ਜੇਲ੍ਹ ਦੀ ਸੁਰੱਖਿਆ ’ਚ ਸੰਨ੍ਹ : ਜੇਲ੍ਹਾਂ ’ਚ ਬੁਣਿਆ ਜਾਂਦੈ ਨਸ਼ਾ ਸਮੱਗਲਰਾਂ ਨਾਲ ਗੈਂਗਸਟਰਾਂ ਦੇ ਮਨਸੂਬਿਆਂ ਦਾ ਤਾਣਾ-ਬਾਣਾ

01/17/2024 6:31:24 PM

ਅੰਮ੍ਰਿਤਸਰ (ਸੰਜੀਵ) : ਪੰਜਾਬ ਦੀਆਂ ਜੇਲ੍ਹਾਂ ’ਚ ਸੰਨ੍ਹ ਲਗਾਉਣ ਦੀਆਂ ਵਾਰਦਾਤਾਂ ਹੁਣ ਆਮ ਹੋ ਗਈਆਂ ਹਨ। ਬੇਸ਼ੱਕ ਜੇਲ੍ਹ ਪ੍ਰਸ਼ਾਸਨ ਸਖ਼ਤ ਸੁਰੱਖਿਆ ਦੇ ਦਾਅਵੇ ਕਰਦਾ ਹੈ ਪਰ ਜੇਲ ’ਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਤੋਂ ਮਿਲ ਰਹੇ ਨਸ਼ੀਲੇ ਪਦਾਰਥਾਂ ਅਤੇ ਮੋਬਾਇਲ ਦੀਆਂ ਘਟਨਾਵਾਂ ਨੇ ਪੰਜਾਬ ਸਰਕਾਰ ਦੀ ਨੀਅਤ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਰਕਾਰ ਵਲੋਂ ਇਕ ਪਾਸੇ ਜਿੱਥੇ ਜੇਲ੍ਹਾਂ ਨੂੰ ਹਾਈਟੈਕ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕੈਦੀਆਂ ਕੋਲੋਂ ਸ਼ੱਕੀ ਵਸਤੂਆਂ ਦੀ ਬਰਾਮਦਗੀ ਨੇ ਸਾਬਤ ਕਰ ਦਿੱਤਾ ਹੈ ਕਿ ਅੱਜ ਪੰਜਾਬ ਦੀਆਂ ਜੇਲ੍ਹਾਂ ਸਮੱਗਲਰਾਂ, ਗੈਂਗਸਟਰਾਂ ਅਤੇ ਅੱਤਵਾਦੀ ਸੰਗਠਨਾਂ ਨਾਲ ਜੁੜੇ ਅਪਰਾਧੀਆਂ ਦੀ ਪਨਾਹਗਾਹ ਬਣ ਚੁੱਕੀਆਂ ਹਨ। ਕਈ ਵਾਰ ਜੇਲ੍ਹਾਂ ਪੁਲਸ ਅਜਿਹੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਜੋ ਜੇਲ੍ਹ ’ਚ ਬੈਠੀਆਂ ਕਾਲੀਆਂ ਭੇਡਾਂ ਦੀ ਮਦਦ ਨਾਲ ਕੈਦੀਆਂ ਨੂੰ ਨਸ਼ਾ ਅਤੇ ਹੋਰ ਸਾਮਾਨ ਸਪਲਾਈ ਕਰ ਰਹੀਆ ਹਨ। ਜੇਕਰ ਸਮੇਂ ਸਿਰ ਜੇਲ੍ਹ ਦੀਆਂ ਕਾਲੀਆਂ ਭੇਡਾਂ ਦੇ ਨਾਲ-ਨਾਲ ਸਾਮਾਨ ਢੋਹਣ ਵਾਲਿਆਂ ਨੂੰ ਨੱਥ ਨਾ ਪਾਈ ਗਈ ਜਾਂ ਕੋਈ ਠੋਸ ਰਣਨੀਤੀ ਨਾ ਬਣਾਈ ਗਈ ਤਾਂ ਜੇਲ੍ਹ ’ਚੋਂ ਟਾਰਗੇਟ ਕਿਲਿੰਗ, ਸਮੱਗਲਿੰਗ ਅਤੇ ਲੁੱਟ-ਖੋਹ ਦੀਆਂ ਕਈ ਯੋਜਨਾਵਾਂ ਸਾਹਮਣੇ ਆ ਜਾਣਗੀਆਂ। 

