ਗਰਮੀ ’ਚ ਬੇਹਾਲ ਰੇਲ ਯਾਤਰੀਆਂ ਦੀ ਨਹੀਂ ਘੱਟ ਰਹੀ ਪ੍ਰੇਸ਼ਾਨੀ, ਲੰਬੇ ਰੂਟਾਂ ਰਾਹੀਂ ਪੁੱਜ ਰਹੀਆਂ 100 ਤੋਂ ਵੱਧ ਟਰੇਨਾਂ

Wednesday, May 15, 2024 - 06:01 AM (IST)

ਗਰਮੀ ’ਚ ਬੇਹਾਲ ਰੇਲ ਯਾਤਰੀਆਂ ਦੀ ਨਹੀਂ ਘੱਟ ਰਹੀ ਪ੍ਰੇਸ਼ਾਨੀ, ਲੰਬੇ ਰੂਟਾਂ ਰਾਹੀਂ ਪੁੱਜ ਰਹੀਆਂ 100 ਤੋਂ ਵੱਧ ਟਰੇਨਾਂ

ਜਲੰਧਰ (ਪੁਨੀਤ)– ਰੇਲ ਰਾਹੀਂ ਸਫ਼ਰ ਕਰਨ ਵਾਲੇ ਯਾਤਰੀ ਰੁਟੀਨ ਰੇਲ ਗੱਡੀਆਂ ਦੀ ਬਜਾਏ ਐਕਸਪ੍ਰੈੱਸ ਰੇਲ ਗੱਡੀਆਂ ਰਾਹੀਂ ਸਫ਼ਰ ਕਰਨ ਨੂੰ ਅਹਿਮੀਅਤ ਦਿੰਦੇ ਹਨ। ਐਕਸਪ੍ਰੈੱਸ ਟਰੇਨਾਂ ਦੀ ਟਿਕਟ ਦੀ ਕੀਮਤ ਜ਼ਿਆਦਾ ਹੈ ਪਰ ਵਿਅਕਤੀ ਸਮੇਂ ਸਿਰ ਮੰਜ਼ਿਲ ’ਤੇ ਪਹੁੰਚ ਜਾਂਦਾ ਹੈ ਪਰ ਅਜੋਕੇ ਸਮੇਂ ’ਚ ਐਕਸਪ੍ਰੈੱਸ ਰੇਲ ਗੱਡੀਆਂ ਰਾਹੀਂ ਸਫ਼ਰ ਕਰਨਾ ਵੀ ਪ੍ਰੇਸ਼ਾਨੀ ਬਣਦਾ ਜਾ ਰਿਹਾ ਹੈ ਕਿਉਂਕਿ ਐਕਸਪ੍ਰੈੱਸ ਰੇਲ ਗੱਡੀਆਂ ’ਚ ਦੇਰੀ ਦਾ ਸਿਲਸਿਲਾ ਖ਼ਤਮ ਹੋਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਦਾ ਚੀਨ ’ਤੇ ਵੱਡਾ ਐਕਸ਼ਨ, ਚੀਨੀ ਸਾਮਾਨ ’ਤੇ ਲਾਇਆ 100 ਫ਼ੀਸਦੀ ਟੈਕਸ, ਜੋਅ ਬਾਈਡੇਨ ਨੇ ਆਖੀ ਇਹ ਗੱਲ

