ਜ਼ਿਲਾ ਫਾਜ਼ਿਲਕਾ ''ਚ ਔਰਤਾਂ ਵਿਰੁੱਧ ਜਿਨਸੀ ਸ਼ੋਸ਼ਣ ਦੇ ਮੁਕੱਦਮਿਆਂ ''ਚ ਹੋਇਆ ਵਾਧਾ

12/11/2017 6:34:07 AM

ਜਲਾਲਾਬਾਦ, (ਗੁਲਸ਼ਨ)- ਸਮਾਜ 'ਚ ਔਰਤਾਂ ਪ੍ਰਤੀ ਗਲਤ ਸੋਚ ਕਾਰਨ ਔਰਤਾਂ ਦੇ ਵਿਰੁੱਧ ਲਗਾਤਾਰ ਜਿਣਸੀ ਸ਼ੋਸ਼ਣ, ਅਗਵਾ ਕਰਨ ਤੇ ਘਰੇਲੂ ਹਿੰਸਾ ਤੋਂ ਇਲਾਵਾ ਹੋਰ ਅਪਰਾਧ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ। ਫਾਜ਼ਿਲਕਾ ਜ਼ਿਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜ਼ਿਲੇ ਦੇ ਅਧੀਨ ਪੈਂਦੇ ਚਾਰ ਵਿਧਾਨ ਸਭਾ ਹਲਕੇ ਅਬੋਹਰ, ਬੱਲੂਆਣਾ, ਫਾਜ਼ਿਲਕਾ ਅਤੇ ਜਲਾਲਾਬਾਦ 'ਚ ਔਰਤਾਂ 'ਤੇ ਤਸ਼ੱਦਦ ਦੇ ਮਾਮਲਿਆਂ 'ਚ ਪਿਛਲੇ ਸਾਲਾਂ ਦੇ ਮੁਕਾਬਲੇ ਵਾਧਾ ਦਰਜ ਕੀਤਾ ਗਿਆ ਹੈ। 
ਫਾਜ਼ਿਲਕਾ ਪੁਲਸ ਵੱਲੋਂ ਦਰਜ ਕੀਤੇ ਗਏ ਸਭ ਤੋਂ ਜ਼ਿਆਦਾ ਮੁਕੱਦਮਿਆਂ 'ਚ ਜਿਨਸੀ ਸ਼ੋਸ਼ਣ ਦੇ ਮੁਕੱਦਮੇ ਹਨ। ਜਦੋਂ ਕਿ ਦੂਜੇ ਨੰਬਰ 'ਤੇ ਸਭ ਤੋਂ ਜ਼ਿਆਦਾ ਫੌਜਦਾਰੀ ਮੁਕੱਦਮਿਆਂ 'ਚ ਲੜਕੀਆਂ ਦੇ ਅਗਵਾ ਕਰਨ ਦੇ ਮੁਕੱਦਮੇ ਦਰਜ ਕੀਤੇ ਗਏ ਹਨ। ਜਿਨ੍ਹਾਂ ਲੜਕੀਆਂ ਦੇ ਅਗਵਾ ਹੋਣ ਦੇ ਮੁਕੱਦਮੇ ਪੁਲਸ ਵੱਲੋਂ ਦਰਜ ਕੀਤੇ ਗਏ ਹਨ ਉਨ੍ਹਾਂ 'ਚ ਜ਼ਿਆਦਾਤਰ ਨਾਬਾਲਗਾਂ ਹਨ। ਇਸੇ ਤਰ੍ਹਾਂ ਔਰਤਾਂ ਪ੍ਰਤੀ ਘਰੇਲੂ ਹਿੰਸਾ ਦੇ ਮਾਮਲਿਆਂ 'ਚ ਵਾਧਾ ਦਰਜ ਕੀਤਾ ਗਿਆ ਹੈ, ਜਿਨ੍ਹਾਂ 'ਚ ਜ਼ਿਆਦਾ ਮੁਕੱਦਮਿਆਂ 'ਚ ਜ਼ਿਲਾ ਪੁਲਸ ਪ੍ਰਸ਼ਾਸਨ ਵੱਲੋਂ ਸਬ-ਡਵੀਜ਼ਨ ਪੱਧਰ 'ਤੇ ਗਠਿਤ ਕੀਤੇ ਗਏ ਵੂਮੈਨ ਸੈੱਲ ਵੱਲੋਂ ਸੁਲਝਾਅ ਕੇ ਕਈ ਜੋੜਿਆਂ ਦੇ ਘਰ ਵਸਾਏ ਗਏ ਅਤੇ ਜਿੱਥੇ ਸਮਝੌਤੇ ਦੀ ਗੁੰਜ਼ਾਇਸ਼ ਨਹੀਂ ਹੋ ਸਕੀ, ਉੱਥੇ ਪੁਲਸ ਨੇ ਘਰੇਲੂ ਹਿੰਸਾ ਦੀ ਧਾਰਾ ਤਹਿਤ ਮੁਕੱਦਮੇ ਦਰਜ ਕੀਤੇ। 
ਸਾਲ 2016 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਿੱਥੇ ਬੀਤੇ ਸਾਲ ਪੁਲਸ ਨੇ ਜਿਨਸੀ ਸ਼ੋਸ਼ਣ ਦੇ 42 ਮੁਕੱਦਮੇ ਦਰਜ ਕੀਤੇ ਸਨ ਉੱਥੇ ਹੀ ਚਾਲੂ ਵਰ੍ਹੇ 'ਚ 1 ਜਨਵਰੀ ਤੋਂ ਲੈ ਕੇ ਹੁਣ ਤੱਕ ਪੁਲਸ ਨੇ 47 ਮੁਕੱਦਮੇ ਦਰਜ ਕੀਤੇ ਹਨ। ਸਰਕਾਰੀ ਅੰਕੜਿਆਂ 'ਤੇ ਜੇਕਰ ਝਾਤ ਮਾਰੀਏ ਤਾਂ ਹਰੇਕ ਮਹੀਨੇ ਫਾਜ਼ਿਲਕਾ ਪੁਲਸ ਨੂੰ ਕਰੀਬ 1 ਦਰਜਨ ਤੋਂ ਜ਼ਿਆਦਾ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਜੋ ਕਿ ਔਰਤਾਂ ਅਤੇ ਲੜਕੀਆਂ ਦੇ ਵਿਰੁੱਧ ਅਪਰਾਧ ਨਾਲ ਜੁੜੀਆਂ ਹੋਈਆਂ ਹਨ।


Related News