8 ਮਹੀਨੇ ਦਾ ਬੱਚਾ ਖੋਹ ਕੇ ਸਹੁਰੇ ਪਰਿਵਾਰ ਨੇ ਅੱਧੀ ਰਾਤ ਘਰੋਂ ਕੱਢੀ ਵਿਆਹੁਤਾ, ਇੰਝ ਮਿਲਿਆ ਇਨਸਾਫ਼ (ਵੀਡੀਓ)

Friday, Jun 11, 2021 - 11:24 AM (IST)

ਅੰਮ੍ਰਿਤਸਰ (ਕਮਲ) - ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸ਼੍ਰੀਮਤੀ ਮਨੀਸ਼ਾ ਗੁਲਾਟੀ ਦੀਆਂ ਕੋਸ਼ਿਸ਼ਾਂ ਨਾਲ ਅੰਮ੍ਰਿਤਸਰ ਸ਼ਹਿਰ ਵਿੱਚ ਰਹਿੰਦੇ ਸੁਹਰੇ ਪਰਿਵਾਰ ਵੱਲੋਂ ਦੇਰ ਰਾਤ ਘਰੋਂ ਕੱਢੀ ਇਕ ਜਨਾਨੀ ਨੂੰ ਪੁਲਸ ਕਮਿਸ਼ਨਰ ਅੰਮ੍ਰਿਤਸਰ ਨੇ ਕੁਝ ਘੰਟਿਆਂ ਵਿੱਚ ਇਨਸਾਫ ਦਿਵਾ ਦਿੱਤਾ। ਮਹਿਲਾ ਕਮਿਸ਼ਨ ਨੇ ਜਿਥੇ ਇਕ ਪਾਸੇ ਸੁਹਰੇ ਪਰਿਵਾਰ ਕੋਲੋਂ ਪੀੜਤ ਵਿਆਹੁਤਾ ਦਾ 8 ਮਹੀਨੇ ਦਾ ਬੱਚਾ ਵਾਪਸ ਲੈ ਕੇ ਦਿੱਤਾ, ਉੱਥੇ ਪੁਲਸ ਕੇਸ ਦਰਜ ਕਰਕੇ ਮਾਮਲਾ ਇਨਸਾਫ ਲਈ ਅਦਾਲਤ ਵਿੱਚ ਪੇਸ਼ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਪਤਨੀ ਤੇ ਮਤਰੇਈ ਮਾਂ ਤੋਂ ਤੰਗ ਵਿਅਕਤੀ ਨੇ ਆਪਣੀਆਂ 2 ਧੀਆਂ ਨੂੰ ਦਿੱਤੀ ਦਰਦਨਾਕ ਮੌਤ, ਫਿਰ ਖੁਦ ਵੀ ਕੀਤੀ ਖੁਦਕੁਸ਼ੀ

ਉਕਤ ਕਾਰਵਾਈ ਲਈ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਨ ਅੰਮ੍ਰਿਤਸਰ ਆਏ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਗੁਲਾਟੀ ਨੇ ਦੱਸਿਆ ਕਿ ਬੀਤੇ ਦਿਨ ਮੈਨੂੰ ਰਾਤ 11 ਵਜੇ ਇਕ ਜਨਾਨੀ ਨੇ ਰੋਂਦੇ ਹੋਏ ਦੱਸਿਆ ਕਿ ਮੈਂ ਥਾਣਾ ਅੰਮ੍ਰਿਤਸਰ ਕੈਂਟ ਦੇ ਬਾਹਰ ਖੜ੍ਹੀ ਹਾਂ। ਸੁਹਰੇ ਪਰਿਵਾਰ ਨੇ ਮੈਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਹੈ ਅਤੇ ਮੇਰਾ ਬੱਚਾ ਵੀ ਖੋਹ ਲਿਆ ਹੈ। ਕਮਿਸ਼ਨਰ ਸ਼੍ਰੀਮਤੀ ਗੁਲਾਟੀ ਨੇ ਤੁਰੰਤ ਇਹ ਮਾਮਲਾ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਦੇ ਧਿਆਨ ਵਿੱਚ ਲਿਆਂਦਾ, ਜਿਨਾਂ ਨੇ ਏ. ਸੀ. ਪੀ. ਕੰਵਲਪ੍ਰੀਤ ਕੌਰ ਨੂੰ ਮੌਕੇ ’ਤੇ ਭੇਜ ਕੇ ਸੁਹਰੇ ਪਰਿਵਾਰ ਨਾਲ ਗੱਲ ਕਰਨ ਲਈ ਕਿਹਾ।

