ਭਾਰਤ ‘ਚ ਹਰ ਸਾਲ ਸ਼ੂਗਰ ਨਾਲ ਕਰੀਬ 10 ਲੱਖ ਲੋਕਾਂ ਦੀ ਹੋ ਰਹੀ ਮੌਤ, ਨੌਜਵਾਨਾਂ ਲਈ ਖ਼ਤਰੇ ਦੀ ਘੰਟੀ

Monday, Jul 03, 2023 - 06:19 PM (IST)

ਭਾਰਤ ‘ਚ ਹਰ ਸਾਲ ਸ਼ੂਗਰ ਨਾਲ ਕਰੀਬ 10 ਲੱਖ ਲੋਕਾਂ ਦੀ ਹੋ ਰਹੀ ਮੌਤ, ਨੌਜਵਾਨਾਂ ਲਈ ਖ਼ਤਰੇ ਦੀ ਘੰਟੀ

ਸੁਲਤਾਨਪੁਰ ਲੋਧੀ (ਧੀਰ)-ਇਸ ਵੇਲੇ ਸ਼ੂਗਰ ਦੀ ਬੀਮਾਰੀ ਵੱਡੀ ਪੱਧਰ 'ਤੇ ਆਪਣੇ ਪੈਰ ਪਸਾਰ ਰਹੀ ਹੈ ਅਤੇ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ’ਚ ਦਿਨ-ਦਿਨ ਲਗਾਤਾਰ ਹੋ ਰਿਹਾ ਭਾਰੀ ਵਾਧਾ ਜਿੱਥੇ ਮਨੁੱਖੀ ਸਿਹਤ ਲਈ ਖ਼ਤਰਾ ਬਣਦਾ ਜਾ ਰਿਹਾ ਹੈ, ਉਥੇ ਹੀ ਆਏ ਦਿਨ ਸ਼ੂਗਰ ਦੇ ਮਰੀਜ਼ਾਂ ਦੀਆਂ ਹੋਰ ਰਹੀਆਂ ਮੌਤਾਂ ਅਤਿ ਗੰਭੀਰ ਚਿੰਤਾ ਵਾਲਾ ਮਾਮਲਾ ਹੈ। ਇਕ ਰਿਪੋਰਟ ਮੁਤਾਬਕ ਸਾਲ 2030 ਤੱਕ ਦੇਸ਼ ’ਚ ਹੋਣ ਵਾਲੀਆਂ ਮੌਤਾਂ ਦਾ ਨਵਾਂ ਸਭ ਤੋਂ ਪ੍ਰਮੁੱਖ ਕਾਰਨ ਸ਼ੂਗਰ ਹੋਵੇਗਾ ਕਿਉਂਕਿ ਹਾਲਾਤ ਬਹੁਤ ਚਿੰਤਾਜਨਕ ਹਨ। ਦੇਸ਼ ਭਰ ਚ ਸ਼ੂਗਰ ਨਾਲ ਸਾਲਾਨਾ 10 ਲੱਖ ਤੋਂ ਜਿਆਦਾ ਮਰੀਜ਼ਾਂ ਦੀ ਮੌਤ ਹੁੰਦੀ ਦੱਸੀ ਜਾਂਦੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਹੋਰ ਦੇਸ਼ਾ ’ਚ ਸਾਰੇ ਸ਼ੂਗਰ ਪੀੜਤ ਲੋਕ 60 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਹਨ, ਜਦਕਿ ਭਾਰਤ ’ਚ 40 ਤੋਂ 59 ਸਾਲ ਦੇ ਲੋਕ ਇਸ ਬੀਮਾਰੀ ਦੀ ਲਪੇਟ ਚ ਸਭ ਤੋਂ ਵੱਧ ਹਨ। ਮੌਜੂਦਾ ਸਮੇਂ ਤੇਜੀ ਨਾਲ ਵੱਧ ਰਹੀ ਸ਼ੂਗਰ ਦੀ ਬੀਮਾਰੀ ਨੌਜਵਾਨਾਂ ਨੂੰ ਵੀ ਆਪਣੀ ਲਪੇਟ ‘ਚ ਲੈ ਰਹੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੀ ਇਕ ਰਿਪੋਰਟ ਅਨੁਸਾਰ ਭਾਰਤ ’ਚ 20 ਤੋਂ 70 ਸਾਲ ਦੀ ਉਮਰ ਦੇ ਲਗਭਗ 8.7 ਫ਼ੀਸਦੀ ਲੋਕ ਸ਼ੂਗਰ ਤੋਂ ਪੀੜਤ ਹਨ।