PunjabKesari

ਕਿਸਾਨਾਂ ਦੇ ਅੰਦੋਲਨ ਕਾਰਨ ਸ਼ੰਭੂ ਨੇੜੇ ਰੇਲਵੇ ਟਰੈਕ ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਰੇਲ ਗੱਡੀਆਂ ਨੂੰ ਲੰਬੇ ਰੂਟ ਰਾਹੀਂ ਪੰਜਾਬ ਵੱਲ ਭੇਜਿਆ ਜਾ ਰਿਹਾ ਹੈ। ਚੰਡੀਗੜ੍ਹ ਰਾਹੀਂ ਆਉਣ ਵਾਲੀਆਂ ਰੇਲ ਗੱਡੀਆਂ ਨੂੰ ਜਲੰਧਰ ਤੇ ਆਲੇ-ਦੁਆਲੇ ਦੇ ਸਥਾਨਾਂ ’ਤੇ ਪਹੁੰਚਣ ਲਈ ਕਈ ਘੰਟੇ ਵਾਧੂ ਸਫ਼ਰ ਕਰਨਾ ਪੈਂਦਾ ਹੈ। ਇਸ ਕਾਰਨ ਯਾਤਰੀਆਂ ਦਾ ਸਮੇਂ ਸਿਰ ਪਹੁੰਚਣਾ ਸੰਭਵ ਨਹੀਂ ਹੋ ਰਿਹਾ। ਦੇਰੀ ਨਾਲ ਚੱਲਣ ਵਾਲੀਆਂ ਟਰੇਨਾਂ ਦੀ ਸਥਿਤੀ ਅਜਿਹੀ ਹੈ ਕਿ ਰੂਟ ’ਤੇ ਲੱਗਣ ਵਾਲੇ ਸਮੇਂ ਦੇ ਮੁਕਾਬਲੇ ਟਰੇਨਾਂ ਦੁੱਗਣਾ ਸਮਾਂ ਲੈ ਰਹੀਆਂ ਹਨ। ਇਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਵਿਭਾਗ ਵਲੋਂ ਗਰਮੀ ਦੀ ਮਾਰ ਝੱਲ ਰਹੇ ਰੇਲਵੇ ਯਾਤਰੀਆਂ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ ਹੈ, ਜਿਸ ਕਾਰਨ ਯਾਤਰੀ ਵਿਭਾਗ ਦੀਆਂ ਨੀਤੀਆਂ ਤੋਂ ਖਫ਼ਾ ਨਜ਼ਰ ਆ ਰਹੇ ਹਨ।

PunjabKesari

ਦੇਰੀ ਨਾਲ ਚੱਲਣ ਵਾਲੀਆਂ ਟਰੇਨਾਂ ਦੀ ਗੱਲ ਕਰੀਏ ਤਾਂ ਅਮਰਪਾਲੀ 5 ਘੰਟੇ, ਸ਼ਤਾਬਦੀ 4 ਘੰਟੇ, ਵੰਦੇ ਭਾਰਤ ਤੇ ਜੰਮੂ ਤਵੀ 3-3 ਘੰਟੇ, ਅੰਮ੍ਰਿਤਸਰ ਐਕਸਪ੍ਰੈੱਸ 5 ਘੰਟੇ ਤੇ ਪੱਛਮੀ ਐਕਸਪ੍ਰੈੱਸ 3 ਘੰਟੇ ਲੇਟ ਪਹੁੰਚੀ। ਇਸ ਕਾਰਨ ਇਨ੍ਹਾਂ ਰੇਲ ਗੱਡੀਆਂ ਨਾਲ ਸਬੰਧਤ ਯਾਤਰੀਆਂ ਨੂੰ ਘੰਟਿਆਂਬੱਧੀ ਪਲੇਟਫਾਰਮ ’ਤੇ ਉਡੀਕ ਕਰਨੀ ਪਈ ਤੇ ਗਰਮੀ ’ਚ ਯਾਤਰੀਆਂ ਦੀਆਂ ਮੁਸ਼ਕਲਾਂ ’ਚ ਭਾਰੀ ਵਾਧਾ ਹੋ ਗਿਆ। ਇਸੇ ਲੜੀ ਤਹਿਤ ਫ਼ਿਰੋਜ਼ਪੁਰ ਡਵੀਜ਼ਨ ਵਲੋਂ ਪੰਜਾਬ ਦੇ ਵੱਖ-ਵੱਖ ਰੂਟਾਂ ’ਤੇ ਰੇਲਾਂ ਨੂੰ ਲਗਾਤਾਰ ਰੱਦ ਕੀਤਾ ਜਾ ਰਿਹਾ ਹੈ। ਇਸ ਸਿਲਸਿਲੇ ’ਚ ਅੱਜ ਯਾਨੀ ਬੁੱਧਵਾਰ ਨੂੰ ਵੀ ਸ਼ਾਨ-ਏ-ਪੰਜਾਬ, ਟ੍ਰਾਈ ਸਿਟੀ ਐਕਸਪ੍ਰੈੱਸ ਵਰਗੀਆਂ ਟਰੇਨਾਂ ਰੱਦ ਰਹਿਣਗੀਆਂ। ਇਸ ਦੇ ਨਾਲ ਹੀ 100 ਤੋਂ ਵੱਧ ਟਰੇਨਾਂ ਹੋਰ ਰੂਟਾਂ ਰਾਹੀਂ ਦੇਰੀ ਨਾਲ ਪਹੁੰਚਣਗੀਆਂ। ਰੇਲ ਗੱਡੀਆਂ ਲੇਟ ਹੋਣ ਕਾਰਨ ਯਾਤਰੀਆਂ ਨੂੰ ਸਫ਼ਰ ਕਰਨ ਲਈ ਵਾਧੂ ਸਮਾਂ ਕੱਢਣਾ ਪੈ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News