ਕਲਰਕ ''ਤੇ ਹੋਈ ਵੱਡੀ ਕਾਰਵਾਈ, ਨਕਲੀ ਇੰਸਪੈਕਟਰ ਬਣ ਪ੍ਰਾਪਰਟੀ ਟੈਕਸ ਬ੍ਰਾਂਚ ’ਚ ਕਰ ਰਿਹਾ ਸੀ ਲੱਖਾਂ ਦੀ ਹੇਰਾਫੇਰੀ
Wednesday, May 14, 2025 - 02:24 AM (IST)

ਲੁਧਿਆਣਾ (ਹਿਤੇਸ਼) – ਨਗਰ ਨਿਗਮ ਕਮਿਸ਼ਨਰ ਵਲੋਂ ਜਿਸ ਕਲਰਕ ਨੂੰ ਜ਼ੋਨ-ਸੀ ਤੋਂ ਆਰ. ਟੀ. ਆਈ. ਬ੍ਰਾਂਚ ’ਚ ਟਰਾਂਸਫਰ ਕੀਤਾ ਗਿਆ ਹੈ, ਉਸ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ, ਜਿਸ ਦੇ ਮੁਤਾਬਕ ਇਹ ਕਲਰਕ ਹੁਣ ਤੱਕ ਜ਼ੋਨ-ਸੀ ’ਚ ਨਕਲੀ ਇੰਸਪੈਕਟਰ ਬਣ ਕੇ ਕੰਮ ਕਰ ਰਿਹਾ ਸੀ। ਇਸ ਦੇ ਖਿਲਾਫ ਜ਼ੋਨ-ਸੀ ਦੀ ਪ੍ਰਾਪਰਟੀ ਟੈਕਸ ਬ੍ਰਾਂਚ ’ਚ ਇਕ ਨਾਮੀ ਕੰਪਨੀ ਨੂੰ ਕਰੋੜਾਂ ਦੀ ਵਸੂਲੀ ਦਾ ਨੋਟਿਸ ਭੇਜਣ ਦੀ ਆੜ ’ਚ ਹੋਈ ਲੱਖਾਂ ਦੀ ਹੇਰਾਫੇਰੀ ਦੇ ਮਾਮਲੇ ’ਚ ਕਾਰਵਾਈ ਹੋਣ ਦੀ ਚਰਚਾ ਹੈ।
ਜਾਣਕਾਰੀ ਮੁਤਾਬਕ ਇਹ ਕਲਰਕ ਪ੍ਰਾਪਰਟੀ ਟੈਕਸ ਦੇ ਨਾਲ ਬਿਲਡਿੰਗ ਬ੍ਰਾਂਚ ਨਾਲ ਸਬੰਧਤ ਕੰਮ ਕਰਵਾਉਣ ਦੇ ਬਦਲੇ ’ਚ ਵੀ ਲੋਕਾਂ ਤੋਂ ਲੱਖਾਂ ਦੇ ਲੈਣ-ਦੇਣ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਸੀ। ਭਾਵੇਂ ਇਸ ਕਲਰਕ ਨੂੰ ਹੇਠਾਂ ਤੋਂ ਉੱਪਰ ਤੱਕ ਦੇ ਮੁਲਾਜ਼ਮਾਂ ਲਈ ਕੁਰੱਪਸ਼ਨ ਦਾ ਨੈੱਟਵਰਕ ਚਲਾਉਣ ਦੀਆਂ ਸ਼ਿਕਾਇਤਾਂ ਮਿਲਣ ’ਤੇ ਕੁਝ ਸਮਾਂ ਪਹਿਲਾਂ ਜ਼ੋਨ-ਬੀ ’ਚ ਟਰਾਂਸਫਰ ਕੀਤਾ ਗਿਆ ਸੀ ਪਰ ਸੈਟਿੰਗ ਕਾਰਨ ਕੁਝ ਦੇਰ ਬਾਅਦ ਹੀ ਕਲਰਕ ਵਾਪਸ ਜ਼ੋਨ-ਸੀ ’ਚ ਪੁੱਜ ਗਿਆ ਸੀ, ਜਿਸ ਨੂੰ ਇਕ ਵਿਧਾਇਕ ਦੀ ਸਿਫਾਰਿਸ਼ ਦਾ ਨਤੀਜਾ ਦੱਸਿਆ ਜਾ ਰਿਹਾ ਸੀ। ਹੁਣ ਦੇਖਣਾ ਇਹ ਹੈ ਕਿ ਇਸ ਵਾਰ ਇਹ ਰਿਸ਼ਵਤਖੋਰ ਕਲਰਕ ਕਿੰਨੀ ਦੇਰ ਲਈ ਜ਼ੋਨ-ਸੀ ਤੋਂ ਬਾਹਰ ਰਹੇਗਾ।