ਇਹ ਵੀ ਪੜ੍ਹੋ : ਫ਼ਿਰੋਜ਼ਪੁਰ 'ਚ ਪਤੰਗਬਾਜ਼ੀ ਮੁਕਾਬਲਾ: ਸਭ ਤੋਂ ਵੱਡੀ ਪਤੰਗ 10 ਮਿੰਟ ਤੱਕ ਉਡਾਉਣ ਵਾਲੇ ਨੂੰ ਮਿਲਣਗੇ 2 ਲੱਖ ਰੁਪਏ    

ਪਿਛਲੇ 50 ਦਿਨਾਂ ’ਚ ਬਰਾਮਦ ਕੀਤੇ 118 ਮੋਬਾਇਲ ਫੋਨ
ਅੰਮ੍ਰਿਤਸਰ ਜੇਲ੍ਹ ’ਚ ਹੋ ਰਹੇ ਅਪਰਾਧਾਂ ਦੇ ਗ੍ਰਾਫ ’ਤੇ ਨਜ਼ਰ ਮਾਰੀਏ ਤਾਂ ਪਿਛਲੇ 50 ਦਿਨਾਂ ’ਚ ਇਸ ਤਰ੍ਹਾਂ ਵਧਿਆ ਹੈ ਕਿ 118 ਤੋਂ ਵੱਧ ਮੋਬਾਇਲ ਫੋਨ, ਚਾਰਜਰ ਅਤੇ ਹੋਰ ਕਈ ਸ਼ੱਕੀ ਸਾਮਾਨ ਬਰਾਮਦ ਹੋਇਆ ਹੈ। ਇੰਨੀ ਵੱਡੀ ਮਾਤਰਾ ’ਚ ਸਾਮਾਨ ਦੀ ਬਰਾਮਦਗੀ ਜੇਲ੍ਹਾਂ ਦੀ ਸੁਰੱਖਿਆ ’ਤੇ ਕਈ ਸਵਾਲ ਖੜ੍ਹੇ ਕਰ ਰਹੀ ਹੈ। 

ਦੇਰ ਰਾਤ ਹੋਈ ਅਚਨਚੇਤ ਨਿਰੀਖਣ ਦੌਰਾਨ ਬਰਾਮਦ ਹੋਏ 18 ਮੋਬਾਇਲ 
ਕੇਂਦਰੀ ਜੇਲ ਵਿਚ ਦੇਰ ਰਾਤ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ 18 ਹਵਾਲਾਤੀਆਂ ਦੇ ਕਬਜ਼ੇ ’ਚੋਂ 18 ਮੋਬਾਇਲ ਫੋਨ ਬਰਾਮਦ ਹੋਏ, ਜਿਨ੍ਹਾਂ ’ਚ ਗੁਰਜੰਟ ਸਿੰਘ, ਅੰਮ੍ਰਿਤਪਾਲ ਸਿੰਘ, ਦਲਬੀਰ ਸਿੰਘ, ਤਰਨਬੀਰ ਸਿੰਘ, ਪ੍ਰਿੰਸ, ਸੁਖਜੀਤ ਸਿੰਘ, ਹਰਪ੍ਰੀਤ ਸਿੰਘ, ਗੁਰਪਿੰਦਰ ਸਿੰਘ, ਵਿਨੋਦ ਕੁਮਾਰ, ਸੋਨੂੰ ਮਸੀਹ, ਰਾਜੀਵ ਖੋਖਰ, ਮਨਪ੍ਰੀਤ ਸਿੰਘ, ਬਲਬੀਰ ਸਿੰਘ, ਰਾਜਨ ਸਿੰਘ, ਪ੍ਰਤਾਪ ਸਿੰਘ, ਅਕਾਸ਼ਦੀਪ ਸਿੰਘ, ਅੰਗਰੇਜ਼ ਸਿੰਘ ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਅਯੁੱਧਿਆ ''ਚ ਸਾਇਨਿੰਗ ਬੋਰਡ ''ਤੇ ਦੂਜੇ ਨੰਬਰ ''ਤੇ ਲਿਖੀ ਪੰਜਾਬੀ    

