ਸਬਜ਼ੀਆਂ ਦੇ ਭਾਅ ’ਚ ‘ਉਲਟ-ਫੇਰ’: 20 ਰੁਪਏ ਕਿਲੋ ਤੱਕ ਪੁੱਜਾ ਟਮਾਟਰ, ਸ਼ਿਮਲਾ ਮਿਰਚ ਨੇ ਮਾਰੀ ‘ਡਬਲ ਸੈਂਚੁਰੀ’

Saturday, Oct 07, 2023 - 12:42 PM (IST)

ਸਬਜ਼ੀਆਂ ਦੇ ਭਾਅ ’ਚ ‘ਉਲਟ-ਫੇਰ’: 20 ਰੁਪਏ ਕਿਲੋ ਤੱਕ ਪੁੱਜਾ ਟਮਾਟਰ, ਸ਼ਿਮਲਾ ਮਿਰਚ ਨੇ ਮਾਰੀ ‘ਡਬਲ ਸੈਂਚੁਰੀ’

ਜਲੰਧਰ (ਪੁਨੀਤ)–ਸਬਜ਼ੀਆਂ ਦੇ ਭਾਅ ਵਿਚ ਭਾਰੀ ‘ਉਲਟ-ਫੇਰ’ ਹੋਣ ਨਾਲ ਰਸੋਈ ਦਾ ਬਜਟ ਇਕ ਵਾਰ ਫਿਰ ਤੋਂ ਲੜਖੜਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਇਸ ਵਾਰ ਕੁਝ ਸਬਜ਼ੀਆਂ ਦੇ ਭਾਅ ਵਿਚ ਭਾਰੀ ਵਾਧਾ ਹੋਇਆ ਹੈ, ਜਦੋਂ ਕਿ ਇਸ ਦੇ ਉਲਟ ਆਸਮਾਨ ਨੂੰ ਛੂਹ ਰਹੇ ਟਮਾਟਰ ਦੇ ਭਾਅ ਕੰਟਰੋਲ ਵਿਚ ਆ ਚੁੱਕੇ ਹਨ। ਸਬਜ਼ੀਆਂ ਵਿਚ ਉਛਾਲ ਆਉਣ ਨਾਲ ਹਿਮਾਚਲ ਦੇ ਕਿਸਾਨਾਂ ਨੂੰ ਲਾਭ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਹਿਮਾਚਲ ਤੋਂ ਜ਼ਿਆਦਾ ਮਾਤਰਾ ਵਿਚ ਹਰੀਆਂ ਸਬਜ਼ੀਆਂ ਪੰਜਾਬ ਪਹੁੰਚ ਰਹੀਆਂ ਹਨ।

ਮੰਡੀ ਤੋਂ ਪ੍ਰਾਪਤ ਹੋਏ ਅੱਜ ਦੇ ਰਿਟੇਲ ਭਾਅ ਮੁਤਾਬਕ ਟਮਾਟਰ ਦੇ ਭਾਅ ਘੱਟ ਕੇ 20 ਰੁਪਏ ਪ੍ਰਤੀ ਕਿਲੋ ਤਕ ਰਹਿ ਗਏ ਹਨ, ਜਦਕਿ ਨਾਸਿਕ ਦੀ ਸ਼ਿਮਲਾ ਮਿਰਚ (ਕੈਪਸੀਕਮ) ਨੇ ਡਬਲ ਸੈਂਚੁਰੀ ਲਾਈ। ਭਾਅ 200 ਰੁਪਏ ਪ੍ਰਤੀ ਕਿਲੋ ਹੋ ਜਾਣ ਕਾਰਨ ਲੋਕ ਸ਼ਿਮਲਾ ਮਿਰਚ ਪਾਈਆ (250 ਗ੍ਰਾਮ) ਦੇ ਹਿਸਾਬ ਨਾਲ ਖ਼ਰੀਦਦੇ ਵੇਖੇ ਜਾ ਸਕਦੇ ਹਨ। ਉਥੇ ਹੀ, ਮਟਰ 150 ਰੁਪਏ ਪ੍ਰਤੀ ਕਿਲੋ ਤੋਂ ਉੱਪਰ ਪਹੁੰਚ ਗਿਆ ਹੈ, ਜਦਕਿ ਹਿਮਾਚਲ ਦਾ ਤਾਜ਼ਾ ਮਟਰ 160 ਰੁਪਏ ਪ੍ਰਤੀ ਕਿਲੋ ਹੋ ਜਾਣ ਕਾਰਨ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਚੁੱਕਾ ਹੈ। ਰੁਟੀਨ ਵਿਚ 30-40 ਰੁਪਏ ਪ੍ਰਤੀ ਕਿਲੋ ਵਿਕਣ ਵਾਲੀਆਂ ਫਰਾਂਸ ਬੀਨ ਦੀਆਂ ਫਲੀਆਂ 80 ਰੁਪਏ ਕਿਲੋ ਤਕ ਵਿਕ ਰਹੀਆਂ ਹਨ। ਪਿਛਲੇ ਸਮੇਂ ਦੌਰਾਨ ਪੰਜਾਬ ਦੇ ਕਿਸਾਨ ਝੋਨੇ ਦੀ ਫ਼ਸਲ ਵਿਚ ਰੁੱਝੇ ਰਹੇ, ਜਿਸ ਕਾਰਨ ਇਨ੍ਹੀਂ ਦਿਨੀਂ ਹਿਮਾਚਲ ਦੀਆਂ ਸਬਜ਼ੀਆਂ ਭਾਰੀ ਮਾਤਰਾ ਵਿਚ ਪੰਜਾਬ ਪਹੁੰਚ ਰਹੀਆਂ ਹਨ। ਹਿਮਾਚਲ ਵਿਚ ਬੰਪਰ ਫ਼ਸਲ ਹੋਣ ਦੇ ਬਾਵਜੂਦ ਕਈ ਸਬਜ਼ੀਆਂ ਦੇ ਭਾਅ ਬਹੁਤ ਵਧੇ ਹੋਏ ਹਨ। ਇਸੇ ਲੜੀ ਵਿਚ ਹਿਮਾਚਲ ਫੁੱਲਗੋਭੀ ਦੇ ਭਾਅ 80 ਰੁਪਏ ਅਤੇ ਹਾਈਗ੍ਰੇਡ ਘੀਆ 60 ਰੁਪਏ ਪ੍ਰਤੀ ਕਿਲੋ ਰਿਟੇਲ ਵਿਚ ਵਿਕ ਰਹੇ ਹਨ।