ਇਹ ਵੀ ਪੜ੍ਹੋ-ਗਰਮੀ ਨੇ ਕਢਾਏ ਵੱਟ, ਬਣੇ ਕਰਫ਼ਿਊ ਵਰਗੇ ਹਾਲਾਤ, ਮੌਸਮ ਨੂੰ ਲੈ ਕੇ ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਕੋਰੋਨਾ ਲਹਿਰ ਤੋਂ ਬਾਅਦ ਸ਼ੂਗਰ ਦਾ ਇਕ ਨਵਾਂ ਵਰਜਨ ਆਇਆ ਸਾਹਮਣੇ
ਕੋਰੋਨਾ ਲਹਿਰ ਕਾਰਨ ਜਿਥੇ ਸਾਡੇ ਦੇਸ਼ ਵਾਸੀਆਂ ਨੇ ਬਹੁਤ ਕੁਝ ਖੋਹਿਆ ਹੈ, ਉਥੇ ਇਸ ਕਾਰਨ ਨਵੀਆਂ-ਨਵੀਆਂ ਬੀਮਾਰੀਆਂ ਵੀ ਸਾਹਮਣੇ ਆ ਰਹੀਆਂ ਹਨ। ਡਾਇਬਿਟੀਜ ਭਾਵ ਸ਼ੂਗਰ ਦਾ ਇਕ ਨਵਾਂ ਵਰਜਨ ਸਾਹਮਣੇ ਆਇਆ ਹੈ, ਜਿਸ ਦੀ ਲਪੇਟ ਚ ਕੋਵਿਡ ਦਾ ਸ਼ਿਕਾਰ ਹੋ ਚੁੱਕੇ ਲੋਕ ਸ਼ਾਮਲ ਹਨ।ਕੋਰੋਨਾ ਕਾਲ ਤੋਂ ਬਾਅਦ ਪੀ. ਜੀ. ਆਈ. ‘ਚ ਵੀ ਸ਼ੂਗਰ ਦੇ ਨਵੇਂ ਕਿਸਮ ਦੇ ਮਰੀਜ ਲਗਾਤਾਰ ਪਹੁੰਚ ਰਹੇ ਦੱਸੇ ਜਾਂਦੇ ਹਨ, ਜੋਕਿ ਡਾਕਟਰਾਂ ਲਈ ਵੀ ਚਿੰਤਾ ਦਾ ਵਿਸ਼ਾ ਬਣ ਗਏ ਹਨ। ਹਾਲਾਂਕਿ ਪੀ. ਜੀ. ਆਈ. ਵਿਚ ਸ਼ੂਗਰ ਦੇ ਇਸ ਨਵੇਂ ਰੂਪ ਦੇ ਕਾਰਨਾਂ ਸਬੰਧੀ ਰਿਸਰਚ ਚੱਲ ਰਹੀ ਹੈ, ਜਿਸਦੇ ਨਤੀਜੇ ਆਉਣੇ ਤਾਂ ਭਾਵੇਂ ਬਾਕੀ ਹਨ ਪਰ ਪੀ. ਜੀ. ਆਈ. ’ਚ ਇਸ ਟਾਈਪ-2 ਸ਼ੂਗਰ ਦੇ ਮਰੀਜ਼ਾਂ ਵਿਚ ਕਥਿਤ ਪ੍ਰਯੋਗ ਕੀਤੀ ਜਾ ਰਹੀ ਸੇਮਾਗਲੂਟਾਈਡ ਨਾਂ ਦੀ ਦਵਾਈ ਵਰਦਾਨ ਸਾਬਤ ਹੋ ਰਹੀ ਦੱਸੀ ਜਾਂਦੀ ਹੈ, ਜਿਹੜੀ ਮੋਟਾਪੇ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਸ਼ੂਗਰ ਨੂੰ ਵੀ ਕੰਟਰੋਲ ਕਰ ਰਹੀ ਹੈ। ਦੱਸਿਆ ਜਾਂਦਾ ਹੈ ਕਿ ਹਾਲੇ ਇਸ ਦਵਾਈ ਨੂੰ ਅਧਿਕਾਰਤ ਰੂਪ ’ਚ ਮਾਨਤਾ ਨਹੀਂ ਮਿਲੀ, ਜਦੋਂ ਅਪਰੂਵਲ ਮਿਲੇਗੀ ਫਿਰ ਹੀ ਇਹ ਦਵਾਈ ਹੋਰ ਮਰੀਜਾਂ ਨੂੰ ਦਿੱਤੀ ਜਾ ਸਕੇਗੀ ।