ਡੇਂਗੂ ਮਰੀਜ਼ਾਂ ਦੀ ਗਿਣਤੀ ਵਧੀ, ਕੌਂਸਲ ਦੀਆਂ ਤਿੰਨੋਂ ਫੌਗਿੰਗ ਮਸ਼ੀਨਾਂ ਖਰਾਬ

10/28/2017 12:47:57 PM


ਫਾਜ਼ਿਲਕਾ (ਨਾਗਪਾਲ) - ਫਾਜ਼ਿਲਕਾ 'ਚ ਡੇਂਗੂ ਦੇ ਮਾਮਲਿਆਂ 'ਚ ਰੋਜ਼ਾਨਾ ਵਾਧਾ ਹੋ ਰਿਹਾ ਹੈ ਪਰ ਇੰਝ ਜਾਪਦਾ ਹੈ ਕਿ ਨਗਰ ਕੌਂਸਲ ਦੇ ਨੁਮਾਇੰਦੇ ਅਤੇ ਅਧਿਕਾਰੀ, ਜਿਨ੍ਹਾਂ ਨੂੰ ਜਨਤਾ ਦਾ ਸੇਵਕ ਕਿਹਾ ਜਾਂਦਾ ਹੈ, ਇਸ ਦੀ ਰੋਕਥਾਮ ਲਈ ਗੰਭੀਰ ਦਿਖਾਈ ਨਹੀਂ ਦਿੰਦੇ। ਕੌਂਸਲ ਦੀਆਂ ਤਿੰਨੋਂ ਹੀ ਫੌਗਿੰਗ ਮਸ਼ੀਨਾਂ ਖਰਾਬ ਦੱਸੀਆਂ ਜਾਂਦੀਆਂ ਹਨ। ਦੱਸਿਆ ਜਾਂਦਾ ਹੈ ਕਿ ਮਲੇਰੀਆ, ਡੇਂਗੂ ਦੀ ਰੋਕਥਾਮ ਲਈ ਕੌਂਸਲ ਨੇ ਜੁਲਾਈ ਮਹੀਨੇ ਤੋਂ ਛਿੜਕਾਅ ਕਰਨਾ ਹੁੰਦਾ ਹੈ ਪਰ 3 ਮਹੀਨੇ ਲੰਘ ਜਾਣ ਮਗਰੋਂ ਵੀ ਇਹ ਸੁਚੱਜੇ ਢੰਗ ਨਾਲ ਕੰਮ ਨਹੀਂ ਕਰ ਰਹੀ ਅਤੇ ਹੁਣ ਤੱਕ ਸਾਰੇ ਸ਼ਹਿਰ 'ਚ ਫੌਗਿੰਗ ਮਸ਼ੀਨ ਨਾਲ ਮੱਛਰਾਂ ਨੂੰ ਮਾਰਨ ਲਈ ਫੌਗਿੰਗ ਨਹੀਂ ਕੀਤੀ ਗਈ, ਜਦਕਿ ਡੇਂਗੂ ਦੇ ਕੇਸਾਂ 'ਚ ਵਾਧਾ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਹੁਣ ਤੱਕ ਜ਼ਿਲੇ 'ਚ ਡੇਂਗੂ ਦੇ 68 ਕੇਸ ਪਾਏ ਗਏ ਹਨ। ਇਨ੍ਹਾਂ 'ਚ ਸਭ ਤੋਂ ਵਧ ਕੇਸ ਫਾਜ਼ਿਲਕਾ ਸ਼ਹਿਰ 'ਚ 26, ਅਬੋਹਰ ਸ਼ਹਿਰ 'ਚ 12 ਅਤੇ ਜਲਾਲਾਬਾਦ ਸ਼ਹਿਰ 'ਚ 1, ਜਦਕਿ ਬਾਕੀ 29 ਡੇਂਗੂ ਦੇ ਮਾਮਲੇ ਜ਼ਿਲਾ ਦੇ ਪੇਂਡੂ ਇਲਾਕੇ 'ਚ ਪਾਏ ਗਏ ਹਨ। 
ਫਾਜ਼ਿਲਕਾ ਦੇ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਡੇਂਗੂ ਦੀ ਰੋਕਥਾਮ ਲਈ ਨਗਰ ਕੌਂਸਲ ਨੂੰ ਕਈ ਵਾਰ ਪੱਤਰ ਲਿਖਿਆ ਗਿਆ ਹੈ ਕਿ ਸ਼ਹਿਰ ਦੀ ਜ਼ਿਆਦਾ ਆਬਾਦੀ ਵਾਲੇ ਇਲਾਕਿਆਂ 'ਚ ਫੌਗਿੰਗ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਡੇਂਗੂ ਪ੍ਰਭਾਵਿਤ ਕਰਮਚਾਰੀ ਅਤੇ ਹੋਰ ਵੱਡੇ ਸ਼ਹਿਰਾਂ 'ਚ ਪੜ੍ਹਨ ਵਾਲੇ ਵਿਦਿਆਰਥੀ ਹਨ। ਦੱਸਿਆ ਜਾਂਦਾ ਹੈ ਕਿ ਹੁਣ ਸ਼ਹਿਰ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਇਸ ਤੋਂ ਇਲਾਵਾ ਸ਼ਹਿਰ ਦੀ ਬਦਹਾਲ ਸਫਾਈ ਵਿਵਸਥਾ ਦੇ ਕਾਰਨ ਵੀ ਮੱਛਰ ਖੁਬ ਪਨਪ ਰਹੇ ਹਨ। 
ਇਸ ਸਬੰਧ 'ਚ ਸੰਪਰਕ ਕਰਨ 'ਤੇ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਰਜਨੀਸ਼ ਗਿਰਧਰ ਨੇ ਦੱਸਿਆ ਕਿ ਮਸ਼ੀਨਾਂ ਨੂੰ ਠੀਕ ਕਰਵਾਉਣ ਲਈ ਮਾਹਿਰ ਮਕੈਨਿਕਾਂ ਕੋਲ ਮਾਲੇਰਕੋਟਲਾ ਭੇਜੀਆਂ ਗਈਆਂ ਸਨ ਪਰ ਉਹ ਉਥੋਂ ਠੀਕ ਨਹੀਂ ਹੋਈਆਂ। ਉਨ੍ਹਾਂ ਦੱਸਿਆ ਕਿ ਇਸ ਦਰਮਿਆਨ ਨਵੀਂ ਮਸ਼ੀਨ ਦਾ ਆਰਡਰ ਵੀ ਦਿੱਤਾ ਗਿਆ ਹੈ ਅਤੇ ਜਲਦੀ ਹੀ ਫੌਗਿੰਗ ਕਰਵਾਈ ਜਾ ਰਹੀ ਹੈ।


Related News