ਦਲਿਤ ਲੜਕੀਆਂ ਨਾਲ ਜਬਰ-ਜ਼ਨਾਹ ਦੀਆਂ ਘਟਨਾਵਾਂ ਅਤਿ-ਸ਼ਰਮਨਾਕ
Wednesday, Jan 17, 2018 - 05:11 AM (IST)
ਚੰਡੀਗੜ੍ਹ (ਬਿਊਰੋ) - ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਦਲਿਤ ਲੜਕੀਆਂ ਨਾਲ ਭਾਰਤ ਦੇ ਕਈ ਹਿੱਸਿਆਂ 'ਚ ਜਬਰ-ਜ਼ਨਾਹ ਅਤੇ ਉਨ੍ਹਾਂ ਦੇ ਕਤਲ ਹੋਣ ਦੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਇਥੋਂ ਦੀਆਂ ਹਿੰਦੂ ਕੱਟੜਵਾਦੀ ਪਾਰਟੀਆਂ ਅਤੇ ਹੁਕਮਰਾਨਾਂ ਨੂੰ ਇਨ੍ਹਾਂ ਮੂਲਵਾਦੀ, ਗਰੀਬ, ਮਜ਼ਲੂਮ ਪਰਿਵਾਰਾਂ ਨਾਲ ਨਾ ਤਾਂ ਕੋਈ ਹਮਦਰਦੀ ਹੈ ਅਤੇ ਨਾ ਹੀ ਇਨ੍ਹਾਂ ਨੂੰ ਇਹ ਤਾਕਤਾਂ ਕਦੀ ਇਨਸਾਫ ਦੇ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਹਰਿਆਣੇ ਦੇ ਜੀਂਦ ਜ਼ਿਲੇ ਦੇ ਪਿੰਡ ਬੁੱਢਾ ਖੇੜਾ ਵਿਖੇ ਇਕ ਦਲਿਤ ਲੜਕੀ ਨਾਲ ਹੋਏ ਜਬਰ-ਜ਼ਨਾਹ ਅਤੇ ਪਾਣੀਪਤ ਵਿਖੇ ਇਕ 12 ਸਾਲਾ ਮਾਸੂਮ ਲੜਕੀ ਨੂੰ ਮਾਰ ਕੇ, ਉਸ ਨਾਲ ਫਿਰ ਜਬਰ-ਜ਼ਨਾਹ ਕਰਨ ਦੀ ਘਟਨਾ ਹੈਵਾਨੀਅਤ ਦੀਆਂ ਸਭ ਹੱਦਾਂ ਪਾਰ ਕਰ ਗਈ ਹੈ। ਅਫਸੋਸ ਹੈ ਕਿ ਹਰਿਆਣਾ ਦੀ ਖੱਟੜ ਸਰਕਾਰ ਅਜਿਹੀਆਂ ਅਣ-ਮਨੁੱਖੀ ਕਾਰਵਾਈਆਂ ਨੂੰ ਰੋਕਣ ਲਈ ਸੰਜੀਦਾ ਤੌਰ 'ਤੇ ਕੋਈ ਅਮਲ ਨਹੀਂ ਕਰ ਰਹੀ।” ਉਨ੍ਹਾਂ ਨੇ ਹਿੰਦੂ ਰਾਸ਼ਟਰਵਾਦ ਨੂੰ ਮਜ਼ਬੂਤ ਕਰਨ ਦੀਆਂ ਕਾਰਵਾਈਆਂ ਨੂੰ ਚੁਣੌਤੀ ਦਿੰਦੇ ਹੋਏ ਅਤੇ ਸਮੁੱਚੇ ਪੀੜਤ ਵਰਗਾਂ ਨੂੰ ਇਕੱਤਰ ਹੋਣ ਦੀ ਅਪੀਲ ਕੀਤੀ।
