ਸਾਲ 2022 ’ਚ BSF ਨੇ ਫੜੀ 1580 ਕਰੋੜ ਦੀ ਹੈਰੋਇਨ, ਪਾਕਿ ਦੇ 25 ਡਰੋਨ ਤੇ  67 ਖ਼ਤਰਨਾਕ ਹਥਿਆਰ ਕੀਤੇ ਜ਼ਬਤ

Sunday, Jan 01, 2023 - 11:22 AM (IST)

ਅੰਮ੍ਰਿਤਸਰ (ਨੀਰਜ)- ਸਾਲ 2022 ਬੀ. ਐੱਸ. ਐੱਫ. ਲਈ ਬਹੁਤ ਚੁਣੌਤੀਪੂਰਨ ਰਿਹਾ, ਕਿਉਂਕਿ ਪਾਕਿਸਤਾਨ ਨੇ ਪੰਜਾਬ ਦੀ ਸਰਹੱਦ ਰਾਹੀਂ ਨਾ ਸਿਰਫ਼ ਹੈਰੋਇਨ ਦੀ ਵੱਡੀ ਖੇਪ ਦੀ ਢੋਆ-ਢੁਆਈ ਕੀਤੀ, ਸਗੋਂ ਇਸ ਸਾਲ ਹੈਰੋਇਨ ਸਮੇਤ ਖਤਰਨਾਕ ਹਥਿਆਰ, ਆਈ. ਈ. ਡੀਜ਼ ਅਤੇ ਟਿਫ਼ਨ ਬੰਬ ਵੀ ਭੇਜੇ। ਜਾਣਕਾਰੀ ਅਨੁਸਾਰ ਸਾਲ 2022 ਦੌਰਾਨ ਬੀ. ਐੱਸ. ਐੱਫ. ਨੇ 316 ਕਿਲੋ ਹੈਰੋਇਨ ਭੇਜੀ ਸੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 1580 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇੰਨਾ ਹੀ ਨਹੀਂ ਬੀ. ਐੱਸ. ਐੱਫ. ਨੇ ਪੰਜਾਬ ਬਾਰਡਰ ’ਤੇ 67 ਖ਼ਤਰਨਾਕ ਹਥਿਆਰ ਵੀ ਜ਼ਬਤ ਕੀਤੇ, ਜਿਨ੍ਹਾਂ ਵਿਚ ਐੱਮ. ਪੀ.-4 ਰਾਈਫ਼ਲਾਂ ਤੋਂ ਇਲਾਵਾ ਏ. ਕੇ.-47, ਗ੍ਰੇਨੇਡ ਅਤੇ ਪਿਸਤੌਲ ਤੋਂ ਇਲਾਵਾ ਦੇਸ਼ ਵਿਰੋਧੀ ਅਨਸਰਾਂ ਦੀਆਂ ਖ਼ਤਰਨਾਕ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਗਿਆ। 

ਇਹ ਵੀ ਪੜ੍ਹੋ- ਸਰਹਾਲੀ ਥਾਣੇ 'ਤੇ ਹੋਏ RPG ਹਮਲੇ ਮਾਮਲੇ 'ਚ 4 ਹੋਰ ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ

ਗੈਰ-ਕਾਨੂੰਨੀ ਤਰੀਕੇ ਨਾਲ ਘੁਸਪੈਠ ਕਰਦੇ ਹੋਏ ਦੋ ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਦਿੱਤਾ ਗਿਆ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਦੇ ਦੋਸ਼ ਵਿਚ 23 ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 9 ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਗਿਆ ਜੋ ਗਲਤੀ ਨਾਲ ਸਰਹੱਦ ਪਾਰ ਕਰਕੇ ਭਾਰਤੀ ਖ਼ੇਤਰ ਵਿਚ ਦਾਖ਼ਲ ਹੋ ਗਏ ਸਨ।

ਅੰਮ੍ਰਿਤਸਰ ਵਿਚ ਮਨਾਇਆ 58ਵਾਂ ਰੇਜਿੰਗ ਡੇਅ

ਬੀ. ਐੱਸ. ਐੱਫ. ਦੇ ਇਤਿਹਾਸ ਵਿਚ ਪਹਿਲੀ ਵਾਰ ਅੰਮ੍ਰਿਤਸਰ ਦੀ ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਬੀ. ਐੱਸ. ਐੱਫ. ਦਾ 58ਵਾਂ ਰੇਜਿੰਗ ਡੇਅ ਮਨਾਇਆ ਗਿਆ। ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨੇ ਸ਼ਿਰਕਤ ਕੀਤੀ। ਸਮਾਗਮ ਵਿਚ ਅਤਿ-ਆਧੁਨਿਕ ਹਥਿਆਰਾਂ ਦੀ ਪ੍ਰਦਰਸ਼ਨੀ ਦੇ ਨਾਲ-ਨਾਲ ਮਨਮੋਹਿਕ ਪਰੇਡ ਦਾ ਆਯੋਜਨ ਵੀ ਕੀਤਾ ਗਿਆ।