ਇਹ ਵੀ ਪੜ੍ਹੋ: ਵੀਜ਼ਾ ਮਿਲਣ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਲੈਕਚਰਾਰ ਔਰਤ ਦੀ ਦਰਦਨਾਕ ਮੌਤ, ਕਾਰਾਂ ਦੇ ਉੱਡੇ ਪਰਖੱਚੇ

ਇਸੇ ਤਰ੍ਹਾਂ ਕੋਟ ਕਿਸ਼ਨ ਚੰਦ ਮੰਡੀ ਅਤੇ ਪੁਰਾਣੀ ਸਬਜ਼ੀ ਮੰਡੀ ਦੇ ਰਿਟੇਲ ਭਾਅ ਮੁਤਾਬਕ ਹਾਈਗ੍ਰੇਡ ਸਬਜ਼ੀਆਂ ਆਮ ਸਬਜ਼ੀਆਂ ਤੋਂ ਕੁਝ ਮਹਿੰਗੀਆਂ ਵਿਕ ਰਹੀਆਂ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਦਿੱਲੀ ਅਤੇ ਦੂਜੇ ਸੂਬਿਆਂ ਦੇ ਵੱਡੇ ਆੜ੍ਹਤੀਆਂ ਵੱਲੋਂ ਹਿਮਾਚਲ ਦੀਆਂ ਸਬਜ਼ੀਆਂ ਪ੍ਰਤੀ ਰੁਝਾਨ ਵਿਖਾਇਆ ਗਿਆ ਸੀ, ਜਿਸ ਕਾਰਨ ਪੰਜਾਬ ਆਉਣ ਵਾਲੀਆਂ ਹਿਮਾਚਲੀ ਸਬਜ਼ੀਆਂ ਦੇ ਭਾਅ ਵਿਚ ਰੁਟੀਨ ਦੇ ਮੁਕਾਬਲੇ ਕੁਝ ਉਛਾਲ ਨਜ਼ਰ ਆ ਰਿਹਾ ਹੈ।
ਰੁਟੀਨ ਵਿਚ ਇਸਤੇਮਾਲ ਹੋਣ ਵਾਲੀਆਂ ਸਬਜ਼ੀਆਂ ਵਿਚ ਅਰਬੀ, ਕਰੇਲਾ ਵਰਗੀਆਂ ਸਬਜ਼ੀਆਂ 80 ਰੁਪਏ ਪ੍ਰਤੀ ਕਿਲੋ ਰਿਟੇਲ ਵਿਚ ਵਿਕ ਰਹੀਆਂ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਕਤੂਬਰ ਦੇ ਮਹੀਨੇ ਸ਼ਿਮਲਾ ਮਿਰਚ ਅਤੇ ਮਟਰ ਵਰਗੀਆਂ ਸਬਜ਼ੀਆਂ ਦੇ ਭਾਅ ਵਿਚ ਵਾਧਾ ਜਾਰੀ ਰਹੇਗਾ। ਹਿਮਾਚਲ ਤੋਂ ਆਉਣ ਵਾਲੀਆਂ ਸਬਜ਼ੀਆਂ ਦੇ ਭਾਅ ਵਿਚ ਕਮੀ ਹੋਈ ਤਾਂ ਆਮ ਆਦਮੀ ਰੁਟੀਨ ਵਿਚ ਇਨ੍ਹਾਂ ਸਬਜ਼ੀਆਂ ਦਾ ਸਵਾਦ ਲੈ ਸਕੇਗਾ।

