ਪੰਜਾਬ ਦਾ 22 ਦਿਨਾਂ ਦਾ ਬਜਟ ਸੈਸ਼ਨ, 13 ਦਿਨ ਛੁੱਟੀਆਂ, ਜਾਣੋ ਬਾਕੀ ਦਿਨਾਂ 'ਚ ਕੀ ਹੋਵੇਗਾ

Wednesday, Mar 01, 2023 - 06:53 PM (IST)

ਪੰਜਾਬ ਦਾ 22 ਦਿਨਾਂ ਦਾ ਬਜਟ ਸੈਸ਼ਨ, 13 ਦਿਨ ਛੁੱਟੀਆਂ, ਜਾਣੋ ਬਾਕੀ ਦਿਨਾਂ 'ਚ ਕੀ ਹੋਵੇਗਾ

ਜਲੰਧਰ (ਨਰਿੰਦਰ ਮੋਹਨ) : ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਜੋ 3 ਮਾਰਚ ਤੋਂ ਸ਼ੁਰੂ ਹੋ ਕੇ 24 ਮਾਰਚ ਤੱਕ ਚੱਲੇਗਾ, 22 ਦਿਨਾਂ ਦਾ ਹੈ ਪਰ ਅਸਲ ਵਿੱਚ ਇਹ ਸਿਰਫ਼ 8 ਦਿਨ ਹੀ ਚੱਲੇਗਾ। ਸੈਸ਼ਨ ਵਿੱਚ 13 ਦਿਨਾਂ ਲਈ ਛੁੱਟੀਆਂ ਜਾਂ ਹਾਫ਼ ਡੇ ਰਹੇਗਾ। ਉੱਥੇ ਹੀ 10 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸਿਡਨੀ 'ਚ ਆਸਟ੍ਰੇਲੀਆਈ ਪੁਲਸ ਵੱਲੋਂ ਕੀਤੀ ਫਾਇਰਿੰਗ 'ਚ ਭਾਰਤੀ ਨਾਗਰਿਕ ਦੀ ਮੌਤ

ਅੱਜ ਪੰਜਾਬ ਦੇ ਰਾਜਪਾਲ ਨੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਲਈ ਰਸਮੀ ਤੌਰ 'ਤੇ ਸੱਦਾ ਪੱਤਰ ਦਿੱਤਾ। ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ। ਪ੍ਰਸਤਾਵਿਤ ਪ੍ਰੋਗਰਾਮ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਸਵੇਰੇ 10 ਵਜੇ ਰਾਜਪਾਲ ਦਾ ਭਾਸ਼ਣ ਹੋਵੇਗਾ। ਇਸ ਤੋਂ ਬਾਅਦ ਉਸੇ ਦਿਨ ਬਾਅਦ ਦੁਪਹਿਰ 2 ਵਜੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। 4 ਅਤੇ 5 ਮਾਰਚ ਨੂੰ ਛੁੱਟੀ ਹੋਵੇਗੀ। ਸੋਮਵਾਰ 6 ਮਾਰਚ ਨੂੰ ਰਾਜਪਾਲ ਦੇ ਭਾਸ਼ਣ 'ਤੇ ਧੰਨਵਾਦ ਮਤਾ ਪੇਸ਼ ਕੀਤਾ ਜਾਵੇਗਾ। 'ਕੈਗ' ਦੀ ਰਿਪੋਰਟ 7 ਮਾਰਚ ਨੂੰ ਜਾਰੀ ਕੀਤੀ ਜਾਵੇਗੀ, ਜੋ ਕਿ ਸਾਲ 2021-22 ਲਈ ਹੋਵੇਗੀ। ਪੂਰਕ ਮੰਗ ਅਤੇ ਬਿੱਲ ਉਸੇ ਦਿਨ ਪੇਸ਼ ਕੀਤੇ ਜਾਣਗੇ। ਬੁੱਧਵਾਰ 8 ਮਾਰਚ ਨੂੰ ਛੁੱਟੀ ਹੋਵੇਗੀ। 9 ਮਾਰਚ ਨੂੰ ਗੈਰ-ਸਰਕਾਰੀ ਕੰਮ ਹੋਵੇਗਾ। ਪੰਜਾਬ ਦਾ ਸਾਲ 2023-24 ਦਾ ਬਜਟ ਸ਼ੁੱਕਰਵਾਰ 10 ਮਾਰਚ ਨੂੰ ਸਵੇਰੇ 10 ਵਜੇ ਪੇਸ਼ ਕੀਤਾ ਜਾਵੇਗਾ। 10 ਮਾਰਚ ਨੂੰ ਹੀ ਦੁਪਹਿਰ 2 ਵਜੇ ਬਜਟ ਅਨੁਮਾਨਾਂ 'ਤੇ ਆਮ ਬਹਿਸ ਸ਼ੁਰੂ ਹੋਵੇਗੀ। ਬਜਟ ਅਨੁਮਾਨਾਂ 'ਤੇ ਬਹਿਸ ਸ਼ਨੀਵਾਰ 11 ਮਾਰਚ ਨੂੰ ਜਾਰੀ ਰਹੇਗੀ ਅਤੇ ਇਸੇ ਦਿਨ 11 ਮਾਰਚ ਨੂੰ ਬਜਟ ਪ੍ਰਸਤਾਵਾਂ 'ਤੇ ਬਹਿਸ ਅਤੇ ਵੋਟਿੰਗ ਹੋਵੇਗੀ।

