ਦੁਕਾਨ ''ਚ ਹੋਈ ਚੋਰੀ ਦੇ ਮਾਮਲੇ ''ਚ 3 ਵਿਅਕਤੀ ਸਾਮਾਨ ਸਣੇ ਕਾਬੂ
Wednesday, Feb 28, 2018 - 11:16 PM (IST)

ਬੰਗਾ, (ਚਮਨ ਲਾਲ/ਰਾਕੇਸ਼)- ਬੰਗਾ ਦੀ ਥਾਣਾ ਸਿਟੀ ਪੁਲਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਬੰਗਾ ਸ਼ਹਿਰ 'ਚ ਪਿਛਲੇ ਸਾਲ ਦੀਪ ਕੰਪਿਊਟਰ ਨਾਮੀ ਦੁਕਾਨ 'ਚ ਹੋਈ ਚੋਰੀ 'ਚ ਸ਼ਾਮਲ 3 ਵਿਅਕਤੀਆਂ ਨੂੰ ਚੋਰੀ ਦੇ ਸਾਮਾਨ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।
ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐੱਸ.ਐੱਚ.ਓ. ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਚੋਰਾਂ ਨੇ 14 ਦਸੰਬਰ, 2017 ਨੂੰ ਉਕਤ ਦੁਕਾਨ 'ਚ ਚੋਰੀ ਕੀਤੀ ਸੀ। ਚੋਰਾਂ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈਆਂ ਤੇ ਮਨਦੀਪ ਰਾਮ ਪੁੱਤਰ ਜੋਗਿੰਦਰ ਪਾਲ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਚੋਰੀ ਕਰਨ ਵਾਲਿਆਂ ਦੀ ਪਛਾਣ ਬਲਜੀਤ ਕੁਮਾਰ ਉਰਫ ਬੱਬੂ ਪੁੱਤਰ ਸੁਖਦੇਵ ਕੁਮਾਰ ਪਿੰਡ ਖਮਾਚੋਂ ਹਾਲ ਵਾਸੀ ਆਦਰਸ਼ ਨਗਰ ਨੇੜੇ ਮਾਤਾ ਚਿੰਤਪੁਰਨੀ ਮੰਦਰ ਬੰਗਾ, ਬਲਜਿੰਦਰ ਕੁਮਾਰ ਉਰਫ ਲਵੀ ਪੁੱਤਰ ਗਿਆਨ ਚੰਦ ਤੇ ਅਮਰਜੀਤ ਕੁਮਾਰ ਉਰਫ ਦੀਪਾ ਪੁੱਤਰ ਸੇਵਾ ਰਾਮ ਵਾਸੀ ਪਿੰਡ ਖਮਾਚੋਂ ਵਜੋਂ ਹੋਈ, ਜਿਨ੍ਹਾਂ ਨੂੰ ਪੁਲਸ ਨੇ ਅੱਜ ਗ੍ਰਿਫਤਾਰ ਕਰ ਲਿਆ। ਪੁਲਸ ਨੇ ਉਨ੍ਹਾਂ ਵੱਲੋਂ ਚੋਰੀ ਕੀਤਾ ਸਾਰਾ ਸਾਮਾਨ ਬਰਾਮਦ ਕਰ ਲਿਆ ਹੈ।