ਪਾਸਟਰ ਅੰਕੁਰ ਨਰੂਲਾ ਦੇ ਚਰਚ ਤੇ ਘਰ ’ਤੇ ਇਨਕਮ ਟੈਕਸ ਵਿਭਾਗ ਦੀ ਸਰਚ ਜਾਰੀ

04/27/2023 1:02:16 PM

ਜਲੰਧਰ (ਮ੍ਰਿਦੁਲ) : ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਮੰਗਲਵਾਰ ਸਵੇਰੇ ਖਾਂਬਰਾ ਸਥਿਤ ਦਿ ਚਰਚ ਆਫ਼ ਸਾਈਨਸ ਐਂਡ ਵੰਡਰਜ਼ ਦੇ ਪਾਸਟਰ ਅੰਕੁਰ ਨਰੂਲਾ ਦੇ ਚਰਚ ਤੇ ਘਰ ਸਮੇਤ ਕੁੱਲ 12 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਵਿਭਾਗੀ ਟੀਮਾਂ 10 ਥਾਵਾਂ ਤੋਂ ਤਲਾਸ਼ੀ ਮੁਕਾ ਕੇ ਵਾਪਸ ਪਰਤ ਆਈਆਂ ਹਨ, ਜਦਕਿ ਖਾਂਬਰਾ ’ਚ ਚਰਚ ਤੇ ਘਰ ਦੀ ਤਲਾਸ਼ੀ ਅਜੇ ਵੀ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਆਈ. ਟੀ. ਟੀਮਾਂ ਨੇ ਵੱਡੇ ਪੱਧਰ ’ਤੇ ਨਿਵੇਸ਼ ਨਾਲ ਸਬੰਧਤ ਕਾਗਜ਼ਾਤ ਜ਼ਬਤ ਕੀਤੇ ਹਨ। ਸੂਤਰਾਂ ਦੀ ਮੰਨੀਏ ਤਾਂ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਚਰਚ ’ਚ ਦਾਨ ਦੇ ਪੈਸੇ ਦੀ ਨਿੱਜੀ ਵਰਤੋਂ ਦੇ ਪੁਖਤਾ ਸਬੂਤ ਮਿਲੇ ਹਨ, ਜਿਸ ’ਤੇ ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਰਚ ਅਭਿਆਨ ਚਲਾਇਆ।

