ਨੌਜਵਾਨ ਦੀ ਮੌਤ ਦੇ ਮਾਮਲੇ ''ਚ ਪਤਨੀ ਸਣੇ 3 ''ਤੇ ਕੇਸ ਦਰਜ
Monday, Dec 04, 2017 - 01:33 AM (IST)
ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਬੀਤੇ ਦਿਨੀਂ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਪਿੰਡ ਪੱਖੋ ਕਲਾਂ ਦੇ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ 'ਚ ਇਕ ਔਰਤ ਸਣੇ 3 ਵਿਅਕਤੀਆਂ 'ਤੇ ਥਾਣਾ ਰੂੜੇਕੇ ਕਲਾਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਰੂੜੇਕੇ ਕਲਾਂ ਦੇ ਸਹਾਇਕ ਥਾਣੇਦਾਰ ਕੇਵਲ ਸਿੰਘ ਅਤੇ ਕਾਂਸਟੇਬਲ ਲਾਭ ਸਿੰਘ ਨੇ ਦੱਸਿਆ ਕਿ ਕ੍ਰਿਸ਼ਨ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਪੱਖੋ ਕਲਾਂ ਆਪਣੀ ਪਤਨੀ ਦੇ ਜੀਜੇ ਨਾਲ ਭੱਜ ਜਾਣ ਕਾਰਨ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ 1 ਦਸੰਬਰ ਨੂੰ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਅਤੇ ਇਲਾਜ ਦੌਰਾਨ 2 ਦਸੰਬਰ ਨੂੰ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਪਿਤਾ ਚਮਕੌਰ ਸਿੰਘ ਪੁੱਤਰ ਸਾਧੂ ਸਿੰਘ ਉਰਫ ਭੋਲਾ ਵਾਸੀ ਪੱਖੋ ਕਲਾਂ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕ ਦੀ ਪਤਨੀ ਸਰਬਜੀਤ ਕੌਰ, ਮ੍ਰਿਤਕ ਦੇ ਸਾਲੇ ਗੁਰਤੇਜ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸਹਿਜੜਾ ਅਤੇ ਸਾਢੂ ਰਾਜੂ ਸਿੰਘ ਵਾਸੀ ਸ਼ੇਰਪੁਰ ਵਿਰੁੱਧ ਕਈ ਧਾਰਾਵਾਂ ਹੇਠ ਪਰਚਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦਾ ਵਿਆਹ 6-7 ਮਹੀਨੇ ਪਹਿਲਾਂ ਹੀ ਹੋਇਆ ਸੀ।