ਇਹ ਵੀ ਪੜ੍ਹੋ : ਕਰਤਾਰਪੁਰ ਕੋਰੀਡੋਰ 'ਚ ਨੌਕਰੀ ਕਰਨ ਵਾਲੇ ਘਰ ਦੇ ਕਮਾਊ ਪੁੱਤ ਨੇ ਕੀਤੀ ਖ਼ੁਦਕੁਸ਼ੀ, ਮਾਂ ਦਾ ਰੋ-ਰੋ ਬੁਰਾ ਹਾਲ

12 ਮਾਰਚ ਐਤਵਾਰ ਨੂੰ ਛੁੱਟੀ ਹੋਵੇਗੀ। ਇਸ ਤੋਂ ਬਾਅਦ 13 ਤੋਂ 17 ਮਾਰਚ ਤੱਕ ਵਿਧਾਨ ਸਭਾ 'ਚ ਕੋਈ ਕੰਮਕਾਜ ਨਹੀਂ ਹੋਵੇਗਾ, ਯਾਨੀ 'ਆਫ਼ ਡੇ' ਰਹੇਗਾ। 18 ਅਤੇ 19 ਮਾਰਚ ਨੂੰ ਛੁੱਟੀ ਰਹੇਗੀ। 20 ਤੇ 21 ਮਾਰਚ ਨੂੰ ਵੀ ਵਿਧਾਨ ਸਭਾ ਵਿੱਚ ਕੋਈ ਕੰਮਕਾਜ ਨਹੀਂ ਹੋਵੇਗਾ। 22 ਮਾਰਚ ਨੂੰ ਗੈਰ-ਸਰਕਾਰੀ ਕੰਮ ਹੋਣਗੇ। 23 ਮਾਰਚ ਨੂੰ ਫਿਰ ਛੁੱਟੀ ਹੋਵੇਗੀ ਅਤੇ 24 ਮਾਰਚ ਨੂੰ ਬਜਟ ਸੈਸ਼ਨ ਦੇ ਆਖਰੀ ਦਿਨ ਵਿਧਾਨ ਸਭਾ ਦਾ ਕੰਮਕਾਜ ਹੋਵੇਗਾ ਅਤੇ ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਜਾਵੇਗਾ। ਕੁਝ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਆਡੀਟੋਰੀਅਮ ਵਿੱਚ ਵਿਧਾਇਕਾਂ ਦੀ ਸਿਖਲਾਈ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੈਸ਼ਨ ਨੂੰ ਅੱਗੇ ਵਧਾਉਣ ਦੀ ਮੰਗ ਕੀਤੀ ਸੀ। ਇਸ ਦੇ ਜਵਾਬ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਜੇਕਰ ਵਿਰੋਧੀ ਧਿਰ ਸਦਨ ਤੋਂ ਬਾਹਰ ਨਾ ਜਾਵੇ ਤਾਂ ਸਮਾਂ ਵਧਾਉਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ਵਾਰ ਕਾਨੂੰਨ ਵਿਵਸਥਾ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਤੇ ਸਦਨ 'ਚ ਹੰਗਾਮਾ ਹੋਣ ਦੀ ਸੰਭਾਵਨਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News