ਅਦਾਲਤ ''ਚ ਨਾਬਾਲਗਾ ਨੂੰ ਬਾਲਗ ਦੱਸ ਕੇ ਕੀਤਾ ਵਿਆਹ, ਕਾਬੂ

Wednesday, Nov 01, 2017 - 06:19 AM (IST)

ਅਦਾਲਤ ''ਚ ਨਾਬਾਲਗਾ ਨੂੰ ਬਾਲਗ ਦੱਸ ਕੇ ਕੀਤਾ ਵਿਆਹ, ਕਾਬੂ

ਜਲੰਧਰ, (ਪ੍ਰੀਤ)- ਨਾਬਾਲਗ ਲੜਕੀ ਨੂੰ ਭਜਾ ਕੇ ਉਸ ਦੀ ਜਨਮ ਤਰੀਕ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਗਲਤ ਦੱਸ ਕੇ ਵਿਆਹ ਕਰਵਾਉਣ ਵਾਲੇ ਨੌਜਵਾਨ ਨੂੰ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੂੰ ਜੇਲ ਭੇਜ ਦਿੱਤਾ ਗਿਆ ਹੈ, ਜਦੋਂਕਿ ਲੜਕੀ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ ਹੈ।  
ਥਾਣਾ ਬਸਤੀ ਬਾਵਾ ਖੇਲ ਦੇ ਏ. ਐੱਸ. ਆਈ. ਰੇਸ਼ਮ ਸਿੰਘ ਨੇ ਦੱਸਿਆ ਕਿ ਬਸਤੀ ਪੀਰਦਾਦ ਇਲਾਕੇ ਵਿਚ ਪੱਖੇ ਰਿਪੇਅਰ ਦਾ ਕੰਮ ਕਰਨ ਵਾਲਾ ਨੌਜਵਾਨ ਕਰੀਬ ਇਕ ਮਹੀਨਾ ਪਹਿਲਾਂ ਪੰਨੂ ਵਿਹਾਰ ਦੀ ਨਾਬਾਲਗ ਲੜਕੀ ਨੂੰ ਭਜਾ ਕੇ ਲੈ ਗਿਆ। ਥਾਣਾ ਬਸਤੀ ਬਾਵਾ ਖੇਲ ਵਿਚ ਪੁਲਸ ਵਲੋਂ ਮੁਲਜ਼ਮ ਦੇ ਖਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। 
ਏ. ਐੱਸ. ਆਈ. ਰੇਸ਼ਮ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪੁਲਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਬਲਬੀਰ ਸਿੰਘ ਜਲੰਧਰ ਵਿਚ ਹੈ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਾਂਚ ਵਿਚ ਖੁਲਾਸਾ ਹੋਇਆ ਕਿ ਬਲਬੀਰ ਵਾਸੀ ਨਸੀਰਪੁਰ ਸੁਲਤਾਨਪੁਰ ਲੋਧੀ ਕਪੂਰਥਲਾ ਨਾਬਾਲਗ ਲੜਕੀ ਨੂੰ ਭਜਾ ਕੇ ਪਹਿਲਾਂ ਦਿੱਲੀ, ਵੈਸਟ ਬੰਗਾਲ, ਫਿਰ ਚੰਡੀਗੜ੍ਹ ਆ ਗਿਆ। ਚੰਡੀਗੜ੍ਹ ਵਿਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਨਾਬਾਲਗ ਲੜਕੀ ਦੀ ਗਲਤ ਜਨਮ ਤਰੀਕ ਦੱਸ ਕੇ ਵਿਆਹ ਕਰਵਾ ਲਿਆ। 
ਐੱਸ. ਆਈ. ਰੇਸ਼ਮ ਸਿੰਘ ਨੇ ਦੱਸਿਆ ਕਿ ਲੜਕੀ ਦੀ ਉਮਰ 18 ਸਾਲ ਤੋਂ ਘੱਟ ਹੈ। ਮੁਲਜ਼ਮ ਨੂੰ ਜੇਲ ਭੇਜ ਦਿੱਤਾ ਗਿਆ ਹੈ ਤੇ ਲੜਕੀ ਦੇ ਬਿਆਨ ਅਦਾਲਤ ਵਿਚ ਕਲਮਬੱਧ ਕਰਵਾਉਣ ਤੋਂ ਬਾਅਦ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ। 


Related News