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼

ਡਿਪਟੀ ਕਮਿਸ਼ਨਰ ਨੇ ਵੀ ਐੱਸ. ਡੀ. ਐੱਮ. ਦੀ ਡਿਊਟੀ ਇਸ ਨੇਕ ਕੰਮ ਵਿੱਚ ਲਗਾ ਦਿੱਤੀ। ਉਕਤ ਜਨਾਨੀ, ਜਿਸ ਦਾ ਪਤੀ ਪੇਸ਼ੇ ਵਜੋਂ ਵਕੀਲ ਹੈ, ਨੇ ਜਿੱਥੇ ਆਪਣੀ ਪਤਨੀ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ, ਉਥੇ ਉਸ ਨੇ ਪੁਲਸ ਤੇ ਕਮਿਸ਼ਨ ਬਾਰੇ ਵੀ ਬੁਰਾ-ਭਲਾ ਕਿਹਾ। ਪੁਲਸ ਨੇ ਰਾਤ ਨੂੰ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਕੇ ਸਵੇਰੇ ਤੜਕੇ ਉਕਤ ਪਰਿਵਾਰ ਨੂੰ ਗ੍ਰਿਫ਼ਤਾਰ ਕਰਨ ਲਈ ਛਾਪਾ ਮਾਰਿਆ ਪਰ ਸਾਰੇ ਬੱਚੇ ਸਮੇਤ ਘਰੋਂ ਭੱਜ ਗਏ। ਪੁਲਸ ਨੇ ਉਕਤ ਪਰਿਵਾਰ ਦੀ ਭਾਲ ਕਰਕੇ ਉਨ੍ਹਾਂ ਤੋਂ ਬੱਚਾ ਲੈ ਕੇ ਮਾਂ ਦੇ ਹਵਾਲੇ ਕਰ ਦਿੱਤਾ। ਦੂਜੇ ਪਾਸੇ ਅਦਾਲਤ ਵੱਲੋਂ ਵੀ ਉਕਤ ਪਤੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਇਸ ਵੇਲੇ ਉਹ ਹਵਾਲਾਤ ਵਿੱਚ ਹੈ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੇ ਇਸ ਜ਼ਿਲ੍ਹੇ ’ਚ 1927 ਤੋਂ ਬਣ ਰਹੀ 'ਸਪੈਸ਼ਲ ਲੱਸੀ', ਪੀਣ ਲਈ ਆਉਂਦੀਆਂ ਨੇ ਦੂਰ ਤੋਂ ਵੱਡੀਆਂ ਹਸਤੀਆਂ (ਵੀਡੀਓ) 

ਗੁਲਾਟੀ ਨੇ ਕੁਝ ਘੰਟਿਆਂ ਵਿੱਚ ਕੀਤੀ ਕਾਰਵਾਈ ਲਈ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦੇ ਕਿਹਾ ਕਿ ਸਮੇਂ ਸਿਰ ਐਕਸ਼ਨ ਕਰ ਕੇ ਪੁਲਸ ਨੇ ਪੀੜਤ ਮਹਿਲਾ ਨੂੰ ਜੋ ਨਿਆਂ ਦਿਵਾਇਆ ਹੈ, ਉਹ ਮਿਸਾਲੀ ਕਾਰਵਾਈ ਹੈ, ਜਿਸ ਦੀ ਜਿੰਨੀ ਤਾਰੀਫ਼ ਕੀਤੀ ਜਾਵੇ, ਉਹ ਥੋੜੀ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਪੀੜਤ ਜਨਾਨੀ ਲਈ ਆਸ ਹੈ ਅਤੇ ਇਸ ਆਸ ਨੂੰ ਤਾਂ ਹੀ ਬੂਰ ਪੈ ਸਕਦਾ ਹੈ, ਜੇਕਰ ਪੁਲਸ ਇਸੇ ਤਰ੍ਹਾਂ ਤੁਰੰਤ ਕਾਰਵਾਈ ਅਮਲ ਵਿੱਚ ਲਿਆਵੇ। ਇਸ ਮੌਕੇ ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਅਤੇ ਹੋਰ ਅਧਿਕਾਰੀ ਮੌਕੇ ’ਤੇ ਹਾਜ਼ਰ ਸਨ। ਕਮਿਸ਼ਨ ਨੇ 5 ਜ਼ਿਲ੍ਹਿਆਂ ਦੀਆਂ ਸ਼ਿਕਾਇਤਾਂ ਪੁਲਸ ਅਧਿਕਾਰੀਆਂ ਕੋਲੋਂ ਸੁਣੀਆਂ ਅਤੇ ਉਨ੍ਹਾਂ ਦੀਆਂ ਐਕਸ਼ਨ ਰਿਪੋਰਟਾਂ ਵੀ ਲਈਆਂ।

ਪੜ੍ਹੋ ਇਹ ਵੀ ਖ਼ਬਰ - ਸੱਚਖੰਡ ਸ੍ਰੀ ਦਰਬਾਰ ਸਾਹਿਬ ਸੇਵਾ ਕਰਨ ਆਏ ਨੌਜਵਾਨ ਦੀ ਹੋਟਲ ਦੇ ਕਮਰੇ ’ਚੋਂ ਮਿਲੀ ਲਾਸ਼ (ਵੀਡੀਓ)


author

rajwinder kaur

Content Editor

Related News