ਕੁਝ ਸੁਲਗਦੇ ਸਵਾਲ?
- ਹਵਾਲਾਤੀਆ ਤੋਂ ਬਰਾਮਦ ਕੀਤੇ ਜਾ ਰਹੇ ਮੋਬਾਇਲ ਫੋਨਾਂ ਅਤੇ ਸ਼ੱਕੀ ਵਸਤੂਆਂ ’ਤੇ ਪਾਬੰਦੀ ਕਿਉਂ ਨਹੀਂ ਲੱਗ ਰਹੀ?
- ਕੀ ਗੈਂਗਸਟਰਾਂ ਅਤੇ ਅਪਰਾਧੀਆਂ ਤੋਂ ਮਿਲ ਰਹੇ ਮੋਬਾਇਲ ਫੋਨ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਖ਼ਤਰਾ ਨਹੀਂ ਹਨ?
-ਕੀ ਮੋਬਾਇਲ ਫ਼ੋਨਾਂ ਅਤੇ ਨਸ਼ਿਆਂ ਦੀ ਲਗਾਤਾਰ ਉਪਲਬਧਤਾ ਭ੍ਰਿਸ਼ਟਾਚਾਰ ਨੂੰ ਦਰਸਾਉਂਦੀ ਨਹੀਂ?
- ਸਭ ਕੁਝ ਜਾਣਨ ਦੇ ਬਾਵਜੂਦ ਪੰਜਾਬ ਸਰਕਾਰ ਕੋਈ ਠੋਸ ਰਣਨੀਤੀ ਕਿਉਂ ਨਹੀਂ ਬਣਾਉਂਦੀ?

ਕੁਝ ਭਖਦੇ ਸਵਾਲ ?
ਜਿਨ੍ਹਾਂ ’ਤੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਗੰਭੀਰਤਾ ਨਾਲ ਫੈਸਲੇ ਲੈਣ ਦੀ ਲੋੜ ਹੈ। ਜੇਲਾਂ ਵਿਚ ਬੈਠੇ ਅਪਰਾਧੀ ਮੋਬਾਇਲ ਫੋਨਾਂ ਰਾਹੀਂ ਸਮਾਜ ’ਚ ਅਪਰਾਧਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਕਾਰਨ ਸੂਬੇ ਦਾ ਵਪਾਰੀ ਵਰਗ ਅਤੇ ਬੁੱਧੀਜੀਵੀ ਦਹਿਸ਼ਤ ਦੇ ਮਾਹੌਲ ’ਚ ਹਨ। ਇਸ ਨੂੰ ਰੋਕਣ ਲਈ ਜਲਦੀ ਹੀ ਕੋਈ ਠੋਸ ਰਣਨੀਤੀ ਬਣਾਉਣ ਦੀ ਲੋੜ ਹੈ ਤਾਂ ਜੋ ਜੇਲ੍ਹਾਂ ’ਚ ਬੈਠ ਕੇ ਬਾਹਰੋਂ ਆਪਣੇ ਗੁਰਗਿਆਂ ਨਾਲ ਗੱਲਬਾਤ ਕਰਨ ਵਾਲੇ ਇਨ੍ਹਾਂ ਅਪਰਾਧੀਆਂ ਦੀ ਸੰਪਰਕ ਲਾਈਨ ਨੂੰ ਤੋੜਿਆ ਜਾ ਸਕੇ। ਜੇਕਰ ਜੇਲ ਪ੍ਰਸ਼ਾਸਨ ਸੰਪਰਕ ਦੀ ਇਸ ਲਾਈਨ ਨੂੰ ਤੋੜਨ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਜੇਲ੍ਹਾਂ ਵਿਚ ਹੋ ਰਹੇ ਅਪਰਾਧਿਕ ਮਨਸੂਬਿਆਂ ਨੂੰ ਮਾਤ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਮਦਰ ਡੇਅਰੀ ਨੇ ਦਿੱਲੀ-NCR ''ਚ ਸ਼ੁਰੂ ਕੀਤਾ ਮੱਝ ਦਾ ਦੁੱਧ, ਜਾਣੋ ਇਕ ਲੀਟਰ ਦੀ ਕੀਮਤ    

‘ਜਗਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ। 

 


Anuradha

Content Editor

Related News