ਮਹਿਲਾ ’ਤੇ ਤੇਜ਼ਾਬ ਸੁੱਟਣ ਦੇ ਮਾਮਲੇ 'ਚ ਨਾਮਜ਼ਦ ਮੁੰਡੇ ਨੇ ਕੀਤੀ ਖੁਦਕੁਸ਼ੀ, ਕੁੜੀ ਦੇ ਪਰਿਵਾਰ ’ਤੇ ਲਾਏ ਗੰਭੀਰ ਦੋਸ਼

Friday, Mar 31, 2023 - 03:50 PM (IST)

ਮਹਿਲਾ ’ਤੇ ਤੇਜ਼ਾਬ ਸੁੱਟਣ ਦੇ ਮਾਮਲੇ 'ਚ ਨਾਮਜ਼ਦ ਮੁੰਡੇ ਨੇ ਕੀਤੀ ਖੁਦਕੁਸ਼ੀ, ਕੁੜੀ ਦੇ ਪਰਿਵਾਰ ’ਤੇ ਲਾਏ ਗੰਭੀਰ ਦੋਸ਼

ਮਲੋਟ (ਜੁਨੇਜਾ, ਗੋਇਲ) : ਮੰਗਲਵਾਰ ਰਾਤ ਨੂੰ ਮਲੋਟ ਦੀ ਗੁਰੂ ਨਾਨਕ ਨਗਰੀ ਵਿਚ ਇਕ 30 ਸਾਲਾ ਤਲਾਕਸ਼ੁਦਾ ਮਹਿਲਾ ’ਤੇ ਤੇਜ਼ਾਬ ਸੁੱਟਣ ਦੇ ਮਾਮਲੇ ਵਿਚ ਨਾਮਜ਼ਦ ਨੌਜਵਾਨ ਨੇ ਬੀਤੇ ਦਿਨ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਲਾਸ਼ ਸ਼ਹਿਰ ਦੇ ਬਾਹਰ ਖੇਤਾਂ ਵਿਚ ਮਿਲੀ। ਬੇਸ਼ੱਕ ਮ੍ਰਿਤਕ ਮੁੰਡੇ ਦੇ ਪਰਿਵਾਰ ਵੱਲੋਂ ਇਸ ਮੌਤ ਨੂੰ ਖੁਦਕੁਸ਼ੀ ਨਾ ਦੱਸ ਕੇ ਸ਼ੱਕ ਖੜ੍ਹੇ ਕੀਤੇ ਜਾ ਰਹੇ ਹਨ ਪਰ ਮ੍ਰਿਤਕ ਵੱਲੋਂ ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਆਡੀਓ-ਵੀਡੀਓ ਜਾਰੀ ਕੀਤੀ ਗਈ, ਜਿਸ ਵਿਚ ਕੁੜੀ ਦੀ ਮਾਂ ਅਤੇ ਇਕ ਹੋਰ ਵਿਅਕਤੀ 'ਤੇ ਦੋਸ਼ ਲਾਏ ਹਨ, ਤੋਂ ਲੱਗਦਾ ਹੈ ਕਿ ਮ੍ਰਿਤਕ ਨੇ ਖੁਦਕੁਸ਼ੀ ਹੀ ਕੀਤੀ ਹੈ।

ਇਹ ਵੀ ਪੜ੍ਹੋ- ਚਾਵਾਂ ਨਾਲ ਵਿਆਹੀ ਧੀ ਦੀ ਲਾਸ਼ ਦੇਖ ਮਾਪਿਆਂ ਦਾ ਨਿਕਲਿਆ ਤ੍ਰਾਹ, ਸਹੁਰਾ ਪਰਿਵਾਰ ’ਤੇ ਲਗਾਏ ਵੱਡੇ ਦੋਸ਼

