ਗਿੱਦੜਬਾਹਾ ''ਚ ਵਾਲ ਕੱਟਣ ਦੇ ਦੋ ਹੋਰ ਮਾਮਲੇ ਆਏ ਸਾਹਮਣੇ, ਨਹੀਂ ਉੱਠ ਰਿਹਾ ਸੱਚ ਤੋਂ ਪਰਦਾ

Saturday, Aug 05, 2017 - 03:13 PM (IST)

ਗਿੱਦੜਬਾਹਾ (ਕੁਲਭੂਸ਼ਣ) — ਗਿੱਦੜਬਾਹਾ ਦੇ ਪਿੰਡ ਭਾਰੂ 'ਚ ਬੀਤੇ ਦਿਨ ਪੰਜਾਬ ਰਾਜ ਦਾ ਪਹਿਲਾਂ ਵਾਲ ਕੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਅਜ ਵੀ ਲੋਕ ਕੁਝ ਦਿਨ ਪਹਿਲਾਂ ਵਾਪਰੀ ਘਟਨਾ ਨੂੰ ਆਪਣੇ ਜ਼ਹਿਨ 'ਚੋਂ ਨਹੀਂ ਕੱਢ ਪਾਏ ਸਨ ਕਿ ਬੀਤੀ ਰਾਤ ਗਿੱਦੜਬਾਹਾ ਪਿੰਡ 'ਚ ਵਾਲ ਕੱਟਣ ਦੇ ਦੋ ਵੱਖ-ਵੱਖ ਮਾਮਲੇ ਸਾਹਮਣੇ ਆਉਣ ਨਾਲ ਇਲਾਕੇ 'ਚ ਵੱਡਿਆਂ ਦੇ ਨਾਲ-ਨਾਲ ਛੋਟੇ-ਛੋਟੇ ਬੱਚਿਆਂ 'ਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਜਦ ਕਿ ਇਸ ਮਾਮਲੇ ਪਿੱਛੇ ਕੀ ਸੱਚਾਈ ਹੈ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਸੇ ਤਰ੍ਹਾਂ ਬੀਤੀ ਰਾਤ ਗਿੱਦੜਬਾਹਾ ਦੇ ਪਿੰਡ 'ਚ ਦੋ ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ ਹਨ। ਪਹਿਲੀ ਘਟਨਾ 'ਚ ਆਪਣੇ ਮਾਮੇ ਕੋਲ ਰਹਿਣ ਵਾਲੀ ਲੜਕੀ ਪੁੱਤਰੀ ਬਲਰਾਜ ਸਿੰਘ ਵਾਸੀ ਪਿੰਡ ਗਿੱਦੜਬਾਹਾ ਨੇ ਦਸਿਆ ਕਿ ਉਹ ਆਪਣੀ ਨਾਨੀ ਦੇ ਨਾਲ ਕਮਰੇ 'ਚ ਸੱਤੀ ਪਈ ਸੀ ਕਿ ਰਾਤ ਕਰੀਬ 12 ਵਜੇ ਇਕ ਕਾਲੀ ਪਰਛਾਈ ਕਮਰੇ 'ਚ ਆਈ ਤੇ ਜਿਵੇਂ ਹੀ ਉਸ ਦੀਆਂ ਅੱਖਾਂ ਨਾਲ ਉਸ ਦੀਆਂ ਅੱਖਾਂ ਮਿਲੀਆਂ ਤਾਂ ਉਹ ਬੇਹੋਸ਼ ਹੋ ਗਈ ਤੇ ਸਵੇਰੇ ਜਦ ਉਸ ਨੇ ਦੇਖਿਆ ਤਾਂ ਉਸ ਦੇ ਵਾਲ ਕੱਟੇ ਹੋਏ ਸਨ। 
ਇਸੇ ਤਰ੍ਹਾਂ ਦੂਜੀ ਘਟਨਾ 'ਚ ਰਮਨਦੀਪ ਕੌਰ ਪਤਨੀ ਹਰਮੀਤ ਸਿੰਘ ਵਾਸੀ ਪਿਓਰਾ ਵਾਲੀ ਕੱਚਾ ਰੋਡ ਪਿੰਡ ਗਿੱਦੜਬਾਹਾ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਕਮਰੇ 'ਚ ਸੋਅ ਰਹੀ ਸੀ ਤੇ ਕਮਰਾ ਅੰਦਰੋ ਬੰਦ ਸੀ। ਉਸ ਨੇ ਦੱਸਿਆ ਕਿ ਰਾਤ ਕਰੀਬ 1 ਵਜੇ ਉਸ ਨੂੰ ਕੈਂਚੀ ਚਲਣ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ ਤੇ ਥੋੜੀ ਦੇਰ ਬਾਅਦ ਜਦ ਉਸ ਨੂੰ ਹੋਸ਼ ਆਇਆ ਤਾਂ ਉਸ ਦੇ ਵਾਲ ਕੱਟੇ ਜਾ ਚੁੱਕੇ ਸਨ, ਜਦ ਕਿ ਦਰਵਾਜਾ ਵੀ ਅੰਦਰੋ ਬੰਦ ਹੀ ਸੀ। ਉਥੇ ਹੀ ਉਕਤ ਮਹਿਲਾ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਮਰੇ ਦੀ ਖਿੜਕੀ ਕੋਲ ਬਿੱਲੀ ਦੇ ਪੈਰਾਂ ਦੇ ਨਿਸ਼ਾਨ ਦੇਖੇ ਹਨ ਤੇ ਉਨ੍ਹਾਂ ਵਲੋਂ ਕਿਆਸ ਲਗਾਏ ਜਾ ਰਹੇ ਹਨ ਕਿ ਭੂਤ ਨੇ ਬਿੱਲੀ ਦਾ ਰੂਪ ਧਾਰਨ ਕਰ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਵਾਲ ਕੱਟਣ ਦੀਆਂ ਘਟਨਾਵਾਂ ਤੋਂ ਡਰੇ ਹੋਏ ਲੋਕ ਜਿਥੇ ਆਪਣੇ ਘਰਾਂ ਦੇ ਬਾਹਰ ਨਿੰਮ ਦੇ ਪਤੇ ਬੰਨ ਰਹੇ ਹਨ ਉਥੇ ਹੀ ਹਲਦੀ ਤੇ ਸਿੰਦੂਰ ਦੇ ਨਾਲ ਹੱਥਾਂ ਦੇ ਨਿਸ਼ਾਨ ਵੀ ਘਰਾਂ ਦੇ ਬਾਹਰ ਲਗਾ ਰਹੇ ਹਨ। ਉਥੇ ਹੀ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਇਸ ਰਹੱਸ ਤੋਂ ਜਲਦ ਪਰਦਾ ਚੁੱਕਣ ਦੀ ਅਪੀਲ ਵੀ ਕੀਤੀ ਹੈ।


Related News