ਬਜਟ ’ਚ ਵਿਕ ਰਹੇ ਆਲੂ-ਪਿਆਜ਼, ਕੱਦੂ 30 ਰੁਪਏ ’ਚ ਉਪਲੱਬਧ
ਕਈ ਸਬਜ਼ੀਆਂ ਘੱਟ ਤੋਂ ਘੱਟ ਮੁੱਲ ’ਤੇ ਵਿਕ ਰਹੀਆਂ ਹਨ, ਜਿਸ ਨਾਲ ਆਮ ਆਦਮੀ ਲਈ ਰਾਹਤ ਬਣੀ ਹੋਈ ਹੈ। ਰਸੋਈ ਵਿਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਆਲੂ 20 ਰੁਪਏ ਕਿਲੋ, ਜਦੋਂ ਕਿ ਪਿਆਜ਼ ਦੇ ਭਾਅ 25 ਤੋਂ 35 ਰੁਪਏ ਪ੍ਰਤੀ ਕਿਲੋ ਤਕ ਬਣੇ ਹੋਏ ਹਨ। ਇਸੇ ਤਰ੍ਹਾਂ ਕੱਦੂ 30 ਰੁਪਏ ਕਿਲੋ ਅਤੇ ਖੁੰਭ (ਪੈਕੇਟ) 35 ਰੁਪਏ ਦੇ ਹਿਸਾਬ ਨਾਲ ਠੇਲਿਆਂ ’ਤੇ ਮਿਲ ਰਹੀ ਹੈ। ਉਥੇ ਹੀ ਪੰਜਾਬ ਵਾਲਾ ਖੀਰਾ 35-40 ਰੁਪਏ ਵਿਚ ਆਸਾਨੀ ਨਾਲ ਉਪਲੱਬਧ ਹੈ। ਦੂਜੇ ਪਾਸੇ ਬੈਂਗਣ, ਭਿੰਡੀ, ਗਾਜਰ ਅਤੇ ਪਾਲਕ ਵਰਗੀਆਂ ਸਬਜ਼ੀਆਂ 30-40 ਰੁਪਏ ਕਿਲੋ ਵਿਕ ਰਹੀਆਂ ਹਨ।

ਇਹ ਵੀ ਪੜ੍ਹੋ:  ਸਾਵਧਾਨ! ਜਲੰਧਰ ਜ਼ਿਲ੍ਹੇ 'ਚ ਮੰਡਰਾਉਣ ਲੱਗਾ ਇਹ ਖ਼ਤਰਾ, ਐਕਸ਼ਨ 'ਚ ਸਿਹਤ ਵਿਭਾਗ

ਤੜਕਾ ਹੋਇਆ ਮਹਿੰਗਾ, ਫ੍ਰੀ ਵਾਲਾ ਧਨੀਆ 200 ਰੁਪਏ ਕਿਲੋ
ਥੋੜ੍ਹੀ-ਬਹੁਤ ਸਬਜ਼ੀ ਖ਼ਰੀਦਣ ’ਤੇ ਵੀ ਦੁਕਾਨਦਾਰ ਧਨੀਆ ਅਤੇ ਮਿਰਚਾਂ ਮੁਫ਼ਤ ਵਿਚ ਦੇ ਦਿੰਦੇ ਹੁੰਦੇ ਸਨ ਪਰ ਹੁਣ ਸਮਾਂ ਬਦਲ ਚੁੱਕਾ ਹੈ ਅਤੇ ਧਨੀਆ ਆਦਿ ਖਰੀਦਣਾ ਪੈ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਰਿਟੇਲ ਵਿਚ ਧਨੀਆ 200 ਰੁਪਏ, ਜਦੋਂ ਕਿ ਹਰੀ ਮਿਰਚ 80 ਰੁਪਏ ਕਿਲੋ ਤੱਕ ਪਹੁੰਚ ਜਾਣ ਕਾਰਨ ਫ੍ਰੀ ਦੇਣਾ ਮਹਿੰਗਾ ਪੈ ਰਿਹਾ ਹੈ। ਅਦਰਕ ਖ਼ਰੀਦਣ ਵਾਲਿਆਂ ਨੂੰ ਪਾਈਆ (250 ਗ੍ਰਾਮ) ਦੇ 40 ਰੁਪਏ, ਜਦਕਿ ਕਿਲੋ ਖ਼ਰੀਦਣ ’ਤੇ 130-140 ਰੁਪਏ ਅਦਾ ਕਰਨੇ ਪੈ ਰਹੇ ਹਨ। ਦੂਜੇ ਪਾਸੇ ਗਰਮੀ ਜਾਣ ਦੇ ਬਾਵਜੂਦ ਨਿੰਬੂ ਦੇ ਭਾਅ 120 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਏ ਹਨ।

ਇਹ ਵੀ ਪੜ੍ਹੋ: ਫਿਰ ਗਰਮਾਇਆ 'ਕੁੱਲ੍ਹੜ ਪਿੱਜ਼ਾ' ਕੱਪਲ ਦਾ ਮਾਮਲਾ, ਮਹਿਲਾ ਨੇ DC ਦਫ਼ਤਰ ਦੇ ਬਾਹਰ ਦਿੱਤਾ ਧਰਨਾ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News