ਜ਼ਿਕਰਯੋਗ ਹੈ ਕਿ ਮਹਿਲਾ ਉਪਰ ਤੇਜ਼ਾਬ ਸੁੱਟਣ ਦੇ ਮਾਮਲੇ ’ਤੇ ਸਿਟੀ ਮਲੋਟ ਪੁਲਸ ਨੇ ਪੀੜਤ ਕੁੜੀ ਦੇ ਪਿਤਾ ਦੇ ਬਿਆਨਾਂ ’ਤੇ ਪ੍ਰਦੀਪ ਕੁਮਾਰ ਉਰਫ਼ ਸੰਨੀ ਪੁੱਤਰ ਪਰਮਜੀਤ ਵਿਰੁੱਧ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਸ ਵੱਲੋਂ ਬੀਤੇ ਦਿਨ ਲੋਕੇਸ਼ਨ ਦੇ ਅਧਾਰ ’ਤੇ ਹਰਿਆਣਾ ਵਿਚ ਵੀ ਛਾਪੇਮਾਰੀ ਕੀਤੀ ਸੀ, ਪਰ ਅਚਾਨਕ ਦੁਪਹਿਰ ਵੇਲੇ ਉਕਤ ਨੌਜਵਾਨ ਸੰਨੀ ਦੀ ਮਲੋਟ ਸ਼ਹਿਰ ਦੇ ਬਾਹਰਵਾਰ ਥਾਣਾ ਸਦਰ ਮਲੋਟ ਦੇ ਇਲਾਕੇ ਵਿਚ ਲਾਸ਼ ਮਿਲੀ, ਜਿਸ ਤੋਂ ਬਾਅਦ ਸਦਰ ਮਲੋਟ ਦੇ ਮੁੱਖ ਅਫ਼ਸਰ ਜਸਕਰਨਦੀਪ ਸਿੰਘ ਸਮੇਤ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ। 

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਕਰਮ ਸਿੰਘ ਨੇ ਕੀਤੀ ਖੁਦਕੁਸ਼ੀ

ਇਸ ਮੌਕੇ ਮ੍ਰਿਤਕ ਦੇ ਕਜਨ ਵਿਸ਼ਾਲ ਮੌਗਾਂ ਨੇ ਮੀਡੀਆ ਕੋਲ ਖੁਦਕੁਸ਼ੀ ਨਾ ਦੱਸ ਕੇ ਕਤਲ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ। ਉਧਰ ਮ੍ਰਿਤਕ ਵੱਲੋਂ ਸੋਸ਼ਲ ਮੀਡੀਆਂ ਉਪਰ ਜਾਰੀ 4-5 ਮਿੰਟ ਦੀ ਆਡੀਓ-ਵੀਡੀਓ ਰਾਹੀਂ ਪੂਰੀ ਕਹਾਣੀ ਦੱਸਦਿਆਂ ਸਾਰੇ ਵਰਤਾਰੇ ਲਈ ਦੋ ਜਣਿਆਂ ਨੂੰ ਦੋਸ਼ੀ ਦੱਸਿਆ ਹੈ। ਉਧਰ ਸਦਰ ਮਲੋਟ ਦੇ ਮੁੱਖ ਅਫ਼ਸਰ ਜਸਕਰਨਦੀਪ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਪ੍ਰਦੀਪ ਕੁਮਾਰ ਸੰਨੀ ਵਿਰੁੱਧ ਸਿਟੀ ਮਲੋਟ ਵਿਚ ਮਾਮਲਾ ਦਰਜ ਸੀ ਪਰ ਉਸ ਵੱਲੋਂ ਚੁੱਕੇ ਕਦਮ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾਵੇਗੀ । ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖ ਦਿੱਤਾ ਹੈ।

ਇਹ ਵੀ ਪੜ੍ਹੋ-  ਅੰਮ੍ਰਿਤਪਾਲ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ 348 ਨੌਜਵਾਨਾਂ ਨੂੰ ਕੀਤਾ ਰਿਹਾਅ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News