ਡਰੋਨ ਬਣਿਆ ਰਿਹਾ ਮੁਸੀਬਤ

ਪਾਕਿਸਤਾਨ ਨੇ ਸਾਲ 2022 ਵਿਚ ਡਰੋਨਾਂ ਦੀ ਸਭ ਤੋਂ ਵੱਧ ਮੂਵਮੈਂਟ ਕੀਤੀ ਅਤੇ 225 ਵਾਰ ਡਰੋਨ ਘੁਸਪੈਠ ਕਰਵਾਏ ਗਏ, ਜਿਨ੍ਹਾਂ ਵਿੱਚੋਂ ਬੀ. ਐੱਸ. ਐੱਫ. ਨੇ ਵੀ 25 ਡਰੋਨ ਸੁੱਟੇ ਪਰ ਪਾਕਿਸਤਾਨੀ ਡਰੋਨ ਸਾਰਾ ਸਾਲ ਬੀ. ਐੱਸ. ਐੱਫ. ਲਈ ਮੁਸੀਬਤ ਦਾ ਕਾਰਨ ਬਣੇ ਰਹੇ ਕਿਉਂਕਿ ਕਈ ਪਾਕਿਸਤਾਨ ਵਾਲੇ ਪਾਸਿਓਂ ਨਾਲੋਂ-ਨਾਲ ਡਰੋਨ ਉਡਾਏ ਗਏ ਸਨ ਅਤੇ ਸਰਹੱਦ ’ਤੇ ਕੋਈ ਐਂਟੀ ਡਰੋਨ ਸਿਸਟਮ ਨਹੀਂ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ- ਪ੍ਰੇਮੀ ਨੇ ਕਮਾਇਆ ਧ੍ਰੋਹ, ਰਿਲੇਸ਼ਨਸ਼ਿਪ 'ਚ ਰਹੀ 2 ਬੱਚਿਆਂ ਦੀ ਮਾਂ ਦੀ ਅਸ਼ਲੀਲ ਵੀਡੀਓ ਕੀਤੀ ਵਾਇਰਲ

ਆਈ. ਸੀ. ਪੀ. ਅਟਾਰੀ ਸਰਹੱਦ ’ਤੇ ਨਹੀਂ ਲੱਗ ਸਕਿਆ ਅਤਿ-ਆਧੁਨਿਕ ਟਰੱਕ ਸਕੈਨਰ

ਆਈ. ਸੀ. ਪੀ. ਅਟਾਰੀ ਸਰਹੱਦ ’ਤੇ ਵੀ ਸਾਲ 2020 ਦੌਰਾਨ ਅਤਿ-ਆਧੁਨਿਕ ਟਰੱਕ ਸਕੈਨਰ ਨਹੀਂ ਲੱਗ ਸਕਿਆ ਅਤੇ ਜੋ ਸਕੈਨਰ ਲਗਾਇਆ ਗਿਆ ਹੈ ਉਹ ਕਸਟਮ ਵਿਭਾਗ ਦੇ ਕਿਸੇ ਕੰਮ ਦਾ ਨਹੀਂ ਹੈ। ਕਸਟਮ ਵਿਭਾਗ ਸਮੇਤ ਹੋਰ ਏਜੰਸੀਆਂ ਵਲੋਂ ਬਾਰ-ਬਾਰ ਕੇਂਦਰ ਸਰਕਾਰ ਨੂੰ ਨਵਾਂ ਸਕੈਨਰ ਲਗਾਉਣ ਲਈ ਅਪੀਲ ਕੀਤੀ ਗਈ ਪਰ ਕੋਈ ਸੁਣਵਾਈ ਨਹੀਂ ਹੋਈ ਹੈ। ਉਲਟਾ ਪਾਕਿਸਤਾਨ ਵਲੋਂ ਮੁਲੱਠੀ ਦੀ ਖੇਪ ਵਿਚ 112 ਕਿਲੋ ਹੈਰੋਇਨ ਭੇਜ ਦਿੱਤੀ ਗਈ, ਜਿਸ ਨੂੰ ਵਿਭਾਗ ਨੇ ਸਮੇਂ ਰਹਿੰਦਿਆਂ ਟ੍ਰੇਸ ਕਰ ਕੇ ਜ਼ਬਤ ਕਰ ਲਿਆ।

ਸਮੱਗਲਰਾਂ ਨੇ ਅਮਜਾਇਆ ਹਰ ਰਸਤਾ

ਹੈਰੋਇਨ ਦੇ ਸਮੱਗਲਰਾਂ ਨੇ ਆਪਣੇ ਇਰਾਦਿਆਂ ਨੂੰ ਕਾਮਯਾਬ ਕਰਨ ਲਈ ਗੁਜਰਾਤ ਅਤੇ ਮੁੰਬਈ ਦੀਆਂ ਬੰਦਰਗਾਹਾਂ ਦੀ ਵਰਤੋਂ ਕੀਤੀ, ਡਰੋਨ ਨਾਲ ਹੈਰੋਇਨ ਅਤੇ ਹਥਿਆਰਾਂ ਦੀ ਸਪਲਾਈ ਕੀਤੀ ਗਈ ਅਤੇ ਸਰਹੱਦੀ ਕੰਡਿਆਲੀ ਤਾਰ ’ਤੇ ਪਲਾਸਟਿਕ ਦੀਆਂ ਪਾਈਪਾਂ ਨਾਲ ਹੈਰੋਇਨ ਦੀ ਸਪਲਾਈ ਕਰਨ ਦੇ ਪੁਰਾਣੇ ਤਰੀਕੇ ਵੀ ਅਪਣਾਏ ਗਏ ਅਤੇ ਅਟਾਰੀ ਸਰਹੱਦ ’ਤੇ ਅਫਗਾਨਿਸਤਾਨ ਤੋਂ ਆਉਣ ਵਾਲੀਆਂ ਵਸਤੂਆਂ ਵਿਚ ਵੀ ਹੈਰੋਇਨ ਲੁਕਾ ਕੇ ਭੇਜੀ ਗਈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News