇ ਲੋਕਾਂ ਦੇ ਮੀਟਰ ਲਾਹੇ ਜਾਂਦੇ ਹਨ, ਉਹ ਦਫਤਰ ਬੰਦ ਹੋਣ ਤੋਂ ਬਾਅਦ ਕੁਨੈਕਸ਼ਨ ਜੁੜਵਾਉਣ ਲਈ ਆ ਰਹੇ ਹਨ, ਜਿਸ ਨਾਲ ਕਰਮਚਾਰੀਆਂ ਨੂੰ ਪ੍ਰੇਸ਼ਾਨੀ ਉਠਾਉਣੀ ਪੈਂਦੀ ਹੈ। ਇਸ ਲਈ ਲੋਕ ਸਮੇਂ ’ਤੇ ਬਣਦਾ ਭੁਗਤਾਨ ਕਰਨ ਤਾਂ ਕਿ ਵਿਭਾਗ ਨੂੰ ਕਾਰਵਾਈ ਕਰਨ ਲਈ ਮਜਬੂਰ ਨਾ ਹੋਣਾ ਪਵੇ।

ਇਹ ਵੀ ਪੜ੍ਹੋ : ਪੰਜਾਬ ’ਚ 11,343 ਮਾਮਲੇ ਕਣਕ ਦੀ ਪਰਾਲੀ ਨੂੰ ਅੱਗ ਲਾਉਣ ਦੇ ਹੋਏ ਰਿਕਾਰਡ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News