ਚਾਰ ਮਹੀਨਿਆਂ ''ਚ 12ਵੇਂ ਕਿਸਾਨ ਨੇ ਲਗਾਇਆ ਮੌਤ ਨੂੰ ਗਲੇ, ਪੱਖੇ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ

07/27/2017 4:45:02 PM

ਬਰਨਾਲਾ – ਜ਼ਿਲਾ ਬਰਨਾਲਾ ਦੇ ਕਿਸਾਨਾਂ ਨੂੰ ਖੁਸ਼ਹਾਲੀ ਦਾ ਪ੍ਰਤੀਕ ਕਿਹਾ ਜਾਂਦਾ ਸੀ। ਪਰ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਤਾਂ ਜ਼ਿਲੇ ਦੇ ਕਿਸਾਨਾਂ ਨੂੰ ਨਜ਼ਰ ਹੀ ਲੱਗ ਗਈ ਹੈ। ਬੁੱਧਵਾਰ ਫਿਰ ਤੋਂ ਇਕ ਕਿਸਾਨ ਨੇ ਕਰਜ਼ੇ ਦੇ ਬੋਝ ਤੋਂ ਤੰਗ ਆ ਕੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਚਾਰ ਮਹੀਨਿਆਂ 'ਚ ਇਹ 12ਵੇਂ ਕਿਸਾਨ ਵਲੋਂ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਬਰਨਾਲਾ ਬਹੁਤ ਹੀ ਛੋਟਾ ਜ਼ਿਲਾ ਹੈ। ਜਿਸ ਦੀ ਕੁੱਲ ਜਨ ਸੰਖਿਆ 6 ਲੱਖ 32 ਹਜ਼ਾਰ ਦੇ ਕਰੀਬ ਹੈ। ਲਗਭਗ 35 ਪ੍ਰਤੀਸ਼ਤ ਲੋਕ ਹੀ ਕਿਸਾਨੀ ਦੇ ਧੰਦੇ ਨਾਲ ਜੁੜੇ ਹੋਏ ਹਨ। ਪਰ ਫਿਰ ਵੀ 12ਵੇਂ ਕਿਸਾਨ ਵਲੋਂ ਖੁਦਕੁਸ਼ੀ ਕਰਨਾ ਚਿੰਤਾ ਦਾ ਵਿਸ਼ਾ ਹੈ। 
ਸਾਢੇ ਚਾਰ ਲੱਖ ਦਾ ਕਰਜ਼ਾ ਸੀ ਮ੍ਰਿਤਕ ਕਿਸਾਨ ਦੇ ਸਿਰ ਤੇ ਜ਼ਮੀਨ ਸਾਰੀ 7 ਕਨਾਲ
ਮ੍ਰਿਤਕ ਕਿਸਾਨ ਅਜੈਬ ਸਿੰਘ ਉਰਫ ਮੱਖਣ ਪੁੱਤਰ ਬਾਬੂ ਸਿੰਘ ਵਾਸੀ ਧੌਲਾ ਕੋਲ ਸਿਰਫ 7 ਕਨਾਲ ਜ਼ਮੀਨ ਸੀ ਅਤੇ ਉਸ ਦੇ ਸਿਰ ਆੜਤੀਆਂ ਅਤੇ ਬੈਂਕ ਦਾ ਸਾਢੇ ਚਾਰ ਲੱਖ ਦੇ ਕਰੀਬ ਕਰਜ਼ਾ ਸੀ। ਉਸ ਦੇ ਦੋ ਬੱਚੇ ਹਨ। ਕਰਜ਼ੇ ਕਾਰਨ ਮ੍ਰਿਤਕ ਕਿਸਾਨ ਪ੍ਰੇਸ਼ਾਨ ਰਹਿੰਦਾ ਸੀ। ਕਮਾਈ ਦਾ ਕੋਈ ਸਾਧਨ ਨਾ ਹੋਣ ਕਾਰਨ ਅਤੇ ਕਰਜ਼ਾ ਨਾ ਉਤਰਨ ਦੀ ਸੂਰਤ 'ਚ ਪਿਛਲੇ ਤਿੰਨ ਚਾਰ ਸਾਲਾਂ ਤੋਂ ਪ੍ਰੇਸ਼ਾਨ ਰਹਿੰਦਾ ਸੀ। ਪ੍ਰੇਸ਼ਾਨੀ ਦੀ ਹਾਲਤ 'ਚ ਬੁੱਧਵਾਰ ਦੁਪਹਿਰ ਕਰੀਬ 3 ਵਜੇ ਉਸ ਨੇ ਆਪਣੇ ਘਰ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਦੀ ਪਤਨੀ ਜਸਵੀਰ ਕੌਰ ਦੇ ਬਿਆਨ ਦੇ ਆਧਾਰ 'ਤੇ 174 ਸੀ. ਆਰ. ਪੀ. ਸੀ. ਅਧੀਨ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤਾ ਹੈ।
ਬੀ. ਕੇ. ਯੂ. ਉਗਰਾਹਾਂ ਅਤੇ ਸਰਪੰਚ ਨੇ ਕਿਸਾਨ ਦੇ ਪਰਿਵਾਰ ਨੂੰ ਫੌਰੀ ਤੌਰ 'ਤੇ ਮੁਆਵਜ਼ਾ ਦੇਣ ਦੀ ਕੀਤੀ ਮੰਗ
ਗੱਲਬਾਤ ਕਰਦਿਆਂ ਬੀ. ਕੇ. ਯੂ. ਉਗਰਾਹਾਂ ਦੇ ਬਲਾਕ ਮੀਤ ਪ੍ਰਧਾਨ ਰੂਪ ਸਿੰਘ ਅਤੇ ਇਕਾਈ ਪ੍ਰਧਾਨ ਗੁਰਮੇਲ ਸਿੰਘ, ਮੌਜੂਦਾ ਸਰਪੰਚ ਰਾਮ ਸਿੰਘ ਧੌਲਾ, ਮੇਜਰ ਸਿੰਘ ਅਤੇ ਨਛੱਤਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਅਜੈਬ ਸਿੰਘ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ। ਮ੍ਰਿਤਕ ਕਿਸਾਨ ਦੇ ਬੱਚਿਆਂ ਨੂੰ ਨੌਕਰੀ ਯੋਗ ਹੋਣ 'ਤੇ ਨੌਕਰੀ ਦਿੱਤੀ ਜਾਵੇ। ਪਰਿਵਾਰ ਨੂੰ ਆਪਣਾ ਗੁਜ਼ਾਰਾ ਕਰਨ ਲਈ ਫੌਰੀ ਤੌਰ 'ਤੇ ਕੋਈ ਆਰਥਿਕ ਸਹਾਇਤਾ ਦਿੱਤੀ ਜਾਵੇ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜ਼ਮੀਨ ਦੀ ਕਾਣੀਵੰਡ ਖਤਮ ਕਰ ਦੇਣੀ ਚਾਹੀਦੀ ਹੈ ਤਾਂ ਜੋ ਦੇਸ਼ ਦਾ ਅੰਨਦਾਤਾ ਖੁਦਕੁਸ਼ੀਆਂ ਕਰਨ ਵੱਲ ਕਦਮ ਨਾ ਚੁੱਕੇ।


Related News