ਇਹ ਵੀ ਪੜ੍ਹੋ : ਨਵੀਂ ਵਾਰਡਬੰਦੀ ਨੂੰ ਲੈ ਕੇ ਘੁੰਢੀ ਫਸੀ, ਨਿਗਮ ਕੋਲ ਆਈਆਂ 289 ਸ਼ਿਕਾਇਤਾਂ    

ਪਾਸਟਰ ਦੇ ਰਿਸ਼ਤੇਦਾਰ ਜਸਪਾਲ ਮੰਡੇਰ ਦੇ ਘਰੋਂ ਮਿਲੇ ਕਈ ਅਹਿਮ ਦਸਤਾਵੇਜ਼
ਸੂਤਰਾਂ ਨੇ ਦੱਸਿਆ ਕਿ ਆਈ. ਟੀ. ਟੀਮਾਂ ਨੂੰ ਫਿਲੌਰ ਸਥਿਤ ਚਰਚ ਦੇ ਮੈਨੇਜਰ ਤੇ ਪਾਸਟਰ ਅੰਕੁਰ ਨਰੂਲਾ ਦੇ ਰਿਸ਼ਤੇਦਾਰ ਜਸਪਾਲ ਮੰਡੇਰ ਵਾਸੀ ਪਿੰਡ ਸਿਧਾਮ ਮੁਸਤਦੀ ਦੇ ਘਰੋਂ ਕਈ ਅਹਿਮ ਦਸਤਾਵੇਜ਼ ਮਿਲੇ ਹਨ, ਜਿਨ੍ਹਾਂ ਦੀ ਜਾਂਚ ’ਚ ਕਈ ਅਹਿਮ ਤੱਥ ਸ਼ਾਮਲ ਕੀਤੇ ਗਏ ਹਨ। ਇੰਨਾ ਹੀ ਨਹੀਂ ਅਜਿਹੇ ਕਈ ਲੈਣ-ਦੇਣ ਦੇ ਦਸਤਾਵੇਜ਼ ਲੈ ਕੇ ਵੱਡੇ ਪੱਧਰ ’ਤੇ ਪੈਸਾ ਕਿੱਥੇ ਨਿਵੇਸ਼ ਕੀਤਾ ਗਿਆ ਹੈ, ਇਸ ਸਬੰਧੀ ਜਾਣਕਾਰੀ ਹਾਸਲ ਕੀਤੀ ਮਿਲੀ ਹੈ। ਉੱਥੇ ਹੀ ਪਾਸਟਰ ਨਰੂਲਾ ਦੇ ਸਹੁਰੇ ਘਰ ਤੋਂ ਵੀ ਕਾਫੀ ਜਾਣਕਾਰੀ ਇਕੱਠੀ ਕੀਤੀ ਗਈ ਹੈ। ਵਿਭਾਗ ਹੁਣ ਇਨ੍ਹਾਂ ਸਬੂਤਾਂ ਦੇ ਆਧਾਰ ’ਤੇ ਜਾਂਚ ਕਰੇਗਾ ਤੇ ਜਾਇਦਾਦ ਦੇ ਸਾਰੇ ਵੇਰਵਿਆਂ ਦਾ ਮੁਲਾਂਕਣ ਕਰੇਗਾ।

ਪੰਚਕੂਲਾ ਤੇ ਕਪੂਰਥਲਾ ਦੇ ਬਿਲਡਰਾਂ ਦੇ ਘਰ ਜਾਂਚ ਖਤਮ
ਸੂਤਰਾਂ ਨੇ ਦੱਸਿਆ ਕਿ ਪੰਚਕੂਲਾ ਤੇ ਕਪੂਰਥਲਾ ਦੇ ਬਿਲਡਰਾਂ ਨੇ ਮਿਲ ਕੇ ਅੰਕੁਰ ਨਰੂਲਾ ਦੀ ਚਰਚ ਤੇ ਹੋਰ ਜਾਇਦਾਦਾਂ ਦੀ ਉਸਾਰੀ ਕੀਤੀ ਸੀ। ਰੇਡ ਟੀਮ ਨੇ ਬਿਲਡਰ ਬਲਵਿੰਦਰ ਸਿੰਘ ਵਾਸੀ ਕਪੂਰਥਲਾ ਤੇ ਪੰਚਕੂਲਾ ਦੇ ਰਹਿਣ ਵਾਲੇ ਬਿਲਡਰ ਦੇ ਘਰ ਜਾ ਕੇ ਆਪਣੀ ਜਾਂਚ ਪੂਰੀ ਕਰ ਲਈ ਹੈ। ਉਸ ਦੇ ਘਰੋਂ ਅਜਿਹੇ ਸਬੂਤ ਮਿਲੇ ਹਨ, ਜਿਸ ਤੋਂ ਕਈ ਹੋਰ ਜਾਇਦਾਦਾਂ ਬਾਰੇ ਵੀ ਜਾਣਕਾਰੀ ਮਿਲੀ ਹੈ। ਪਤਾ ਲਾਇਆ ਜਾ ਰਿਹਾ ਹੈ ਕਿ ਇਨ੍ਹਾਂ ਵੱਲੋਂ ਪੈਸੇ ਦਾ ਲੈਣ-ਦੇਣ ਕਿਸ ਨਾਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸ. ਪ੍ਰਕਾਸ਼ ਬਾਦਲ ਦਾ ਜਾਣਾ ਦੇਸ਼ ਦੀ ਰਾਜਨੀਤੀ ਨੂੰ ਝੱਟਕਾ : ਸਾਬਕਾ ਮੁੱਖ ਮੰਤਰੀ ਚੰਨੀ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Anuradha

Content Editor

Related News