ਜਲੰਧਰ ਵਿਖੇ ਗ੍ਰੰਥੀ ਸਿੰਘ ਦੀ ਮੁਸਤੈਦੀ ਨਾਲ ਟਲਿਆ ਬੇਅਦਬੀ ਕਾਂਡ, ਸ਼ਰਾਰਤੀ ਅਨਸਰ ਨੂੰ ਇੰਝ ਕੀਤਾ ਕਾਬੂ

Sunday, Feb 26, 2023 - 12:27 PM (IST)

ਜਲੰਧਰ ਵਿਖੇ ਗ੍ਰੰਥੀ ਸਿੰਘ ਦੀ ਮੁਸਤੈਦੀ ਨਾਲ ਟਲਿਆ ਬੇਅਦਬੀ ਕਾਂਡ, ਸ਼ਰਾਰਤੀ ਅਨਸਰ ਨੂੰ ਇੰਝ ਕੀਤਾ ਕਾਬੂ

ਜਲੰਧਰ (ਪਰੂਥੀ, ਅਰੋੜਾ)-ਸ਼ਰਾਰਤੀ ਅਨਸਰਾਂ ਵੱਲੋਂ ਪੰਜਾਬ ਦੀ ਠੰਡ ਨੂੰ ਅੱਗ ਵਿਚ ਬਦਲਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਅਜਿਹਾ ਹੀ ਇਕ ਯਤਨ ਜਲੰਧਰ ਵਿਖੇ ਗ੍ਰੰਥੀ ਸਿੰਘ ਦੀ ਮੁਸਤੈਦੀ ਨਾਲ ਉਸ ਸਮੇਂ ਟਲ ਗਿਆ, ਜਦੋਂ ਬੇਅਦਬੀ ਦਾ ਯਤਨ ਕਰਨ ਆਏ ਸ਼ਰਾਰਤੀ ਅਨਸਰ ਨੂੰ ਗ੍ਰੰਥੀ ਸਿੰਘ ਨੇ ਕਾਬੂ ਕਰਕੇ ਸੰਗਤਾਂ ਦੀ ਮਦਦ ਨਾਲ ਪੁਲਸ ਦੇ ਹਵਾਲੇ ਕਰ ਦਿੱਤਾ। ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਨੰਦਨਪੁਰ ਨਜ਼ਦੀਕ ਮਕਸੂਦਾਂ ਵਿਖੇ ਸ਼ਨੀਵਾਰ ਸਵੇਰੇ ਲਗਭਗ 5.10 ਵਜੇ ਭਾਈ ਕਿਹਰ ਸਿੰਘ ਗ੍ਰੰਥੀ ਸਿੰਘ ਪ੍ਰਕਾਸ਼ ਦੀ ਸੇਵਾ ਕਰਨ ਉਪਰੰਤ ਗੁਰੂ ਸਾਹਿਬ ਦੀ ਹਜ਼ੂਰੀ ਪਾਠ ਕਰ ਰਹੇ ਸਨ ਤਾਂ ਅਚਾਨਕ ਉਨ੍ਹਾਂ ਵੇਖਿਆ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ’ਤੇ ਇਕ ਅਰਧਨਗਨ ਵਿਅਕਤੀ ਸੰਗਤਾਂ ਦੇ ਪੈਰ ਧੋਣ ਵਾਲੇ ਖੁਰੇ ਨੂੰ ਟੱਪ ਕੇ ਮੂੰਹ ਵਿਚ ਬੀੜੀ ਪਾਈ ਬੇਅਦਬੀ ਦੇ ਇਰਾਦੇ ਨਾਲ ਦਰਬਾਰ ਹਾਲ ਵੱਲ ਵਧ ਰਿਹਾ ਸੀ। ਗ੍ਰੰਥੀ ਨੇ ਤੁਰੰਤ ਪਾਠ ਰੋਕ ਕੇ ਗੁਰੂ ਚਰਨਾਂ ਵਿਚ ਮੁਆਫ਼ੀ ਦੀ ਸੂਖਮ ਬੇਨਤੀ ਕਰਕੇ ਦਰਬਾਰ ਹਾਲ ਦੇ ਬਾਹਰ ਹੀ ਸ਼ਰਾਰਤੀ ਨੂੰ ਕਾਬੂ ਕਰ ਲਿਆ। ਹਾਲਾਂਕਿ ਮੁਲਜ਼ਮ ਨੇ ਜ਼ੋਰ-ਜ਼ਬਰਦਸਤੀ ਕਰਨ ਦਾ ਯਤਨ ਵੀ ਕੀਤਾ ਪਰ ਗ੍ਰੰਥੀ ਸਿੰਘ ਨੇ ਉਸ ਦੀ ਕੋਈ ਪੇਸ਼ ਨਾ ਜਾਣ ਦਿੱਤੀ ਅਤੇ ਮੌਕੇ ’ਤੇ ਮੌਜੂਦ ਸੰਗਤ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ : CM ਮਾਨ ਨੇ ਜਲੰਧਰ ਨਿਗਮ ’ਚ ਹੋਏ ਕਰੋੜਾਂ ਰੁਪਏ ਦੇ ਟਿਊਬਵੈੱਲ ਮੇਨਟੀਨੈਂਸ ਘਪਲੇ ਦੀ ਜਾਂਚ ਦੇ ਦਿੱਤੇ ਹੁਕਮ

ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਦੀਆਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਈਆਂ। ਦਿਨ ਚੜ੍ਹਦਿਆਂ ਹੀ ਪ੍ਰਬੰਧਕ ਕਮੇਟੀ ਨੇ ਮੁਲਜ਼ਮ ਨੂੰ ਥਾਣਾ ਮਕਸੂਦਾਂ ਦੀ ਪੁਲਸ ਦੇ ਹਵਾਲੇ ਕਰ ਦਿੱਤਾ। ਮਾਮਲੇ ਦੀ ਭਿਣਕ ਮਿਲਦਿਆਂ ਹੀ ਸਿੱਖ ਤਾਲਮੇਲ ਕਮੇਟੀ ਦੇ ਕਾਰਕੁੰਨ ਮਕਸੂਦਾਂ ਥਾਣੇ ਪਹੁੰਚ ਗਏ, ਜਿੱਥੇ ਕਾਗਜ਼ੀ ਕਾਰਵਾਈ ਮੁਕੰਮਲ ਕਰਨ ਉਪਰੰਤ ਬਾਅਦ ਦੁਪਹਿਰ ਮੁਲਜ਼ਮ ਵਿਰੁੱਧ ਐੱਫ. ਆਈ. ਆਰ. ਨੰਬਰ 25, ਮਿਤੀ 25/02/2023, ਜ਼ੇਰੇ ਧਾਰਾ 295-ਏ ਦਰਜ ਕਰਕੇ ਗ੍ਰਿਫ਼ਤਾਰੀ ਪਾ ਦਿੱਤੀ। ਥਾਣੇ ’ਚ ਕਾਰਵਾਈ ਦੌਰਾਨ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਗੁਰਜੀਤ ਸਿੰਘ ਸਤਨਾਮੀਆ, ਗੁਰਵਿੰਦਰ ਸਿੰਘ, ਹਰਪਾਲ ਸਿੰਘ ਪਾਲੀ ਅਤੇ ਲਖਬੀਰ ਸਿੰਘ ਲੱਖੀ ਤੋਂ ਇਲਾਵਾ ਰਾਜਦੀਪ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਗੁਰਮੇਲ ਸਿੰਘ, ਜੋਗਿੰਦਰ ਸਿੰਘ, ਰਣਜੀਤ ਸਿੰਘ, ਇੰਦਰਜੀਤ ਸਿੰਘ ਨਾਗਰਾ, ਚਰਨਜੀਤ ਸਿੰਘ, ਨਰਿੰਦਰਪਾਲ ਸਿੰਘ, ਲਖਵਿੰਦਰ ਸਿੰਘ ਆਦਿ ਮੌਜੂਦ ਸਨ।

ਪ੍ਰਦੇਸੀ ਅਤੇ ਨੀਟੂ ਨੇ ਸ਼ਹਿਰ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕੀਤੀ ਕਿ ਗੁਰਅਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਹੁਦੇਦਾਰ ਆਪਣੀ ਸਵੇਰੇ-ਸ਼ਾਮ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਕੈਮਰਿਆਂ ਅਤੇ ਹੋਰ ਸਾਧਨਾਂ ਨੂੰ ਦਰੁਸਤ ਅਤੇ ਚਾਲੂ ਹਾਲਤ ਵਿਚ ਰੱਖਣ। ਉਨ੍ਹਾਂ ਸਰਕਾਰ ਨੂੰ ਸੁਝਾਅ ਦਿੱਤਾ ਕਿ ਦਿਨ-ਬ-ਦਿਨ ਵਧ ਰਹੇ ਬੇਅਦਬੀ ਦੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਕਾਨੂੰਨੀ ਸੋਧ ਰਾਹੀਂ ਸਖ਼ਤ ਤੋਂ ਸਖ਼ਤ ਸਜ਼ਾ ਦੀ ਵਿਵਸਥਾ ਕਰੇ। ਸ਼ਾਮ ਨੂੰ ਇਕ ਬਿਆਨ ਜਾਰੀ ਕਰਦਿਆਂ ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਸਿੱਖ ਕੌਮ ਦੇ ਸ਼ਾਂਤ ਸੁਭਾਅ ਅਤੇ ਸਬਰ ਦਾ ਇਮਤਿਹਾਨ ਲੈਣ ਦੀ ਨੀਤੀ ਛੱਡ ਕੇ ਅਜਿਹੇ ਮਾਮਲਿਆਂ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਏਜੰਡੇ ’ਤੇ ਕੰਮ ਕਰੇ। ਥਾਣਾ ਮੁਖੀ ਮਨਜੀਤ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਅਗਲੇਰੀ ਕਾਰਵਾਈ ਲਈ ਮੁਲਜ਼ਮ ਨੂੰ 26 ਫਰਵਰੀ ਨੂੰ ਡਿਊਟੀ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਖੇਡਦੇ ਸਮੇਂ ਮਾਲ ਗੱਡੀ 'ਤੇ ਡਿੱਗੀ ਗੁੱਲੀ, ਲਾਹੁਣ ਚੜ੍ਹੇ 13 ਸਾਲਾ ਬੱਚੇ ਨਾਲ ਵਾਪਰੀ ਕਦੇ ਨਾ ਭੁੱਲਣ ਵਾਲੀ ਅਣਹੋਣੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News