ਇਨਕਮ ਟੈਕਸ ਵਿਭਾਗ ਦੇ ਨਿਸ਼ਾਨੇ ''ਤੇ ਆਈਲੈਟਸ ਇੰਸਟੀਚਿਊਟਸ
Thursday, Aug 24, 2017 - 10:03 AM (IST)

ਅੰਮ੍ਰਿਤਸਰ (ਨੀਰਜ)- ਇਨਕਮ ਟੈਕਸ ਵਿਭਾਗ ਦੀ ਰੇਂਜ-4 ਅਤੇ 5 ਵੱਲੋਂ ਅੱਜ ਰਣਜੀਤ ਐਵੀਨਿਊ ਸਥਿਤ ਆਈਲੈਟਸ ਇੰਸਟੀਚਿਊਟ ਮਨੀਟੋਬਾ ਇੰਟਰਨੈਸ਼ਨਲ ਅਤੇ ਏਗਜੋਰਿਆ ਅਕੈਡਮੀ 'ਤੇ ਛਾਪੇਮਾਰੀ ਕੀਤੀ ਗਈ। ਜਾਣਕਾਰੀ ਅਨੁਸਾਰ ਸੀ. ਆਈ. ਆਈ. (2) ਰਵੀਇੰਦਰ ਸਿੰਘ ਗਿੱਲ ਅਤੇ ਜੁਆਇੰਟ ਕਮਿਸ਼ਨਰ ਉਮੇਸ਼ ਚੰਦਰਾ ਦੀ ਅਗਵਾਈ ਵਿਚ ਕੀਤੀ ਗਈ ਇਸ ਕਾਰਵਾਈ 'ਚ ਵਿਭਾਗ ਨੂੰ ਇਕ ਵੱਡੀ ਅਣਐਲਾਨੀ ਕਮਾਈ ਸਰੰਡਰ ਹੋਣ ਦੀ ਸੰਭਾਵਨਾ ਹੈ। ਵਿਦੇਸ਼ ਭੇਜਣ ਦੇ ਨਾਂ 'ਤੇ ਅਤੇ ਵਿਦੇਸ਼ ਜਾਣ ਦੇ ਤਰੀਕੇ ਦੱਸਣ ਵਾਲੀਆਂ ਕਈ ਟ੍ਰੈਵਲ ਏਜੰਸੀਆਂ, ਇੰਗਲਿਸ਼, ਮੈਥ, ਸਾਇੰਸ ਪੜ੍ਹਾਉਣ ਵਾਲੇ ਵੱਡੇ ਟਿਊਸ਼ਨ ਸੈਂਟਰਾਂ ਤੋਂ ਇਲਾਵਾ ਆਈਲੈਟਸ ਇੰਸਟੀਚਿਊਟਸ ਇਸ ਸਮੇਂ ਇਨਕਮ ਟੈਕਸ ਵਿਭਾਗ ਦੇ ਰਾਡਾਰ 'ਤੇ ਚੱਲ ਰਹੇ ਹਨ।
ਅਜਿਹੇ ਇੰਸਟੀਚਿਊਟਸ ਆਪਣੇ ਗਾਹਕਾਂ ਤੋਂ ਵੀਜ਼ਾ ਲਵਾਉਣ, ਆਈਲੈਟਸ ਪਾਸ ਕਰਵਾਉਣ ਜਾਂ ਫਿਰ ਵਿਦੇਸ਼ ਭੇਜਣ ਦੇ ਇਵਜ਼ ਵਿਚ ਚੰਗੀ ਕਮੀਸ਼ਨ ਲੈਂਦੇ ਹਨ ਪਰ ਜ਼ਿਆਦਾਤਰ ਆਪਣੀ ਇਨਕਮ ਅਨੁਸਾਰ ਇਨਕਮ ਟੈਕਸ ਅਦਾ ਨਹੀਂ ਕਰਦੇ। ਅਜਿਹੇ ਹੀ ਇੰਸਟੀਚਿਊਟਸ ਖਿਲਾਫ ਹੁਣ ਵਿਭਾਗ ਨੇ ਮੁਹਿੰਮ ਚਲਾਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਭਾਗ ਦੀ ਟੀਮ ਨੂੰ ਆਪਣੀ ਇਸ ਕਾਰਵਾਈ ਵਿਚ ਕਾਫ਼ੀ ਅਜਿਹੇ ਦਸਤਾਵੇਜ਼ ਮਿਲੇ ਹਨ ਜਿਨ੍ਹਾਂ ਨਾਲ ਅਣਐਲਾਨੀ ਕਮਾਈ ਸਰੰਡਰ ਹੋ ਸਕਦੀ ਹੈ।
ਸੀ. ਆਈ. ਟੀ. (2) ਗਿੱਲ ਨੇ ਸਾਰੇ ਵਪਾਰਕ ਅਦਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਇਨਕਮ ਟੈਕਸ ਰਿਟਰਨ ਈਮਾਨਦਾਰੀ ਨਾਲ ਭਰਨ ਅਤੇ ਸਰਕਾਰ ਨੂੰ ਈਮਾਨਦਾਰੀ ਨਾਲ ਇਨਕਮ ਟੈਕਸ ਅਦਾ ਕਰਨ ਕਿਉਂਕਿ ਟੈਕਸਦਾਤਾਵਾਂ ਤੋਂ ਲਿਆ ਗਿਆ ਟੈਕਸ ਦੇਸ਼ ਦੇ ਵਿਕਾਸ 'ਤੇ ਖਰਚ ਕੀਤਾ ਜਾ ਸਕਦਾ ਹੈ। ਈਮਾਨਦਾਰੀ ਨਾਲ ਟੈਕਸ ਅਦਾ ਕਰ ਕੇ ਵੀ ਦੇਸ਼ ਦੀ ਸੇਵਾ ਕੀਤੀ ਜਾ ਸਕਦੀ ਹੈ।