ਇਕ ਰਿਪੋਰਟ ਮੁਤਾਬਕ ਵਰਤਮਾਨ ‘ਚ ਜਨਸੰਖਿਆ ਦੇ ਆਧਾਰ ‘ਤੇ ਚੰਡੀਗੜ੍ਹ ਦੇਸ਼ ਦੇ ਸਭ ਤੋਂ ਜ਼ਿਆਦਾ ਡਾਈਬਿਟੀਜ਼ ਦੇ ਮਰੀਜਾਂ ਵਾਲਾ ਸ਼ਹਿਰ ਬਣ ਗਿਆ ਹੈ।

ਭਾਰਤ ’ਚ ਕੁੱਲ ਮੌਤਾਂ ਦੇ 2 ਫ਼ੀਸਦੀ ਲਈ ਇਕੱਲੀ ਸ਼ੂਗਰ ਦੀ ਬੀਮਾਰੀ ਜਿੰਮੇਵਾਰ
ਦੇਸ਼ ਭਰ ’ਚ ਕਰੋੜਾਂ ਲੋਕ ਸ਼ੂਗਰ ਤੋਂ ਪੀੜਤ ਹਨ ਅਤੇ ਇਸ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਦੁਨੀਆ ਦੇ ਅੰਕੜਿਆਂ ਵੱਲ ਜੇਕਰ ਝਾਤੀ ਮਾਰੀਏ ਤਾਂ ਪਤਾ ਲੱਗਦਾ ਕਿ ਭਾਰਤ ’ਚ ਸ਼ੂਗਰ ਦੇ ਸਭ ਤੋਂ ਜਿਆਦਾ ਮਰੀਜ ਹਨ। ਪਿੰਡਾਂ ਦੇ ਮੁਕਾਬਲੇ ਸ਼ਹਿਰੀ ਖੇਤਰਾਂ ’ਚ ਇਹ ਬੀਮਾਰੀ ਵੱਧ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਭਾਰਤ ’ਚ ਕੁੱਲ ਮੌਤਾਂ ਦੇ 2 ਫ਼ੀਸਦੀ ਲਈ ਇਕੱਲੀ ਸ਼ੂਗਰ ਦੀ ਬੀਮਾਰੀ ਜਿਮੇਵਾਰ ਹੈ।ਡਾਇਬਿਟੀਜ ਇਕ ਕ੍ਰੋਨਿਕ ਕੰਡੀਸ਼ਨ ਹੈ, ਜਿਸ ਨਾਲ ਬਲੱਡ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ। ਦੂਜੇ ਪਾਸੇ ਕਿਤੇ ਨਾ ਕਿਤੇ ਵਿਗੜ ਰਿਹਾ ਲਾਈਫ ਸਟਾਈਲ ਵੀ ਇਸ ਬੀਮਾਰੀ ਨੂੰ ਵਧਾ ਰਿਹਾ ਹੈ। ਇਸ ਲਈ ਬੱਚੇ ਵੀ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ। ਇੰਟਰਨੈਸ਼ਨਲ ਸ਼ੂਗਰ ਫੈਡਰੇਸ਼ਨ ਦੀ ਇਕ ਰਿਪੋਰਟ ਮੁਤਾਬਕ ਇੰਸੂਲਿਨ ਦੀ ਘਾਟ ਤੇ ਚਰਬੀ, ਪ੍ਰੋਟੀਨ ਅਤੇ ਕਾਰਬੋਹਾਈਟਸ ਦੇ ਮੈਟਾਬੋਲਿਜਮ ‘ਚ ਅਸਮਾਨਤਾ ਹੋਣ ਨਾਲ ਜਦੋਂ ਖੂਨ ’ਚ ਸ਼ੱਕਰ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਵਿਅਕਤੀ ਸ਼ੂਗਰ ਦਾ ਮਰੀਜ ਬਣ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੋਵੇ, ਉਨ੍ਹਾਂ ਨੂੰ ਠੀਕ ਮਾਤਰਾ ’ਚ ਤਾਜੇ ਫਲ ਤੇ ਕੱਚੀਆਂ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਦਿਲ, ਅੱਖਾਂ ਤੇ ਗੁਰਦੇ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਬਲੱਡ ਸ਼ੂਗਰ ਨੂੰ ਸੰਤੁਲਿਤ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ-ਨਕੋਦਰ 'ਚ ਵੱਡੀ ਵਾਰਦਾਤ, ਝੋਨਾ ਲਾਉਣ ਦੀ ਤਿਆਰੀ ਕਰ ਰਹੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਸ਼ੂਗਰ ਕੰਟਰੋਲ ਦੇ ਦੇਸੀ ਨੁਸਖੇ
ਸਵੇਰੇ ਖਾਲੀ ਪੇਟ ਤੁਲਸੀ ਦੀਆਂ ਪੱਤੀਆਂ ਚਬਾਉਣ ਜਾਂ ਤੁਲਸੀ ਦਾ ਰਸ ਪੀਣ ਤੋਂ ਇਲਾਵਾ ਜਾਮਨ ਦੀ ਗੁਠਲੀ ਦਾ ਚੂਰਨ ਬਣਾ ਕੇ ਖਾਲੀ ਪੇਟ ਕੋਸੇ ਪਾਣੀ ਨਾਲ ਵਰਤੋਂ ਕਰਨ ’ਤੇ ਸ਼ੂਗਰ ਨੂੰ ਕੰਟਰੋਲ ਕਰਨ ’ਚ ਮਦਦ ਮਿਲੇਗੀ । ਸਿਹਤ ਮਾਹਿਰਾਂ ਮੁਤਾਬਕ ਸ਼ੂਗਰ ਦੇ ਮਰੀਜਾਂ ਨੂੰ ਸਵੇਰੇ ਖਾਲੀ ਪੇਟ ਮਿੱਠਾ ਖਾਣ ਤੋਂ ਪਰਹੇਜ ਕਰਦੇ ਹੋਏ ਕੋਈ ਵੀ ਕੌੜੀ ਚੀਜ ਖਾਣੀ-ਪੀਣੀ ਚਾਹੀਦੀ, ਕਿਉਂਕਿ ਸਵੇਰ ਖਾਲੀ ਪੇਟ ਸ਼ੂਗਰ ਦੇ ਜੀਵ ਆਪਣੀ ਮਿੱਠੇ ਦੀ ਖੁਰਾਕ ਲਈ ਉੱਪਰ ਉੱਠੇ ਹੁੰਦੇ ਹਨ, ਇਸੇ ਲਈ ਖਾਲੀ ਪੇਟ ਸ਼ੂਗਰ ਟੈਸਟ ਕੀਤੀ ਜਾਂਦੀ ਹੈ। ਜੇਕਰ ਖਾਲੀ ਪੇਟ ਮਿੱਠਾ ਮਿਲ ਗਿਆ ਤਾਂ ਸ਼ੂਗਰ ਵੱਧ ਜਾਂਦੀ ਹੈ ਤੇ ਜੇ ਕੋਈ ਕੌਡ਼ਾ ਖਾਦ ਪਦਾਰਥ ਖਾਂਦੇ ਹਾਂ ਤਾਂ ਸ਼ੂਗਰ ਦੇ ਜੀਵ ਮਰ ਜਾਂਦੇ ਹਨ ਜਿਸ ਨਾਲ ਸ਼ੂਗਰ ਕੰਟਰੋਲ ਰਹਿੰਦੀ ਹੈ। ਕਰੇਲੇ ਦਾ ਜੂਸ ਅਤੇ ਨਿੰਮ ਦਾ ਪਾਣੀ ਵੀ ਸ਼ੂਗਰ ਨੂੰ ਖ਼ਤਮ ਕਰਨ ’ਚ ਸਹਾਈ ਹੁੰਦਾ ਹੈ।

ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਖਿਆਲ
ਹਰੇਕ ਸ਼ੂਗਰ ਦੇ ਮਰੀਜ਼ ਨੂੰ ਸਾਲ ‘ਚ ਇਕ ਵਾਰ ਆਪਣੀਆਂ ਅੱਖਾਂ ਦੇ ਪਰਦੇ ਦੀ ਚੰਗੀ ਤਰਾਂ ਜਾਂਚ ਅੱਖਾਂ ਦੇ ਕਿਸੇ ਮਾਹਿਰ ਡਾਕਟਰ ਕੋਲੋਂ ਕਰਵਾਉਣੀ ਚਾਹੀਦੀ ਹੈ। ਡਾਕਟਰ ਦੀ ਸਲਾਹ ਅਨੁਸਾਰ ਸ਼ੂਗਰ, ਚਰਬੀ ਤੇ ਬਲੱਡ ਪ੍ਰੈਸ਼ਰ ਨੂੰ ਸਮੇਂ-ਸਮੇਂ ਤੇ ਚੈੱਕ ਕਰਵਾਉਣਾ ਚਾਹੀਦਾ ਹੈ।ਤਣਾਅ ਤੋਂ ਦੂਰ ਰਹੋ, ਫਿਜੀਕਲ ਐਕਟੀਵਿਟੀ ਜਰੂਰ ਕਰੋ, ਖਾਣ-ਪੀਣ ਤੇ ਸੈਰ ਨਾਲ ਆਪਣਾ ਵਜਨ ਕੰਟਰੋਲ ਕਰਨਾ ਚਾਹੀਦਾ ਹੈ। ਸ਼ਰਾਬ, ਸਿਗਰਟ ਤੇ ਬਾਹਰੀ ਦਵਾਈਆਂ ਦੇ ਸੇਵਨ ਤੋਂ ਪਰਹੇਜ ਕਰਨਾ ਚਾਹੀਦਾ ਹੈ। ਜਿੰਨਾ ਚਿੰਤਾ ਤੇ ਡਿਪ੍ਰੈਸ਼ਨ ਤੋਂ ਦੂਰ ਰਹੋਗੇ, ਉਨ੍ਹਾਂ ਹੀ ਸ਼ੂਗਰ ਦੀ ਬੀਮਾਰੀ ਤੋਂ ਬਚੇ ਰਹੋਗੇ। ਜੇਕਰ ਉਪਰੋਕਤ ਸਾਵਧਾਨੀਆਂ ਨੂੰ ਅਮਲ ’ਚ ਲਿਆਵਾਂਗੇ ਤਾਂ ਸ਼ੂਗਰ ਤੋਂ ਬਚਾਅ ਦੇ ਨਾਲ-ਨਾਲ ਕਾਫੀ ਹੱਦ ਤੱਕ ਸ਼ੂਗਰ ਕਾਰਨ ਅੱਖਾਂ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦੀ ਰੋਕਥਾਮ ਵੀ ਅਸਾਨੀ ਨਾਲ ਕਰ ਸਕਾਂਗੇ।

ਇਹ ਵੀ ਪੜ੍ਹੋ- ਬੰਗਾ ਵਿਖੇ ਤੇਜ਼ ਰਫ਼ਤਾਰ ਕਾਰ ਕਾਰਨ ਵਾਪਰਿਆ ਰੂਹ ਕੰਬਾਊ ਹਾਦਸਾ, ਔਰਤ ਸਣੇ 3 ਲੋਕਾਂ ਦੀ ਮੌਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News